ਫਾਜ਼ਿਲਕਾ, 22 ਫਰਵਰੀ
ਪਸ਼ੂ ਪਾਲਣ ਵਿਭਾਗ ਫਾਜਿਲਕਾ ਵਲੋਂ ਸਾਹੀਵਾਲ ਪੀ.ਟੀ. ਪ੍ਰੋਜੈਕਟ ਅਧੀਨ ਡਾ ਰਾਜੀਵ ਛਾਬੜਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਫਾਜਿਲਕਾ ਦੀ ਅਗਵਾਈ ਹੇਠ ਪਿੰਡ ਭਾਗੂ ਵਿਖੇ ਸਾਹੀਵਾਲ ਕਾਫ ਰੈਲੀ ਕੀਤੀ ਗਈ।
ਇਸ ਮੋਕੇ ਪਸ਼ੂ ਪਾਲਕਾਂ ਨੂੰ ਸੰਬੋਧਿਤ ਕਰਦੇ ਹੋਏ ਡਾ ਮਨਦੀਪ ਸਿੰਘ ਸੀਨੀਅਰ ਵੈਟਨਰੀ ਅਫਸਰ ਅਬੋਹਰ ਨੇ ਕੱਟੜੂਆਂ/ਵੱਛੜੂਆਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੰਦਿਆ ਬਾਉਲਾ ਦੁੱਧ ਪਿਆਉਣਾ ਦੀ ਮਹੱਤਤਾ ਦੱਸੀ। ਉਹਨਾਂ ਨੇ ਪਸ਼ੂ ਪਾਲਕਾਂ ਨੂੰ ਕਿਹਾ ਕਿ ਉਹ ਛੇ ਮਹੀਨੇ ਤੋਂ ਛੋਟੇ ਬੱਚਿਆਂ ਨੂੰ ਵੜੇਵੇ ਦੀ ਖੱਲ੍ਹ ਜਾਂ ਯੂਰੀਆ ਯੁਕਤ ਫੀਡ ਨਾ ਦੇਣ ।
ਡਾ ਅਮਿਤ ਨੈਨ ਪ੍ਰੋਜੈਕਟ ਕੋਆਰਡੀਨੇਟਰ ਸਾਹੀਵਾਲ ਪੀ.ਟੀ.ਪ੍ਰੋਜੈਕਟ ਨੇ ਕਿਹਾ ਕਿ ਇਸ ਪ੍ਰੋਜੈਕਟ ਅਧੀਨ ਸਾਹੀਵਾਲ ਗਾਵਾਂ ਦੇ ਨਸਲ ਸੁਧਾਰ ਅਤੇ ਦੁੱਧ ਉਤਪਾਦਨ ਵਧਾਉਣ ਲਈ ਬਹੁਤ ਹੀ ਵਧੀਆ ਨਸਲ ਦੇ ਸਾਹੀਵਾਲ ਸੀਮਨ ਨਾਲ ਮਸਨੂਈ ਗਰਭਦਾਨ ਕੀਤਾ ਜਾਂਦਾ ਹੈ। ਇਸ ਅਧੀਨ ਦੇਸੀ ਨਸਲ ਦੀਆਂ ਗਾਵਾਂ ਦੀ ਦੁੱਧ ਚੁਆਈ ਕਰਵਾਈ ਜਾਂਦੀ ਹੈ। ਅਜਿਹੇ ਪਸ਼ੂਆਂ ਦੇ ਮਾਲਕਾਂ ਨੂੰ ਮਾਨ ਭੱਤਾ ਵੀ ਦਿੱਤਾ ਜਾਂਦਾ ਹੈ।
ਉਹਨਾਂ ਨੇ ਕਿਹਾ ਕਿ ਵੱਧ ਦੁੱਧ ਦੇਣ ਵਾਲੀਆਂ ਵਧੀਆ ਨਸਲ ਦੀਆਂ ਸਾਹੀਵਾਲ ਗਾਵਾਂ ਦੇ ਵੱਛਿਆਂ ਨੂੰ ਬਹੁਤ ਵਧੀਆ ਕੀਮਤ ਤੇ ਖਰੀਦਿਆ ਜਾਂਦਾ ਹੈ। ਡਾ ਹਕੀਕਤ ਚੌਧਰੀ ਨੇ ਪਸ਼ੂਆਂ ਨੂੰ ਪਰਜੀਵੀ ਰਹਿਤ ਕਰਨ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਵਿਭਾਗ ਵਲੋਂ ਸਾਰੇ ਗੋਕੇ ਅਤੇ ਮਹਿਰੂਆਂ ਨੂੰ ਪੇਟ ਦੇ ਕੀੜਿਆਂ ਦੀ ਦਵਾਈ ਮੁਫਤ ਦਿੱਤੀ ਜਾ ਰਹੀ ਹੈ।
ਇਸ ਮੌਕੇ ਇਸ ਪ੍ਰੋਜੈਕਟ ਰਾਹੀ ਮਸਨੂਈ ਗਰਭਦਾਨ ਦੁਆਰਾ ਪੈਦਾ ਹੋਏ ਵੱਛੇ ਵੱਛੀਆਂ ਦੇ ਮਾਲਕਾਂ ਨੂੰ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਡਾ ਯੋਗੇਸ਼ ਨੇ ਬਾਖੂਬੀ ਕੀਤਾ। ਵੀਰ ਜਤਿੰਦਰ ਸਿੰਘ, ਬਲਦੇਵ ਕੁਮਾਰ, ਵਿਕਰਮ ਬਿਸ਼ਨੋਈ ਨੇ ਇਸ ਕੈਂਪ ਨੂੰ ਸਫਲ ਬਣਾਉਣ ਵਿਚ ਵਿਸ਼ੇਸ਼ ਯੋਗਦਾਨ ਪਾਇਆ।