ਸਵੈ ਸਹਾਇਤਾ ਸਮੂਹ ਜ਼ਿਲ੍ਹਾ ਮੋਗਾ ਵਿੱਚ ਵੋਟ ਪ੍ਰਤੀਸ਼ਤਤਾ ਵਧਾਉਣ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਕਰਨਗੇ

ਮੋਗਾ, 7 ਅਪਰੈਲ -ਜ਼ਿਲ੍ਹਾ ਮੋਗਾ ਵਿੱਚ ਕੰਮ ਕਰ ਰਹੇ ਸਵੈ ਸਹਾਇਤਾ ਗਰੁੱਪਾਂ ਨੇ 1 ਜੂਨ, 2024 ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੋਟ ਪ੍ਰਤੀਸ਼ਤਤਾ ਵਧਾਉਣ ਲਈ ਕਮਰ ਕੱਸ ਲਈ ਹੈ।ਸਹਾਇਤਾ ਸਮੂਹਾਂ ਨੇ ਜ਼ਿਲ੍ਹਾ ਮੋਗਾ ਦੇ ਹੇਠਲੇ ਪੱਧਰ ਤੱਕ ਵੋਟਰਾਂ ਨੂੰ ਜਾਗਰੂਕ ਕਰਨ ਦੀ ਜ਼ਿੰਮੇਵਾਰੀ ਲਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ ਮੋਗਾ ਅਧੀਨ 135 ਗ੍ਰਾਮ ਸੰਗਠਨਾਂ (ਵੀ.ਓ.) ਵਿੱਚ ਸਵੀਪ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਸੈਲਫ ਹੈਲਪ ਗਰੁੱਪਾਂ ਦੇ ਨੁਮਾਇੰਦਿਆਂ ਨੂੰ ਵੋਟ ਦੀ ਮਹੱਤਤਾ ਲਈ ਹੋਰ ਜਾਗਰੂਕ ਕੀਤਾ ਜਾ ਸਕੇ।  ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਵੱਲੋਂ ਇਸ ਲਈ ਮਹੀਨੇ ਦੇ ਅੰਦਰ 2000 ਮਹਿਲਾ ਸਵੈ ਸਹਾਇਤਾ ਸਮੂਹਾਂ ਨੂੰ ਕਵਰ ਕੀਤਾ ਜਾਵੇਗਾ।  ਹਰੇਕ ਸਵੈ-ਸਹਾਇਤਾ ਸਮੂਹ ਵਿੱਚ 10 ਮਹਿਲਾ ਮੈਂਬਰ ਹਨ। ਸਾਰੇ ਬਲਾਕਾਂ ਦੇ ਸਵੈ-ਸਹਾਇਤਾ ਸਮੂਹਾਂ ਤੋਂ ਲਗਭਗ 50 ਸਰਗਰਮ ਔਰਤਾਂ ਦੀ ਪਛਾਣ ਕੀਤੀ ਗਈ ਹੈ ਅਤੇ ਗ੍ਰਾਮ ਸੰਗਠਨ ਵਿੱਚ ਸਵੀਪ ਗਤੀਵਿਧੀਆਂ ਨੂੰ ਆਯੋਜਿਤ ਕਰਨ ਲਈ ਨਿਯੁਕਤ ਕੀਤਾ ਗਿਆ ਹੈ।  ਇਸ ਤੋਂ ਇਲਾਵਾ, ਸਰਗਰਮ ਔਰਤਾਂ ਨਾ ਸਿਰਫ਼ ਸਵੀਪ ਗਤੀਵਿਧੀਆਂ ਦਾ ਆਯੋਜਨ ਕਰਦੀਆਂ ਹਨ ਬਲਕਿ ਹਰੇਕ ਗ੍ਰਾਮ ਸੰਗਠਨ ਤੋਂ ਘੱਟੋ-ਘੱਟ 10 ਨਵੇਂ ਵੋਟਰਾਂ ਦੀ ਪਛਾਣ ਵੀ ਕਰਦੀਆਂ ਹਨ।  ਹੁਣ ਤੱਕ ਜ਼ਿਲ੍ਹੇ ਦੇ 30 ਵੀ.ਓਜ਼ ‘ਤੇ ਸਵੀਪ ਗਤੀਵਿਧੀਆਂ ਸਫਲਤਾਪੂਰਵਕ ਆਯੋਜਿਤ ਕੀਤੀਆਂ ਗਈਆਂ ਹਨ ਅਤੇ ਸਵੈ-ਸਹਾਇਤਾ ਸਮੂਹਾਂ ਦੇ 300 ਪ੍ਰਤੀਨਿਧਾਂ ਨੂੰ ਆਪਣੀ ਵੋਟ ਪਾਉਣ ਲਈ ਜਾਗਰੂਕ ਕੀਤਾ ਗਿਆ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਭਾਰਤੀ ਚੋਣ ਕਮਿਸ਼ਨ (ਈਸੀਆਈ) ਵੱਲੋਂ ਮਿੱਥੇ ਗਏ ‘ਇਸ ਵਾਰ 70 ਪਾਰ’ ਟੀਚੇ ਦੀ ਪ੍ਰਾਪਤੀ ਲਈ ਵਚਨਬੱਧ ਹੈ।ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਆਪਣੀ ਵੋਟ ਪਾਉਣ ਅਤੇ ਹੋਰਨਾਂ ਨੂੰ ਵੀ ਪ੍ਰੇਰਿਤ ਕਰਨ।

[wpadcenter_ad id='4448' align='none']