ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਵਚਨਬੱਧ-ਵਿਧਾਇਕ ਬੁੱਧ ਰਾਮ

ਮੁੱਖ ਮੰਤਰੀ ਸ੍ਰ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁਲਿਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਵਿੱਚ ਪੂਰੀ ਦਿਲਚਸਪੀ ਨਾਲ ਕੰਮ ਕੀਤੇ ਜਾ ਰਹੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪ੍ਰਿੰਸੀਪਲ ਬੁੱਧ ਰਾਮ ਨੇ ਬੀਰੋਕੇ ਕਲਾਂ ਅਤੇ ਗੁਰਨੇ ਕਲਾਂ ਦੇ ਸਰਕਾਰੀ ਸਕੂਲਾਂ ਵਿਖੇ ਮੈਟਾਂ ਦੀ ਵੰਡ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਸਕੂਲਾਂ ਵਿੱਚ ਖੇਡਾਂ ਪ੍ਰਤੀ ਚੇਤਨਤਾ ਪੈਦਾ ਕਰਨ ਲਈ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ।
ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਵੀਂ ਖੇਡ ਨੀਤੀ ਤਹਿਤ ਉਲੰਪਿਕ ਖੇਡਾਂ ਵਿੱਚ ਭਾਗ ਲੈਣ ਵਾਲੇ 7 ਖਿਡਾਰੀਆਂ ਨੂੰ ਡੀ.ਐਸ.ਪੀ.ਅਤੇ 4 ਖਿਡਾਰੀਆਂ ਨੂੰ ਪੀ.ਸੀ.ਐਸ. ਨਿਯੁਕਤ ਕੀਤਾ ਗਿਆ ਹੈ, ਤਾਂ ਜੋ ਉਨਾਂ ਦਾ ਮਾਣ-ਸਨਮਾਨ ਬਣਿਆ ਰਹੇ। ਉਨ੍ਹਾਂ ਦੱਸਿਆ ਕਿ ਖੇਡਾਂ ਨੂੰ ਸਕੂਲ ਪੱਧਰ ’ਤੇ ਉਤਸ਼ਾਹਿਤ ਕਰ ਕੇ ਵਧੀਆ ਖਿਡਾਰੀ ਪੈਦਾ ਕਰਨ ਲਈ ਸਹੂਲਤਾਂ ਦੇਣ ਲਈ ਵੱਖ-ਵੱਖ ਸਕੂਲਾਂ ਦੇ ਮੁਖੀਆਂ ਨੂੰ ਗਰਾਂਟਾ ਜਾਰੀ ਕੀਤੀਆਂ ਗਈਆਂ ਹਨ ਅਤੇ ਖਿਡਾਰੀਆਂ ਨੂੰ ਅਭਿਆਸ ਕਰਨ ਲਈ ਦਿੱਤੇ ਜਾ ਰਹੇ ਇਨ੍ਹਾਂ ਮੈਟਾਂ ਲਈ ਚਾਰ-ਚਾਰ ਲੱਖ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਹੈ।
ਉਨ੍ਹਾਂ ਦੱਸਿਆ ਕਿ ਇਨਡੋਰ ਖੇਡਾਂ ਲਈ ਖਿਡਾਰੀਆਂ ਨੂੰ ਮੈਟਾਂ ਦੀ ਖਾਸ ਲੋੜ ਹੁੰਦੀ ਹੈ ਅਤੇ ਮੈਟਾਂ ਦੀ ਘਾਟ ਨੂੰ ਪੂਰਾ ਕਰਨ ਲਈ ਉਨਾਂ ਵੱਲੋਂ ਖੇਡ ਵਿਭਾਗ ਨਾਲ ਰਾਬਤਾ ਕੀਤਾ ਗਿਆ, ਜਿਸ ਸਦਕਾ ਇਹ ਵਿਸ਼ੇਸ਼ ਗਰਾਂਟ ਸਕੂਲਾਂ ਲਈ ਮੈਟ ਵੰਡਣ ਲਈ ਭੇਜੀ ਗਈ ਹੈ।
ਇਸ ਮੌਕੇ ਜਗਸੀਰ ਸਿੰਘ, ਸਰਪੰਚ ਗੁਰਵਿੰਦਰ ਸਿੰਘ, ਸਾਬਕਾ ਸਰਪੰਚ ਬਲਵੀਰ ਸਿੰਘ, ਗੁਰਨੇ ਕਲਾਂ ਸਕੂਲ ਵੱਲੋਂ ਮਾਸਟਰ ਰਾਜਪਾਲ ਸਿੰਘ ਅਤੇ ਪਿਆਰਾ ਸਿੰਘ ਮੌਜੂਦ ਸਨ।

[wpadcenter_ad id='4448' align='none']