ਨਰਮੇ ਦੇ ਟੀਂਡਿਆਂ ਦੀ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਏਕੀਕ੍ਰਿਤ ਕੀਟ ਪ੍ਰਬੰਧ ਪ੍ਰਣਾਲੀ ਅਪਨਾਉਣ ਦੀ ਜ਼ਰੂਰਤ:ਡਾ. ਧਰਮ ਪਾਲ ਮੌਰੀਆ

ਫ਼ਰੀਦਕੋਟ 08 ਅਪ੍ਰੈਲ 2024   

              ਨਰਮੇ ਉੱਪਰ ਗੁਲਾਬੀ ਸੁੰਡੀ ਦੀ ਸ਼ੁਰੂਆਤ ਕਾਟਨ ਜਿੰਨਿੰਗ ਮਿਲਾਂ ,ਕਪਾਹ ਦੀਆਂ ਛਿੱਟੀਆਂ ਵਿੱਚ ਬਚੀ ਰਹਿੰਦ-ਖੂਹੰਦ  ਜਿਵੇਂ ਵੜੇਵਿੰਆਂ, ਪੁਰਾਣੇ ਟਿੰਡਿਆ ਵਿੱਚ ਪਏ ਗੁਲਾਬੀ ਸੁੰਡੀ ਦੇ ਕੋਆ (ਟੁੱਟੀਆਂ) ਵਿੱਚੋਂ ਪਤੰਗਾ ਨਿਕਲਣ ਨਾਲ ਹੁੰਦੀ ਹੈ। ਇਸ ਲਈ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਵੜੇਵਿੰਆਂ ,ਛਿੱਟੀਆਂ ਨਾਲ ਬਚੇ ਅਣਖਿੜੇ ਟੀਂਡਿਆਂ ਦਾ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੈ ।ਇਹ ਵਿਚਾਰ ਡਾ. ਧਰਮ ਪਾਲ ਮੌਰੀਆ ਡਿਪਟੀ ਦਾਇਰੈਕਟਰ (ਕਪਾਹ ) ਕਮ ਨੋਡਲ ਅਫਸਰ, ਸ੍ਰੀ ਮੁਕਤਸਰ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਜਿਲ੍ਹਾ ਫਰੀਦਕੋਟ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਚਲਾਈ ਜਾ ਰਹੀ ਮੁਹਿੰਮ  ਤਹਿਤ  ਕੀਤੇ ਜਾ ਰਹੇ ਅਗਾਂਹੁ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ  ਸਟਾਫ ਮੀਟਿੰਗ ਵਿੱਚ ਹਾਜ਼ਰ ਖੇਤੀਬਾੜੀ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਹੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ,ਜ਼ਿਲਾ ਸਿਖਾਈ ਅਫਸਰ ਡਾ. ਕੁਲਵੰਤ ਸਿੰਘ,ਡਾ. ਚਰਨਜੀਤ ਸਿੰਘ ਸਹਾਇਕ ਮੰਡੀਕਰਨ ਅਫਸਰ,ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ,ਡਾ.ਅਮਨ ਕੇਸ਼ਵ ਪ੍ਰੋਜੈਕਟ ਡਾਇਰੈਕਟਰ (ਆਤਮਾ),ਡਾ. ਰਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਸਮੇਤ ਸਮੂਹ ਅਧਿਕਾਰੀ ਹਾਜ਼ਰ ਸਨ। ਇਸ ਤੋਂ ਪਹਿਲਾਂ ਡਿਪਟੀ ਡਾਇਰੈਕਟਰ ( ਕਪਾਹ) ਅਤੇ ਮੁੱਖ ਖੇਤੀਬਾੜੀ ਅਫਸਰ ਨੇ ਏ ਬੀ ਕਾਟਨ ਸਪਿਨਿੰਗ ਮਿਲ ਜੈਤੋ ਦਾ ਦੌਰਾ ਕਰਕੇ ਮਿੱਲ ਪ੍ਰਬੰਧਕਾਂ ਨੂੰ ਵੜੇਵਿੰਆਂ ਦੇ ਸਟਾਕ ਦੀ ਫਿਊਮੀਗੇਸ਼ਨ ਕਰਨ ਲਈ ਕਿਹਾ।

          ਮਿਟਿੰਗ ਨੂੰ ਸੰਬੋਧਨ ਕਰਦਿਆਂ ਡਾ. ਧਰਮ ਪਾਲ ਨੇ ਕਿਹਾ, ਨਰਮਾ ਮਾਲਵਾ ਖੇਤਰ ਦੀ ਅਹਿਮ ਫਸਲ ਹੈ ਜੋ ਕਣਕ-ਝੋਨੇ ਦੇ ਫਸਲੀ ਚੱਕਰ ਵਿੱਚੋਂ ਝੋਨੇ ਹੇਠੋਂ  ਰਕਬਾ ਘਟਾ ਕੇ ਖੇਤੀ ਵਿਭਿੰਨਤਾ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।ਉਨਾਂ ਕਿਹਾ ਕਿ ਸੁਧਰੀਆਂ ਕਿਸਮਾਂ ਬਾਰੇ ਸਹੀ ਜਾਣਕਾਰੀ ਨਾਂ ਹੋਣਾ,ਪਿਛੇਤੀ ਬਿਜਾਈ,ਖਾਦਾਂ ਦੀ ਸੰਤੁਲਿਤ ਵਰਤੋਂ ਨਾ ਕਰਨਾ,ਪਾਣੀ ਦੀ ਸੁਚੱਜੀ ਵਰਤੋਂ ਨਾਂ ਕਰਨਾ ਆਦਿ ਅਜਿਹੇ ਕਾਰਨ ਹਨ ,ਜੋ ਨਰਮੇ ਦੀ ਪੈਦਾਵਾਰ ਘਟਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨਾਂ ਕਿਹਾ ਕਿ ਨਰਮੇ ਦੀ ਫਸਲ ਦੀ ਸਫ਼ਲ ਕਾਸ਼ਤ ਲਈ ਜ਼ਰੂਰੀ ਹੈ ਕਿ ਸਿਫਾਰਸ਼ਸ਼ੁਦਾ ,ਕੀੜੇ ਅਤੇ ਬਿਮਾਰੀਆਂ ਪ੍ਰਤੀਰੋਧਕ ਕਿਸਮਾਂ ਸਰਬਪੱਖੀ ਕੀਟ,ਖਾਦ ਅਤੇ ਬਿਮਾਰੀ ਪ੍ਰਬੰਧਨ ਤਕਨੀਕਾਂ ਅਪਨਾਈਆਂ ਜਾਣ।ਉਨਾਂ ਸਮੂਹ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਕਿਸਾਨਾਂ ਤੱਕ ਨਰਮੇ ਦੀਆਂ ਨਵੀਨਤਮ ਤਕਨੀਕਾਂ ਪਹੁੰਚਾਉਣ ਲਈ ਜੰਗੀ ਪੱਧਰ ਤੇ ਕੋਸ਼ਿਸ਼ਾਂ ਕਰਨੀਆ ਪੈਣਗੀਆਂ।

ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਨੇ ਨਰਮੇ ਦੀ ਫਸਲ ਦੀ ਸਫਲਤਾ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਲ 2023-24 ਦੌਰਾਨ ਜ਼ਿਲਾ ਫਰੀਦਕੋਟ ਵਿੱਚ ਨਰਮੇ ਦੀ ਫਲਸ 854 ਹੈਕਟੇਅਰ ਰਕਬੇ ਵਿੱਚ ਕਾਸ਼ਤ ਕੀਤੀ ਗਈ ਸੀ ਅਤੇ ਸਾਲ 2024-25 ਦੌਰਾਨ ਨਰਮੇ ਦੀ ਫਸਲ 950 ਹੈਕਟੇਅਰ ਰਕਬੇ ਵਿੱਚ ਕਾਸ਼ਤ ਕਰਨ ਦਾ ਟੀਚਾ ਮਿਥਿਆ ਗਿਆ ਹੈ। ਉਨਾਂ ਕਿਹਾ ਕਿ ਇਸ ਟੀਚੇ ਦੀ ਪ੍ਰਾਪਤੀ ਲਈ ਹਰ ਹਫਤੇ ਬੁੱਧਵਾਰ ਅਤੇ ਸ਼ੁਕਰਵਾਰ ਨੂੰ ਹਰੇਕ ਸਰਕਲ ਦੇ ਇੱਕ-ਇੱਕ ਪਿੰਡ ਵਿੱਚ ਜਾਗਰੂਕ ਕੈਂਪ ਲਗਾ ਕੇ ਕਿਸਾਨਾਂ ਨੂੰ ਨਰਮੇ ਹੇਠ ਰਕਬਾ ਵਧਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਪਿੰਡਾਂ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੇ ਘਰਾਂ ਵਿੱਚ ਪਈਆਂ ਛਿੱਟੀਆਂ ਨੂੰ ਨਸ਼ਟ  ਅਤੇ ਜੈਤੋ ਸਥਿਤ ਕਪਾਹ ਜਿੰਨਿੰਗ ਮਿੱਲ ਵਿੱਚ ਪਏ ਵੜੇਵਿਆਂ ਦੇ ਸਟਾਕ ਨੂੰ ਫਿਊਮੀਗੇਟ ਕਰਕੇ ਗੁਲਾਬੀ ਸੁੰਡੀ ਦੇ ਪਿਊਪੇ ਖਤਮ ਕੀਤੇ ਜਾ ਚੁਕੇ ਹਨ ਤਾਂ ਜੋ ਗੁਲਾਬੀ ਸੁੰਡੀ ਦੀ ਰੋਕਥਾਮ ਹੋ ਸਕੇ।ਉਨ੍ਹਾਂ ਦੱਸਿਆ ਕਿ ਪਿਛਲੇ ਸਾਲ  ਮੌਸਮ ਦੇ ਅਨੁਕੂਲ ਨਾਂ ਰਹਿਣ ਅਤੇ ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫਸਲ ਦਾ ਨੁਕਸਾਨ ਹੋਇਆ ਸੀ ।

ਉਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੇ ਆਦੇਸ਼ਾਂ ਤੇ ਸੰਬੰਧਤ ਵਿਭਾਗ ਨਹਿਰਾਂ,ਸੜਕਾਂ,ਵਿਰਾਨ ਜਗਾ ਅਤੇ ਹੋਰ ਥਾਵਾਂ ਤੋਂ ਨਦੀਨਾਂ ਦੀ ਰੋਕਥਾਮ ਕਰ ਰਹੇ ਤਾਂ ਜੋ ਚਿੱਟੀ ਮੱਖੀ  ਦੀ ਰੋਕਥਾਮ ਕੀਤੀ ਜਾ ਸਕੇ।ਉਨ੍ਹਾਂ ਦੱਸਿਆ ਕਿ ਨਰਮੇ ਦੀ ਸਫ਼ਲ ਕਾਸ਼ਤ ਲਈ ਟੀਂਡੇ ਦੀ ਗੁਲਾਬੀ ਸੁੰਡੀ ਦੀ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ ਅਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਏਕੀਕ੍ਰਿਤ ਕੀਟ ਪ੍ਰਬੰਧ ਪ੍ਰਣਾਲੀ ਅਪਨਾਉਣੀ ਚਾਹੀਦੀ ਹੈ।ਉਨਾਂ ਵਿਸ਼ਵਾਸ਼ ਦਿਵਾਇਆ ਕਿ ਨਰਮੇ ਦੀ ਸਫਲ ਕਾਸਤ ਲਈ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਸਮੂਹ ਅਧਿਕਾਰੀ/ਕਰਮਚਾਰੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਨਰਮੇ ਦੀ ਕਾਸ਼ਤ ਨੂੰ ਸਫਲ ਕਰਨ ਲਈ ਬਣਦਾ ਯੋਗਦਾਨ ਪਾਉਣਗੇ।

[wpadcenter_ad id='4448' align='none']