ਕੌਮਾਂਤਰੀ ਮਹਿਲਾ ਦਿਵਸ ’ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਰਕਾਰੀ ਕਾਲਜ ਵਿਖੇ ਸਮਾਗਮ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਮਾਰਚ:

ਕੌਮਾਂਤਰੀ ਮਹਿਲਾ ਦਿਵਸ ਮੌਕੇ ਸਮਾਜ ਅਤੇ ਵਿਸ਼ਵ ਨੂੰ ਮਹਿਲਾਵਾਂ ਦੀ ਦੇੇਣ ਨੂੰ ਯਾਦ ਕਰਦਿਆਂ ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ, ਫ਼ੇਜ਼-6, ਮੋਹਾਲੀ ਵਿਖੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਮਾਗਮ ਕੀਤਾ ਗਿਆ।

ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਵੱਲੋਂ ਇਸ ਮੌਕੇ ਮਹਿਲਾ ਸਸ਼ਕਤੀਕਰਣ, ਭਰੂਣ ਹੱਤਿਆ ਅਤੇ ਮਹਿਲਾਵਾਂ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ’ਤੇ ਆਪਣੇ ਵਿਚਾਰ ਸਾਂਝੇ ਕਰਦਿਆਂ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਕਿਸ਼ੋਰ ਉਮਰ ਦੀਆਂ ਲੜਕੀਆਂ, ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਲਈ ਚਲਾਈਆਂ ਜਾਂਦੀਆਂ ਵੱਖ-ਵੱਖ ਯੋਜਨਾਵਾਂ ਦਾ ਵਰਨਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਹਿਲਾਵਾਂ ਅੱਜ ਅਬਲਾਵਾਂ ਨਹੀਂ ਸਗੋਂ ਸਮਾਜ ਅਤੇ ਵਿਸ਼ਵ ਦੇ ਹਰ ਖੇਤਰ ’ਚ ਮੋਹਰੀ ਰੋਲ ਨਿਭਾਅ ਰਹੀਆਂ ਹਨ। 

ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਨਟਾਲ ਨੇ ਇਸ ਮੌਕੇ ਆਖਿਆ ਕਿ ਮਹਿਲਾਵਾਂ ਦੇਸ਼ ਦੇ ਲੋਕਤੰਤਰੀ ਢਾਂਚੇ  ਦਾ ਅਹਿਮ ਅੰਗ ਹੋਣ ਦਾ ਆਪਣਾ ਰੋਲ ਅਗਲੇ ਦਿਨਾਂ ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ’ਚ ਬਹੁਤ ਹੀ ਸ਼ਕਤੀਸ਼ਾਲੀ ਢੰਗ ਨਾਲ ਨਿਭਾਅ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਮਹਿਲਾਵਾਂ ਚੋਣਾਂ ਦੌਰਾਨ ਆਪਣੇ ਮਨਪਸੰਦ ਉਮੀਦਵਾਰਾਂ ਨੂੰ ਮਤਦਾਨ ਕਰਕੇ ਦੇਸ਼ ’ਚ ਅਗਲੀ ਸਰਕਾਰ ਦੇ ਗਠਨ ਦਾ ਮਹਤੱਵਪੂਰਣ ਫ਼ੈਸਲਾ ਲੈਣ ਦੇ ਸਮਰੱਥ ਹਨ, ਇਸ ਲਈ ਉਨ੍ਹਾਂ ਨੂੰ ਆਪਣੇ ਹੋਰ ਕੰਮਾਂ ਅਤੇ ਜ਼ਿੰਮੇਂਵਾਰੀਆਂ ਦੇ ਨਾਲ ਦੇਸ਼ ਦੇ ਲੋਕਤੰਤਰ ਪ੍ਰਤੀ ਆਪਣੀ ਜ਼ਿੰਮੇਂਵਾਰੀ ਨੂੰ ਵੀ ਯਾਦ ਰੱਖਣਾ ਪਵੇਗਾ।

ਸਮਾਗਮ ਦੌਰਾਨ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਰਕਾਰੀ ਸਕੂਲਾਂ ’ਚ ਪੜ੍ਹਦੀਆਂ ਵਿਦਿਆਰਥਣਾਂ ਜਿਨ੍ਹਾਂ ਨੇ ਖੇਡਾਂ ਅਤੇ ਪੜ੍ਹਾਈ ਦੇ ਖੇਤਰ ’ਚ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ ਹਨ, ਉਨ੍ਹਾਂ ਨੂੰ ਟ੍ਰੈਕ ਸੂਟ ਅਤੇ ਸਕੂਲ ਬੈਗ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਸਮੂਹ ਬਾਲ ਵਿਕਾਸ ਪ੍ਰਾਜੈਕਟ ਅਫ਼ਸਰਾਂ (ਸੀ ਡੀ ਪੀ ਓਜ਼), ਆਂਗਨਵਾੜੀ ਸੁਪਰਵਾਈਜ਼ਰਾਂ ਅਤੇ ਵਰਕਰਾਂ ਵੱਲੋਂ ਸਮਾਗਮ ’ਚ ਸ਼ਾਮਿਲ ਸਕੂਲੀ ਬੱਚੀਆਂ ਨੂੰ ਨਾਲ ਲੈ ਕੇ ਜ਼ਿਲ੍ਹੇ ’ਚ ਲੋਕਤੰਤਰ ਪ੍ਰਤੀ ਔਰਤਾਂ ਦੀ ਸ਼ਮੂਲੀਅਤ ਨੂੰ ਵਧਾਉਣ ਦੇ ਲਈ ਜਾਗਰੂਕਤਾ ਰੈਲੀ ਵੀ ਕੀਤੀ ਗਈ।

[wpadcenter_ad id='4448' align='none']