Punjab Budget Session
ਦੋ ਸਾਲ ਪਹਿਲਾਂ ਚੁਣੀ ਗਈ ਪੰਜਾਬ ਦੀ 16ਵੀਂ ਵਿਧਾਨ ਸਭਾ ਦਾ 6ਵਾਂ ਇਜਲਾਸ ਇਸ ਮਹੀਨੇ ਦੇ ਆਖ਼ਰੀ ਹਫ਼ਤੇ ਯਾਨੀ 26 ਜਾਂ 27 ਫ਼ਰਵਰੀ ਤੋਂ ਸ਼ੁਰੂ ਹੋਣ ਦੀ ਪੱਕੀ ਸੰਭਾਵਨਾ ਹੈ। ਪੰਜਾਬ ਸਕੱਤਰੇਤ ਦੇ ਸੱਤਾ ਗਲਿਆਰਿਆਂ ਅਤੇ ਵਿਧਾਨ ਸਭਾ ਸਕੱਤਰੇਤ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਲਗਭਗ 8 ਬੈਠਕਾਂ ਵਾਲੇ ਇਸ ਬਜਟ ਸੈਸ਼ਨ ਦੇ ਪਹਿਲੇ ਦਿਨ ਰਾਜਪਾਲ ਦਾ ਭਾਸ਼ਣ ਹੋਵੇਗਾ ਜਿਸ ਰਾਹੀਂ ‘ਆਪ’ ਸਰਕਾਰ ਅਪ੍ਰੈਲ 2023 ਤੋਂ ਫ਼ਰਵਰੀ-ਮਾਰਚ 2024 ਤਕ ਇਕ ਸਾਲ ਦੀਆਂ ਅਪਣੀਆਂ ਪ੍ਰਾਪਤੀਆਂ ਦਾ ਗੁਣਗਾਣ ਕਰੇਗੀ।
ਇਸ ਭਾਸ਼ਣ ਨੂੰ ਤਿਆਰ ਕਰਵਾਉਣ ਲਈ ਸਰਕਾਰੀ ਮਹਿਕਮਿਆਂ ਤੋਂ ਅਫ਼ਸਰਸ਼ਾਹੀ ਨੇ ਸੰਖੇਪ ਵਿਚ ਵੇਰਵੇ ਮੰਗ ਲਏ ਹਨ ਜਿਨ੍ਹਾਂ ਦੇ ਆਧਾਰ ’ਤੇ ਸੀਨੀਅਰ ਅਧਿਕਾਰੀ, ਅੰਗਰੇਜ਼ੀ ਵਿਚ ਇਹ ਭਾਸ਼ਣ ਦੀ ਲਿਖਤ ਵਿਚ ਜੁਟ ਗਏ ਹਨ। ਇਹ ਮਹੱਤਵਪੂਰਨ ਬਜਟ ਇਜਲਾਸ ਅਤੇ ਰਾਜਪਾਲ ਰਾਹੀਂ ਦਿਤਾ ਜਾਣ ਵਾਲਾ ਭਾਸ਼ਣ ਹਰ ਮਹਿਕਮੇ ਦੀਆਂ ਪ੍ਰਾਪਤੀਆਂ ਨੂੰ ਇਸ ਤਰ੍ਹਾਂ ਲੋਕਾਂ ਵਿਚ ਪਹੁੰਚਾਏਗਾ ਤਾਕਿ ਫ਼ਾਇਦਾ ‘ਆਪ’ ਪਾਰਟੀ ਨੂੰ ਲੋਕ ਸਭਾ ਚੋਣਾਂ ਵਿਚ ਵੱਧ ਤੋਂ ਵੱਧ ਮਿਲ ਸਕੇ।
ਪਹਿਲੇ ਦਿਨ ਭਾਸ਼ਣ ਤੋਂ ਬਾਅਦ ਰਾਜਪਾਲ ਦੇ ਧਨਵਾਦ ਕਰਨ ਦੀ ਬਹਿਸ 2 ਬੈਝਕਾਂ ਵਿਚ ਖ਼ਤਮ ਹੋ ਜਾਵੇਗੀ। ਅਗਲੇ ਦਿਨ ਸ਼ਾਮ 2024-25 ਦਾ ਪੂਰਾ ਬਜਟ ਪੇਸ਼ ਹੋਵੇਗਾ ਜਿਸ ਦੀ ਤਿਆਰੀ ਵਿਚ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਮਹਿਕਮੇ ਦੇ ਸੀਨੀਅਰ ਅਧਿਕਾਰੀ ਦਿਨ ਰਾਤ ਲੱਗੇ ਹੋਏ ਹਨ। ਸੂਤਰਾਂ ਨੇ ਦਸਿਆ ਕਿ ਇਸ ਵਿੱਤੀ ਸਾਲ ਵਿਚ ਜੀ.ਐਸ.ਟੀ. ਤੋਂ ਆਈ 15-20 ਫ਼ੀ ਸਦੀ ਵਾਧੂ ਆਮਦਨੀ ਕਰ ਕੇ ਸਾਲ 2024-25 ਦਾ ਬਜਟ ਅਨੁਮਾਨ ਘੱਟੋ ਘੱਟ 20-22 ਫ਼ੀ ਸਦੀ ਮੌਜੂਦਾ ਵਿੱਤੀ ਸਾਲ ਨਾਲੋਂ ਵੱਧ ਹੋਵੇਗਾ। ਬਜਟ ਅਨੁਮਾਨਾਂ ਤੇ ਸਰਕਾਰੀ ਸਕੀਮਾਂ ’ਤੇ ਵਿਧਾਨ ਸਭਾ ਵਿਚ ਚਰਚਾ ਲਈ ਵੀ 2 ਬੈਠਕਾਂ ਰੱਖੇ ਜਾਣ ਦੀ ਸੰਭਾਵਨਾ ਹੈ। ਇਕ ਬੈਠਕ ਅਨੁਪੂਰਕ ਮੰਗਾਂ ਅਤੇ ਕਈ ਬਿਲ ਪਾਸ ਕਰਨ ਲਈ ਅਤੇ ਇਕ ਬੈਠਕ ਗ਼ੈਰ ਸਰਕਾਰੀ ਮਤਿਆਂ ਤੇ ਹੋਰ ਫੁਟਕਲ ਕੰਮਾਂ ਲਈ ਵੀ ਹੋਵੇਗੀ।
READ ALSO: ਪੰਜਾਬ ਸਮੇਤ ਦੇਸ਼ ਦੇ ਕਈ ਇਲਾਕਿਆਂ ਵਿਚ ਇੰਟਰਨੈੱਟ ਸੇਵਾਵਾਂ ਬੰਦ
ਕੁਲ ਮਿਲਾਕੇ 8 ਜਾਂ 9 ਬੈਠਕਾਂ ਵਾਲਾ ਇਹ ਮਹੱਤਵਪੂਰਨ ਇਜਲਾਸ ਇਸ ਮਹੀਨੇ ਦੇ ਆਖ਼ਰੀ ਦਿਨਾਂ ਵਿਚ ਸ਼ੁਰੂ ਹੋ ਕੇ ਮਾਰਚ ਦੇ ਪਹਿਲੇ ਹਫ਼ਤੇ ਵਿਚ ਹੀ ਨਿਬੇੜ ਦਿਤਾ ਜਾਵੇਗਾ ਕਿਉਂਕਿ ਮਾਰਚ ਦੇ 9 ਜਾਂ 10 ਤਰੀਕ ਤੋਂ ਲੋਕ ਸਭਾ ਚੋਣਾਂ ਦੇ ਐਲਾਨ ਦੀ ਸੰਭਾਵਨਾ ਕਾਰਨ ਚੋਣ ਜ਼ਾਬਤਾ ਲੱਗ ਜਾਵੇਗਾ। ਇਸ ਬਜਟ ਸੈਸ਼ਨ ਬਾਰੇ ਪੱਕੀਆਂ ਤਰੀਕਾਂ ਦੇ ਐਲਾਨ ਸਬੰਧੀ ਮੰਤਰੀ ਮੰਡਲ ਦੀ ਅਗਲੇ ਹਫ਼ਤੇ ਹੋਣ ਵਾਲੀ ਬੈਠਕ ਵਿਚ ਫ਼ੈਸਲਾ ਹੋਵੇਗਾ।
Punjab Budget Session