ਬੱਚਿਆਂ ਦੇ ਪੇਟ ਦੇ ਕੀੜੇ ਖ਼ਤਮ ਕਰਨ ਲਈ ਸੋਮਵਾਰ ਤੋਂ ਜ਼ਿਲ੍ਹਾ ਪੱਧਰੀ ਮੁਹਿੰਮ ਦੀ ਸ਼ੁਰੂਆਤ 

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 4 ਫ਼ਰਵਰੀ, 2024:

ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਾਉਣ ਲਈ ‘ਕੌਮੀ ਡੀਵਾਰਮਿੰਗ ਦਿਵਸ’ ਮੌਕੇ 5 ਫ਼ਰਵਰੀ ਨੂੰ ਜ਼ਿਲ੍ਹਾ ਪੱਧਰੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਗਿਰੀਸ਼ ਡੋਗਰਾ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ 1 ਤੋਂ 19 ਸਾਲ ਤਕ ਦੀ ਉਮਰ ਦੇ ਬੱਚਿਆਂ/ਕਿਸ਼ੋਰਾਂ ਨੂੰ ਅਲਬੈਂਡਾਜ਼ੋਲ ਦੀਆਂ ਗੋਲੀਆਂ ਖੁਆਈਆਂ ਜਾਣਗੀਆਂ ਤਾਂ ਜੋ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਨਿਜਾਤ ਮਿਲ ਸਕੇ। ਉਨ੍ਹਾਂ ਦੱਸਿਆ ਕਿ ਸਿਹਤ ਕਾਮੇ 5 ਫ਼ਰਵਰੀ ਨੂੰ ਵੱਖ-ਵੱਖ ਸਕੂਲਾਂ ਵਿਚ ਜਾਣਗੇ ਅਤੇ 1 ਤੋਂ 2 ਸਾਲ ਤਕ ਦੇ ਬੱਚਿਆਂ ਨੂੰ 200 ਐਮ.ਜੀ. ਦੀ ਅੱਧੀ ਗੋਲੀ ਅਤੇ 2 ਤੋਂ 19 ਸਾਲ ਤਕ ਦੇ ਬੱਚਿਆਂ/ਕਿਸ਼ੋਰਾਂ ਨੂੰ 400 ਐਮ.ਜੀ. ਦੀ ਪੂਰੀ ਗੋਲੀ ਖੁਆਈ ਜਾਵੇਗੀ। ਛੋਟੇ ਬੱਚਿਆਂ ਨੂੰ ਸਿਰਪ ਦਿਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਸਿਹਤ ਕਾਮਿਆਂ ਸਮੇਤ ਅਧਿਆਪਕਾਂ ਅਤੇ ਆਂਗਨਵਾੜੀ ਵਰਕਰਾਂ ਨੂੰ ਸਿਖਲਾਈ ਦਿਤੀ ਜਾ ਚੁੱਕੀ ਹੈ। ਜਿਹੜੇ ਬੱਚੇ 5 ਫ਼ਰਵਰੀ ਨੂੰ ਗੋਲੀ ਖਾਣ ਤੋਂ ਰਹਿ ਜਾਣਗੇ, ਉਨ੍ਹਾਂ ਲਈ 12 ਫ਼ਰਵਰੀ ਨੂੰ ਵੀ ਮੁਹਿੰਮ ਚਲਾ ਕੇ ਗੋਲੀ ਖਵਾਈ ਜਾਵੇਗੀ। ਉਨ੍ਹਾਂ ਦਸਿਆ ਕਿ ਆਮ ਤੌਰ ’ਤੇ ਬੱਚਿਆਂ ਦੇ ਪੇਟ ਅੰਦਰ ਕੀੜੇ ਪੈਦਾ ਹੋ ਜਾਂਦੇ ਹਨ, ਜਿਨ੍ਹਾਂ ਨੂੰ ਖ਼ਤਮ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇਸੇ ਲਈ ਬਾਕਾਇਦਾ ਮੁਹਿੰਮ ਚਲਾ ਕੇ ਬੱਚਿਆਂ ਨੂੰ ਇਸ ਬੀਮਾਰੀ ਤੋਂ ਮੁਕਤੀ ਦਿਵਾਉਣ ਦਾ ਯਤਨ ਕੀਤਾ ਜਾਂਦਾ ਹੈ। ਹਰ ਬੱਚੇ ਲਈ ਗੋਲੀ ਚਬਾ ਕੇ ਖਾਣਾ ਜ਼ਰੂਰੀ ਹੈ, ਚਾਹੇ ਬੱਚੇ ਅੰਦਰ ਪੇਟ ਦੇ ਕੀੜੇ ਹਨ ਜਾਂ ਨਹੀਂ। ਡਾ. ਡੋਗਰਾ ਨੇ ਅੱਗੇ ਕਿਹਾ ਕਿ ਪੇਟ ਦੇ ਕੀੜੇ ਬੱਚੇ ਦੀ ਸਿਹਤ ਲਈ ਬੇਹੱਦ ਨੁਕਸਾਨਦੇਹ ਹੁੰਦੇ ਹਨ ਤੇ ਗੋਲੀ ਖਾਣ ਨਾਲ ਕੋਈ ਮਾੜਾ ਅਸਰ ਨਹੀਂ ਪੈਂਦਾ। ਪੇਟ ਦੇ ਕੀੜੇ ਪੈਦਾ ਹੋਣ ਨਾਲ ਬੱਚਿਆਂ ਅੰਦਰ ਖ਼ੂਨ ਦੀ ਕਮੀ ਹੋ ਜਾਂਦੀ ਹੈ, ਬੱਚੇ ਨੂੰ ਥਕਾਵਟ ਮਹਿਸੂਸ ਹੁੰਦੀ ਹੈ, ਕੁਪੋਸ਼ਣ ਹੋ ਜਾਂਦਾ ਹੈ ਜਿਸ ਕਾਰਨ ਬੱਚੇ ਦਾ ਸੰਪੂਰਨ ਸਰੀਰਕ ਅਤੇ ਮਾਨਸਿਕ ਵਿਕਾਸ ਨਹੀਂ ਹੁੰਦਾ। ਇਹ ਗੋਲੀ ਖ਼ਾਲੀ ਪੇਟ ਨਾ ਦਿਤੀ ਜਾਵੇ। ਪੇਟ ਦੇ ਕੀੜੇ ਮਾਰਨ ਦੇ ਨਾਲ-ਨਾਲ ਇਨ੍ਹਾਂ ਕੀੜਿਆਂ ਦੀ ਅਗਾਊਂ ਰੋਕਥਾਮ ਲਈ ਵੀ ਸਾਨੂੰ ਚੌਕਸ ਰਹਿਣ ਦੀ ਲੋੜ ਹੈ। ਉਨ੍ਹਾਂ ਪੇਟ ਦੇ ਕੀੜਿਆਂ ਦੀ ਰੋਕਥਾਮ ਲਈ ਬੱਚਿਆਂ ਨੂੰ ਨਹੁੰ ਸਾਫ਼Êਅਤੇ ਛੋਟੇ ਰੱਖਣ, ਹਮੇਸ਼ਾ ਸਾਫ਼Êਪਾਣੀ ਪੀਣ, ਜੁੱਤੀਆਂ ਜਾਂ ਚੱਪਲਾਂ ਪਾ ਕੇ ਰੱਖਣ, ਅਪਣੇ ਹੱਥ ਸਾਬਣ ਨਾਲ ਧੋਣ ਲਈ ਪ੍ਰੇਰਿਆ। ਉਨ੍ਹਾਂ ਬੱਚਿਆਂ ਨੂੰ ਬਾਹਰਲੀਆਂ ਚੀਜ਼ਾਂ ਖਾਣ ਤੋਂ ਪ੍ਰਹੇਜ਼ ਕਰਨ ਅਤੇ ਘਰ ਦੀਆਂ ਚੀਜ਼ਾਂ ਖਾਣ ਨੂੰ ਹੀ ਤਰਜੀਹ ਦੇਣ ਲਈ ਆਖਿਆ।

[wpadcenter_ad id='4448' align='none']