ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਨੇ ਕੀਤਾ ਫਰੀਦਕੋਟ ਜੇਲ੍ਹ ਦਾ ਦੌਰਾ

ਫਰੀਦਕੋਟ 25 ਫਰਵਰੀ 2024

ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜਸਟਿਸ ਸੰਤ ਪ੍ਰਕਾਸ਼ ਨੇ ਸ਼ਨੀਵਾਰ ਬਾਅਦ ਦੁਪਹਿਰ ਫ਼ਰੀਦਕੋਟ ਮਾਡਰਨ ਜੇਲ੍ਹ ਦਾ ਦੌਰਾ ਕੀਤਾ ਜਿਸ ਦੌਰਾਨ ਉਨ੍ਹਾਂ ਜੇਲ੍ਹ ਵਿੱਚ ਬੰਦ ਕੈਦੀਆਂ ਨਾਲ ਗੱਲਬਾਤ ਕਰਨ ਤੋਂ ਇਲਾਵਾ ਜੇਲ ਰਿਕਾਰਡ ਦੀ ਜਾਂਚ ਵੀ ਕੀਤੀ ਅਤੇ ਸਾਰੀਆਂ ਬੈਰਕਾਂ ਦਾ ਨਿਰੀਖਨ ਕਰ ਉਨ੍ਹਾਂ ਦੇ ਰਹਿਣ-ਸਹਿਣ ਅਤੇ ਮਿਲ ਰਹੀ ਸਿਹਤ ਸੁਵਿਧਾਵਾਂ ਸਬੰਧੀ ਜਾਣਕਾਰੀ ਲਈ । 

ਜਸਟਿਸ ਸੰਤ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਦਾ ਦੌਰਾ ਇਹ ਦੇਖਣ ਲਈ ਹੈ ਕਿ ਜੇਲ ਵਿੱਚ ਕਾਨੂੰਨ ਦੁਆਰਾ ਨਿਰਧਾਰਿਤ ਮਾਪਦੰਡ ਜੇਲ ਵਿੱਚ ਸਹੀ ਤਰੀਕੇ ਨਾਲ ਲਾਗੂ ਕੀਤੇ ਜਾ ਰਹੇ ਹਨ ਜਾਂ ਨਹੀਂ । ਉਨ੍ਹਾਂ ਸਬ ਤੋਂ ਪਹਿਲਾਂ ਗਾਰਡ ਆੱਫ ਆਨਰ ਲੈ ਕੇ ਜੇਲ ਮੁਲਾਜ਼ਮਾਂ ਦੇ ਨਾਲ ਮੀਟਿੰਗ ਕੀਤੀ ਜਿਸ ਦੌਰਾਨ ਉਨ੍ਹਾਂ ਸਟਾਫ ਨੂੰ ਦਰਪੇਸ਼ ਆ ਰਹੀਆਂ ਦਿੱਕਤਾਂ ਸਬੰਧੀ ਵਿਚਾਰ-ਚਰਚਾ ਕੀਤੀ । 

ਇਸ ਦੌਰਾਨ ਉਨ੍ਹਾਂ ਜੇਲ ਦੀ ਆਰਥਿਕ ਹਾਲਤਾਂ ਦੇ ਸੁਧਾਰ ਵਿੱਚ ਸਹਾਈ ਸਿੱਧ ਹੋਣ ਵਾਲੇ ਕੰਮ ਜਿਵੇਂ ਕਿ ਪਟਰੋਲ-ਪੰਪ ਦੀ ਸਥਾਪਨਾ, ਸਟੀਲ ਫੈਕਟਰੀ ਦੀ ਉਸਾਰੀ ਅਤੇ ਕੈਦੀਆਂ ਵੱਲੋਂ ਟੈਂਟ ਬਨਾਉਣ ਦੇ ਕੰਮ ਦੀ ਸਮੀਖਿਆ ਕੀਤੀ । 

ਜੇਲ੍ਹ ਸੁਪਰਡੈਂਟ ਰਾਜੀਵ ਅਰੋੜਾ ਨੇ ਦੱਸਿਆ ਕਿ ਸੂਬੇ ਦੀਆਂ 12 ਜੇਲ੍ਹਾਂ ਵਿੱਚ ਪਟਰੋਲ-ਪੰਪ ਲਗਾਉਣ ਦੀ ਤਜਵੀਜ਼ ਹੈ ਜਿਸ ਵਿੱਚੋਂ ਕੁਝ ਜ਼ਿਲਿਆਂ ਵਿੱਚ ਪੰਪ ਲੱਗ ਚੁੱਕੇ ਹਨ ਅਤੇ ਫ਼ਰੀਦਕੋਟ ਵਿੱਚ ਇੱਕ ਐਨ ਓ ਸੀ ਰਹਿ ਗਈ ਹੈ ਜਿਸ ਦੇ ਮਿਲਣ ਉਪਰੰਤ ਕੰਮ ਜਲਦ ਹੀ ਸ਼ੁਰੂ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਸਟੀਲ ਫੈਕਟਰੀ ਦਾ ਕੰਮ ਵੀ ਜਲਦ ਸ਼ੁਰੂ ਕੀਤਾ ਜਾਵੇਗਾ ਜਦਕਿ 40,80  ਅਤੇ 360 ਪਾਉਂਡ ਵਾਲੇ ਟੈਂਟ ਬਣਾਉਣ ਦਾ ਕੰਮ ਕੈਦੀਆਂ ਵੱਲੋਂ ਕੀਤਾ ਜਾ ਰਿਹਾ ਹੈ ।

ਮੀਟਿੰਗ ਉਪਰੰਤ ਕਮਿਸ਼ਨ ਦੇ ਚੇਅਰਮੈਨ ਨੇ ਕੈਦੀਆਂ ਲਈ ਬਣਾਏ ਜਾਂਦੇ ਖਾਣੇ ਦਾ ਜਾਇਜ਼ਾ ਲਿਆ ਤੇ ਰਸੋਈ ਘਰ ਅਤੇ ਡਿਸਪੈਂਸਰੀ ਦੀ ਜਾਂਚ ਕੀਤੀ । 72 ਏਕੜ ਵਿੱਚ ਫੈਲੀ 2338 ਕੈਦੀਆਂ ਵਾਲੀ ਇਸ ਜੇਲ੍ਹ ਵਿੱਚ ਜਸਟਿਸ ਸੰਤ ਪ੍ਰਕਾਸ਼ ਨੇ ਬੈਰਕਾਂ ਦੇ ਬਾਹਰ ਲਾਈਨਵਾਰ ਦਰਖਾਸਤਾਂ ਫੜੀ ਖੜੇ 450 ਕੈਦੀਆਂ, ਸਮੇਤ 120 ਮਹਿਲਾ ਕੈਦੀਆਂ, ਨਾਲ ਨਿੱਜੀ ਮੁਲਾਕਾਤਾਂ ਵੀ ਕੀਤੀਆਂ । ਇਨ੍ਹਾਂ ਵਿੱਚੋਂ ਦਰਜਨ ਦੇ ਕਰੀਬ ਕੈਦੀਆਂ ਦੀ ਬੇਲ, ਰਿਹਾਈ ਜਾਂ ਜੇਲ ਦੇ ਤਬਾਦਲੇ ਸਬੰਧੀ ਦਰਖਾਸਤਾਂ ਦੀ ਸੁਣਵਾਈ ਵਿੱਚ ਦੇਰੀ ਸਬੰਧੀ ਉਨ੍ਹਾਂ ਤੁਰੰਤ ਨਿਪਟਾਰੇ ਲਈ ਮੌਕੇ ਤੇ ਮੌਜੂਤ ਐਸ ਐਸ ਪੀ ਹਰਜੀਤ ਸਿੰਘ ਨੂੰ ਹਦਾਇਤ ਕੀਤੀ । ਜਸਟਿਸ ਸੰਤ ਪ੍ਰਕਾਸ਼ ਨਾਲ ਸੀ.ਜੇ. ਐਮ. ਸ.ਅਜੀਤ ਪਾਲ, ਡੀ.ਸੀ. ਸ੍ਰੀ ਵਿਨੀਤ ਕੁਮਾਰ, ਐਸ.ਪੀ ਸ.ਜਸਪ੍ਰੀਤ ਸਿੰਘ, ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀ ਨਵੀਨ ਗੜਵਾਲ, ਜਿਲ੍ਹਾ ਲੋਕ ਸੰਪਰਕ ਅਫਸਰ ਸ.ਗੁਰਦੀਪ ਸਿੰਘ ਮਾਨ ਅਤੇ ਸਰਕਾਰੀ ਤੇ ਪ੍ਰਈਵੇਟ ਵਕੀਲ ਵੀ ਹਾਜ਼ਰ ਸਨ । 

 ਕੈਦੀਆਂ ਦੀ ਮੁਲਾਕਾਤ ਦਾ ਕਮਰਾ ਦੇਖਦਿਆਂ ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਕੈਦੀਆਂ ਦੀ ਕਚਹਿਰੀਆਂ ਵਿੱਚ ਨਿੱਜੀ ਸੁਣਵਾਈ ਘੱਟ ਤੋਂ ਘੱਟ ਕੀਤੀ ਜਾਵੇ ਅਤੇ ਜੇਲ੍ਹ ਵਿੱਚ ਬਣੇ 6 ਵੀਡਿਓੁ ਕਾਨਫਰੰਸਿੰਗ ਕਮਰਿਆਂ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ ।

ਟੀ ਬੀ ਮਰੀਜਾਂ ਨਾਲ ਮੁਲਾਕਾਤ ਕਰਨ ਉਪਰੰਤ ਉਨ੍ਹਾਂ ਜੇਲ੍ਹ ਵਿੱਚ ਮਿਲ ਰਹੀਆਂ ਸਿਹਤ ਸੁਵਿਧਾਵਾਂ ਤੇ ਤਸੱਲੀ ਪ੍ਰਗਟਾਈ । ਕਿਤਾਬ-ਘਰ ਦੀ ਸਮੀਖਿਆ ਕਰਦਿਆਂ ਦਰਜਨ ਤੋਂ ਵੱਧ ਕੈਦੀਆਂ ਵੱਲੋਂ ਵੱਖ-ਵੱਖ ਕੋਰਸਾਂ ਦੀ ਪੜਾਈ ਕੀਤੇ ਜਾਣ ਤੇ ਖੁਸ਼ੀ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਪੜਾਈ ਮੁਕੰਮਲ ਕਰ ਕੇ ਜਾਣ ਵਾਲੇ ਕੈਦੀ ਸਹੀ ਮਾਇਨਿਆਂ ਵਿੱਚ ਸੁਧਾਰ ਘਰ ਦਾ ਮਕਸਦ ਪੂਰਨ ਕਰਨ ਵਿੱਚ ਸਹਾਈ ਸਿੱਧ ਹੋਣਗੇ । ਇਸ ਉਪਰੰਤ ਉਨ੍ਹਾਂ ਜੇਲ ਵਿੱਚ ਕਈ ਤਰਾਂ ਦੇ ਰੰਗ-ਬਿਰੰਗੇ ਖੂਬਸੂਰਤ ਫੁੱਲਾਂ, ਫਲਾਂ ਵਾਲੇ ਪੌਦਿਆਂ ਦੀ ਫੁੱਲਵਾੜੀ ਵਿਖੇ ਪੌਦਾ ਵੀ ਲਗਾਇਆ । 

ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਜੇਲ੍ਹ ਨੂੰ ਹਰਿਆ-ਭਰਿਆ ਬਣਾਉਣ ਲਈ  ਤਕਰੀਬਨ 4-5 ਕਨਾਲ ਥਾਂ ਵਿੱਚ ਬਣੀ ਇਸ ਫੁੱਲਵਾੜੀ ਨੂੰ ਕੁਝ ਕੈਦੀਆਂ ਵੱਲੋਂ ਤਹਿਦਿਲੋਂ ਸੰਭਾਲ ਕੀਤੀ ਜਾ ਰਹੀ ਹੈ ਅਤੇ ਇੱਥੇ ਹੁਣ ਤੱਕ ਲਗਾਇਆ ਇੱਕ ਵੀ ਪੌਦਾ ਮਰਿਆ ਨਹੀਂ ਹੈ । ਇਸ ਵਿੱਚ ਹਰ ਤਰ੍ਹਾਂ ਦੇ ਫੁੱਲ ਅਤੇ ਫਲਾਂ ਵਾਲੇ ਪੌਦੇ ਲਗਾਏ ਗਏ ਹਨ । 

 ਅੰਤ ਵਿੱਚ ਕੇਂਦਰੀ ਜੇਲ੍ਹ ਵਿਖੇ ਬੰਦੀਆਂ ਦੁਆਰਾ ਪੇਸ਼ ਕੀਤੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਪੇਸ਼ ਕੀਤੇ ਗਏ ਮਨ-ਭਾਉਂਦੇ ਗੀਤ ਅਤੇ ਸ਼ਬਦ ਕੀਰਤਨ ਸੁਨਣ ਉਪਰੰਤ ਜਸਟਿਸ ਸੰਤ ਪ੍ਰਕਾਸ਼ ਨੇ ਭਰਪੂਰ ਸ਼ਲਾਘਾ ਕੀਤੀ ।

[wpadcenter_ad id='4448' align='none']