ਚੰਡੀਗੜ੍ਹ, 8 ਮਾਰਚ : ਪੰਜਾਬ ਵਿਜੀਲੈਂਸ ਬਿਊਰੋ ਨੇ ਮੁਲਜ਼ਮ ਹਰਦੀਪ ਸਿੰਘ ਦੀ ਪਤਨੀ ਪੂਜਾ ਰਾਣੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਪੰਜ ਹੋਰ ਮੁਲਜ਼ਮਾਂ ਸਮੇਤ ਖੁਦ ਨੂੰ ਵਿਜੀਲੈਂਸ ਅਤੇ ਸੀ.ਬੀ.ਆਈ. ਅਧਿਕਾਰੀ ਦੱਸ ਕੇ ਵੱਖ-ਵੱਖ ਵਿਅਕਤੀਆਂ ਤੋਂ ਪੈਸੇ ਵਸੂਲਦੀ ਸੀ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਮੁਕੱਦਮੇ ਦੀ ਹੋਰ ਪੁੱਛਗਿੱਛ ਲਈ ਵਿਜੀਲੈਂਸ ਬਿਉਰੋ ਵੱਲੋਂ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪੂਜਾ ਰਾਣੀ ਦੇ ਚਾਰ ਸਾਥੀਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਿੰਨ੍ਹਾਂ ਨੇ ਖੁਦ ਨੂੰ ਚੰਡੀਗੜ੍ਹ ਦਫ਼ਤਰ ਦੇ ਵਿਜੀਲੈਂਸ ਅਧਿਕਾਰੀ ਦੱਸਕੇ ਇੱਕ ਕਿਸਾਨ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਉਸ ਕੋਲੋਂ 25 ਲੱਖ ਰੁਪਏ ਦੇ ਦੋ ਚੈੱਕ ਲਏ ਸਨ। ਇਸ ਕੇਸ ਵਿੱਚ ਮੁਲਜ਼ਮ ਮਨਜੀਤ ਸਿੰਘ ਤੇ ਪਰਮਜੀਤ ਸਿੰਘ ਵਾਸੀ ਪਿੰਡ ਮੇਹਲੋਂ, ਤਹਿਸੀਲ ਸਮਰਾਲਾ, ਪਰਮਿੰਦਰ ਸਿੰਘ ਵਾਸੀ ਅਕਾਸ਼ ਕਲੋਨੀ, ਹੁਸ਼ਿਆਰਪੁਰ ਅਤੇ ਪਿੰਦਰ ਸੋਢੀ ਵਾਸੀ ਚੱਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਨਿਆਂਇਕ ਹਿਰਾਸਤ ਵਿੱਚ ਹਨ ਅਤੇ ਇੱਕ ਹੋਰ ਦੋਸ਼ੀ ਹਰਦੀਪ ਸਿੰਘ ਵਾਸੀ ਪਿੰਡ ਖਮਾਣੋਂ , ਜ਼ਿਲ੍ਹਾ ਫਤਿਹਗੜ੍ਹ ਸਾਹਿਬ ਹਾਲੇ ਫ਼ਰਾਰ ਹੈ।ਉਨ੍ਹਾਂ ਅੱਗੇ ਦੱਸਿਆ ਕਿ ਇਹ ਮਾਮਲਾ ਸ਼ਿਕਾਇਤਕਰਤਾ ਪਲਵਿੰਦਰ ਸਿੰਘ ਵਾਸੀ ਪਿੰਡ ਭੈਣੀ ਸਾਲੂ, ਥਾਣਾ ਕੂੰਮ ਕਲਾਂ, ਜ਼ਿਲ੍ਹਾ ਲੁਧਿਆਣਾ ਵੱਲੋਂ ਦਰਜ ਕਰਵਾਇਆ ਗਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਆਪਣੀ ਜੱਦੀ ਜ਼ਮੀਨ ਵਿੱਚੋਂ 18 ਏਕੜ ਜ਼ਮੀਨ ਵੇਚ ਦਿੱਤੀ ਸੀ। ਇਸ ਤੋਂ ਬਾਅਦ ਉਸ ਨੂੰ ਪੰਚਾਇਤੀ ਜ਼ਮੀਨ ਦੀ ਵਿਕਰੀ ਸਬੰਧੀ ਨੋਟਿਸ ਮਿਲਿਆ, ਜਿਸ ਤੋਂ ਬਾਅਦ 12 ਅਗਸਤ 2023 ਨੂੰ ਤਿੰਨ ਅਣਪਛਾਤੇ ਵਿਅਕਤੀ ਉਸ ਦੇ ਘਰ ਆਏ ਅਤੇ ਆਪਣੇ ਆਪ ਨੂੰ ਸੈਕਟਰ-17 ਚੰਡੀਗੜ੍ਹ ਵਿਖੇ ਵਿਜੀਲੈਂਸ ਵਿਭਾਗ ਦਾ ਅਧਿਕਾਰੀ ਦੱਸਿਆ।ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਪੰਚਾਇਤੀ ਜ਼ਮੀਨ ਵੇਚਣ ਦੇ ਮਾਮਲਾ ਰਫ਼ਾ-ਦਫ਼ਾ ਕਰਨ ਲਈ, ਉਨ੍ਹਾਂ ਨੇ ਚੰਡੀਗੜ੍ਹ ਦਫ਼ਤਰ ਵਿਖੇ ਜਾਂਚ ਪੈਂਡਿੰਗ ਹੋਣ ਦਾ ਹਵਾਲਾ ਦਿੰਦਿਆਂ ਉਸ ਤੋਂ 50 ਲੱਖ ਰੁਪਏ ਦੀ ਮੰਗ ਕੀਤੀ ਅਤੇ ਧਮਕਾਇਆ ਕਿ ਪੈਸੇ ਨਾ ਦੇਣ ਦੀ ਸੂਰਤ ਵਿੱਚ ਸ਼ਿਕਾਇਤਕਰਤਾ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕੀਤਾ ਜਾਵੇਗਾ। ਕਾਨੂੰਨੀ ਖੱਜਲ-ਖੁਆਰੀ ਤੋਂ ਡਰਦਿਆਂ ਸ਼ਿਕਾਇਤਕਰਤਾ 25 ਲੱਖ ਰੁਪਏ ਦੇਣ ਲਈ ਰਾਜ਼ੀ ਹੋ ਗਿਆ ਅਤੇ ਮੁਲਜ਼ਮਾਂ ਨੇ ਉਸ ਤੋਂ 15 ਲੱਖ ਅਤੇ 10 ਲੱਖ ਰੁਪਏ ਦੇ ਦੋ ਚੈੱਕ ਇਹ ਕਹਿ ਕੇ ਲੈ ਲਏ ਕਿ ਜਦੋਂ 25 ਲੱਖ ਰੁਪਏ ਨਕਦ ਮਿਲਣ ਜਾਣਗੇ ਤਾਂ ਇਹ ਚੈੱਕ ਸ਼ਿਕਾਇਤਕਰਤਾ ਨੂੰ ਵਾਪਸ ਕਰ ਦਿੱਤੇ ਜਾਣਗੇ। ਉਸਨੇ ਅੱਗੇ ਦੱਸਿਆ ਕਿ ਉਸ ਮੌਕੇ ਇੱਕ ਮੁਲਜ਼ਮ ਉਸ ਕੋਲ਼ੋਂ 27,000 ਰੁਪਏ ਅਤੇ ਉਸਦਾ ਫੋਨ ਨੰਬਰ ਲੈ ਗਿਆ।ਬੁਲਾਰੇ ਨੇ ਦੱਸਿਆ ਕਿ ਇਸ ਤੋਂ ਬਾਅਦ ਸ਼ਿਕਾਇਤਕਰਤਾ ਨੂੰ ਉਸਦੇ ਵਟਸਐਪ ’ਤੇ ਧਮਕੀ ਭਰੀ ਕਾਲ ਆਈ ਸੀ ਕਿ ਜੇਕਰ ਉਹ ਕੀਤੇ ਵਾਅਦੇ ਮੁਤਾਬਕ 25 ਲੱਖ ਰੁਪਏ ਨਕਦ ਦੇਣ ਵਿੱਚ ਅਸਫਲ ਰਹਿੰਦਾ ਹੈ ਤਾਂ ਉਸਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇਗਾ। ਇਸ ਸਬੰਧੀ ਐਫਆਈਆਰ ਨੰਬਰ 20 ਮਿਤੀ 28.8.2023 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈਪੀਸੀ ਦੀ 384, 120-ਬੀ ਤਹਿਤ ਵਿਜੀਲੈਂਸ ਬਿਊਰੋ, ਲੁਧਿਆਣਾ ਰੇਂਜ ਵਿਖੇ ਦਰਜ ਕੀਤੀ ਗਈ ਸੀ।ਬੁਲਾਰੇ ਨੇ ਅੱਗੇ ਦੱਸਿਆ ਕਿ ਮੁੱਖ ਮੁਲਜ਼ਮ ਪਿੰਦਰ ਸੋਢੀ ਨੇ ਇਸ ਕੇਸ ਦੀ ਤਫਤੀਸ਼ ਦੌਰਾਨ ਸ਼ਿਕਾਇਤਕਰਤਾ ਸਮੇਤ ਹੋਰਨਾਂ ਵਿਅਕਤੀਆਂ ਨਾਲ ਵੀ ਧੋਖਾਧੜੀ ਕਰਨ ਲਈ ਅਪਣਾਈ ਗਏ ਢੰਗ-ਤਰੀਕਿਆਂ ਬਾਰੇ ਵੀ ਕਈ ਅਹਿਮ ਖੁਲਾਸੇ ਕੀਤੇ ਹਨ ਅਤੇ ਉਕਤ ਮੁਲਜ਼ਮ ਪੂਜਾ ਰਾਣੀ ਦੀ ਸ਼ਮੂਲੀਅਤ ਬਾਰੇ ਵੀ ਦੱਸਿਆ ਹੈ। ਉਪਰੰਤ ਉਸ ਨੂੰ ਵੀ ਇੱਕ ਮੁਲਜ਼ਮ ਦੇ ਰੂਪ ਵਿੱਚ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਸ ਕੇਸ ਦੇ ਸਬੰਧੀ ਪੂਜਾ ਰਾਣੀ ਆਪਣੇ ਪਤੀ ਹਰਦੀਪ ਸਿੰਘ ਨਾਲ ਨਾਲ ਦਿੱਲੀ ਰਹਿ ਰਹੀ ਸੀ ਜੋ ਕਿ ਇਸ ਵੇਲੇ ਫਰਾਰ ਹੈ। ਬੁਲਾਰੇ ਨੇ ਦੱਸਿਆ ਕਿ ਕਾਫ਼ੀ ਮੁਸ਼ੱਕਤ ਤੋਂ ਬਾਅਦ ਮੁਲਜ਼ਮ ਪੂਜਾ ਰਾਣੀ ਨੂੰ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਨੇੜੇ ਟੈਕਸੀ ਰਾਹੀਂ ਲੰਘਦਿਆਂ ਗ੍ਰਿਫਤਾਰ ਕੀਤਾ ਗਿਆ। ਵਿਜੀਲੈਂਸ ਬਿਊਰੋ ਦੀ ਟੀਮ ਨੇ ਉਸ ਦੇ ਕਬਜ਼ੇ ਵਿੱਚੋਂ ਦੋ ਮੋਬਾਈਲ ਫੋਨ ਅਤੇ ਕੇਸ ਨਾਲ ਸਬੰਧਤ ਕੁਝ ਜ਼ਰੂਰੀ ਦਸਤਾਵੇਜ਼ ਵੀ ਬਰਾਮਦ ਕੀਤੇ ਹਨ।ਜ਼ਿਕਰਯੋਗ ਹੈ ਕਿ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਮੁਲਜ਼ਮਾਂ ਨੇ ਜੂਨ 2023 ਵਿੱਚ ਹਰਿਆਣਾ ਰਾਜ ਦੇ ਪਿੰਡ ਪਿਹੋਵਾ ਦੇ ਇੱਕ ਪਰਿਵਾਰ ਦੇ ਘਰ ਆਪਣੇ ਆਪ ਨੂੰ ਸੀ.ਬੀ.ਆਈ. ਅਧਿਕਾਰੀ ਦੱਸ ਕੇ ਛਾਪੇਮਾਰੀ ਕੀਤੀ ਅਤੇ 52 ਲੱਖ ਰੁਪਏ ਦੀ ਰਕਮ ਹੜੱਪ ਲਈ ਸੀ।
[wpadcenter_ad id='4448' align='none']