ਮੋਗਾ 13 ਅਪ੍ਰੈਲ:
ਡਿਪਟੀ ਕਮਿਸ਼ਨਰ ਮੋਗਾ ਕਮ ਜਿਲ੍ਹਾ ਚੋਣ ਅਫ਼ਸਰ ਮੋਗਾ ਸ੍ਰ ਕੁਲਵੰਤ ਸਿੰਘ ਦੀ ਯੋਗ ਅਗਵਾਈ ਵਿੱਚ ਚੱਲ ਰਹੇ ਸਵੀਪ ਪ੍ਰੋਗਰਾਮਾਂ ਦੀਆਂ ਗਤੀਵਿਧੀਆਂ ਦੀ ਲੜੀ ਵਿੱਚ ਅੱਜ ਜ਼ਿਲ੍ਹਾ ਮੋਗਾ ਦੀ ਪੁਰਾਣੀ ਤੇ ਮਸ਼ਹੂਰ ਸਿੱਖਿਆ ਸੰਸਥਾ ਡੀ ਐਮ ਕਾਲਜ ਵਿੱਚ ਜ਼ਿਲ੍ਹਾ ਮੋਗਾ ਦੀ ਸਵੀਪ ਟੀਮ ਅਤੇ ਹਲਕਾ ਮੋਗਾ ਦੀ ਸਵੀਪ ਟੀਮ ਵੱਲੋਂ ਇੱਕ ਸਵੀਪ ਪ੍ਰੋਗਰਾਮ ਕੀਤਾ ਗਿਆ । ਇਸ ਵਿੱਚ ਨੌਜਵਾਨਾਂ ਦੇ ਜ਼ਿਲ੍ਹਾ ਸਵੀਪ ਆਈਕਨ ਗਿੱਲ ਰੌਂਤਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਉਹਨਾਂ ਨੇ ਆਪਣੀ ਜਿੰਦਗੀ ਦੇ ਤਜਰਬੇ ਵਿਦਿਆਰਥੀਆਂ ਨਾਲ ਸਾਂਝੇ ਕਰਦੇ ਹੋਏ ਕਿਹਾ ਕਿ ਜੇਕਰ ਉਹ ਆਪਣੀ ਆਵਾਜ਼ ਦੇਸ਼ ਦੀ ਸੰਸਦ ਤੱਕ ਪਹੁੰਚਾਉਣਾ ਚਾਹੁੰਦੇ ਹਨ ਤਾਂ ਸਭ ਤੋਂ ਪਹਿਲਾਂ ਵੋਟਰ ਬਣਨ । ਵੋਟਰ ਬਣਨ ਤੋਂ ਬਾਅਦ ਵੋਟ ਜਰੂਰ ਪਾਉਣ ਤਾਂ ਜ਼ੋ ਉਹ ਆਪਣੇ ਮਨਪਸੰਦ ਲੀਡਰ ਨੂੰ ਲੋਕ ਸਭਾ ਭੇਜ ਸਕਣ। ਉਹਨਾਂ ਦੱਸਿਆ ਨੌਜਵਾਨ ਆਪ ਵੋਟ ਪਾਉਣ ਦੇ ਨਾਲ ਨਾਲ ਵੋਟਾਂ ਵਾਲੇ ਦਿਨ ਵੋਟਰ ਸੇਵਕ ਦੀ ਭੂਮਿਕਾ ਵੀ ਨਿਭਾਉਣ। ਬਜ਼ੁਰਗਾਂ ਅਤੇ ਵਿਕਲਾਂਗ ਵੋਟਰਾਂ ਨੂੰ ਵੋਟ ਪਾਉਣ ਲਈ ਲੈਕੇ ਅਤੇ ਛੱਡ ਕੇ ਆਉਣ ਵਿੱਚ ਸਹਾਇਤਾ ਜਰੂਰ ਕਰਨ। ਪਿੰਡ ਵਿੱਚ ਵਿਚਰਦਿਆਂ ਲੋਕਾਂ ਨੂੰ ਆਉਣ ਵਾਲੀ 01 ਜੂਨ ਨੂੰ ਵੋਟ ਪਾਉਣ ਦਾ ਸੱਦਾ ਦੇਣ ਅਤੇ ਬੂਥ ਤੇ ਮਿਲਣ ਵਾਲੀਆਂ ਸਹੂਲਤਾਂ ਬਾਰੇ ਵੀ ਜਰੂਰ ਦੱਸਣ। ਇਸ ਸਮੇਂ ਗਿੱਲ ਰੌਂਤਾ ਨੇ ਵਿਦਿਆਰਥੀਆਂ ਦੀ ਮੰਗ ਤੇ ਆਪਣੀਆਂ ਲਿਖੀਆਂ ਰਚਨਾਵਾਂ ਵੀ ਸਾਂਝੀਆਂ ਕੀਤੀਆਂ।
ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਕਮ ਸਹਾਇਕ ਕਮਿਸ਼ਨਰ ਮੋਗਾ ਨੇ ਲੜਕੀਆਂ ਨੂੰ ਵੋਟਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਦੀ ਪ੍ਰੇਰਨਾ ਦਿੱਤੀ । ਉਹਨਾਂ ਕਿਹਾ ਕਿ ਵੋਟਾਂ ਵਿੱਚ ਔਰਤਾਂ ਦੀ ਭਾਗੀਦਾਰੀ ਮਰਦਾਂ ਦੇ ਮੁਕਾਬਲੇ ਘੱਟ ਹੁੰਦੀ ਹੈ, ਜਦੋਂ ਕਿ ਸੰਵਿਧਾਨ ਮੁਤਾਬਕ ਦੋਹਾਂ ਨੂੰ ਬਰਾਬਰ ਦਾ ਹੱਕ ਹੈ । ਸੋ, ਸਾਨੂੰ ਸਾਰਿਆਂ ਨੂੰ ਮਿਲ ਕੇ ਆਪ ਵੋਟ ਪਾਉਣ ਜਾਣਾ ਹੈ ਅਤੇ ਆਪਣੀ ਮਾਂ, ਭੈਣ, ਦਾਦੀ ਆਦਿ ਸਭ ਔਰਤ ਵੋਟਰਾਂ ਨੂੰ ਵੋਟ ਪਾਉਣ ਲਈ ਲਈ ਲੈ ਕੇ ਜਾਣਾ ਚਾਹੀਦਾ ਹੈ ਤਾਂ ਜ਼ੋ ਔਰਤਾਂ ਦੀਆਂ ਵੋਟਾਂ ਜਿਆਦਾ ਗਿਣਤੀ ਵਿੱਚ ਪੈ ਸਕਣ ।
ਇਸ ਸਮੇਂ ਸਹਾਇਕ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਗੁਰਪ੍ਰੀਤ ਘਾਲੀ ਨੇ ਵਿਦਿਆਰਥੀਆਂ ਨੂੰ ਵੋਟਰ ਹੈਲਪ ਲਾਈਨ ਐਪ ਦੀ ਸਾਰੀ ਜਾਣਕਾਰੀ ਮੁਹਈਆ ਕਰਵਾਈ । ਹਲਕਾ ਮੋਗਾ ਤੋਂ ਸਵੀਪ ਨੋਡਲ ਅਫ਼ਸਰ ਅਮਨਦੀਪ ਗੋਸਵਾਮੀ ਨੇ ਚੋਣ ਜਾਬਤੇ ਸਬੰਧੀ ਜਾਣਕਾਰੀ ਦਿੱਤੀ ਅਤੇ ਸੀ ਵਿਜਲ ਐਪ ਤੇ ਹੈਲਪ ਲਾਈਨ ਨੰਬਰ 1950 ਬਾਰੇ ਜਾਣਕਾਰੀ ਸਾਂਝੀ ਕੀਤੀ ।
ਸਾਬਕਾ ਸਵੀਪ ਨੋਡਲ ਅਫ਼ਸਰ ਬਲਵਿੰਦਰ ਸਿੰਘ ਦੌਲਤਪੁਰਾ ਨੇ ਈ ਵੀ ਐਮ ਸਬੰਧੀ ਵਿਦਿਆਰਥੀਆਂ ਦੇ ਭਰਮ ਦੂਰ ਕੀਤੇ ਅਤੇ ਵੀ ਵੀ ਪੈਟ ਮਸ਼ੀਨ ਬਾਰੇ ਜਾਣਕਾਰੀ ਸਾਂਝੀ ਕੀਤੀ। ਕਾਲਜ ਪ੍ਰਿੰਸੀਪਲ ਨਰਿੰਦਰ ਖੰਨਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਵੀਪ ਟੀਮ ਤੇ ਗਿੱਲ ਰੌਂਤਾ ਵੱਲੋਂ ਦਿੱਤੀ ਜਾਣਕਾਰੀ ਉੱਤੇ ਅਮਲ ਕਰਨ ਲਈ ਪ੍ਰੇਰਿਆ । ਇਸ ਸਮੇਂ ਕਾਲਜ ਸਟਾਫ਼, ਵਿਦਿਆਰਥੀਆਂ ਤੋਂ ਇਲਾਵਾ ਹਲਕਾ ਮੋਗਾ ਦੇ ਬੀ ਐਲ ਓ ਸਾਹਿਬਾਨ ਅਤੇ ਸੈਕਟਰ ਅਫ਼ਸਰ ਸਾਹਿਬਾਨ ਮੌਜੂਦ ਸਨ ।
ਡੀ ਐਮ ਕਾਲਜ ਮੋਗਾ ਵਿੱਚ ਹੋਈ ਸਵੀਪ ਗਤੀਵਿਧੀ ਚ ਸਵੀਪ ਆਇਕਨ ਗਿੱਲ ਰੌਂਤਾ ਨੇ ਨੌਜਵਾਨਾਂ ਨੂੰ ਵੋਟਾਂ ਪਾਉਣ ਲਈ ਪ੍ਰੇਰਿਆ
[wpadcenter_ad id='4448' align='none']