ਗਰੀਬਾਂ ਤੇ ਬੇਘਰਿਆਂ ਲਈ ਮਕਾਨਾਂ ਦੀ ਗ੍ਰਾਂਟ ਚ ਘਪਲਾ ਕਰਨ ਵਾਲਾ ਇੱਕ ਹੋਰ ਦੋਸ਼ੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ

HOUSING GRANT MEANT FOR HOMELESS
HOUSING GRANT MEANT FOR HOMELESS

ਭਾਰਤ ਸਰਕਾਰ ਦੀ ਇੰਦਰਾ ਅਵਾਸ ਯੋਜਨਾ ਤਹਿਤ ਗਰੀਬ ਅਤੇ ਬੇਘਰਿਆਂ ਲਈ ਸਾਲ 2012 ਵਿੱਚ ਗ੍ਰਾਮ ਪੰਚਾਇਤ ਪਿੰਡ ਮਹਿਮਦਵਾਲ, ਜਿਲਾ ਕਪੂਰਥਲਾ ਨੂੰ ਪ੍ਰਾਪਤ ਹੋਈ ਕੁੱਲ 13,50,000 ਰੁਪਏ ਦੀ ਗ੍ਰਾਂਟ ਵਿੱਚੋਂ ਮਿਲੀਭੁਗਤ ਰਾਹੀਂ ਕੁੱਲ 45,000 ਰੁਪਏ ਰਾਸ਼ੀ ਹੜੱਪਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਅੱਜ ਸ਼ੁੱਕਰਵਾਰ ਨੂੰ ਪਿੰਡ ਮਹਿਮਦਵਾਲ ਨਿਵਾਸੀ ਮਹਿੰਦਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹ ਪਿਛਲੇ 3 ਸਾਲ 4 ਮਹੀਨਿਆਂ ਤੋਂ ਫਰਾਰ ਚਲਿਆ ਆ ਰਿਹਾ ਸੀ। ਵਰਨਣਯੋਗ ਹੈ ਕਿ ਛੇ ਸਾਲ ਪਹਿਲਾਂ ਦਰਜ ਇਸ ਮੁਕੱਦਮੇ ਵਿੱਚ ਸ਼ਾਮਲ ਕੁੱਲ 132 ਦੋਸ਼ੀਆਂ ਵਿੱਚੋਂ ਹੁਣ ਤੱਕ 118 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਦੋਸ਼ੀਆਂ ਦੀ ਸਰਗਰਮੀ ਨਾਲ ਭਾਲ ਜਾਰੀ ਹੈ।

Also Read : ਕੁੰਡਲੀ ਅੱਜ: 1 ਅਪ੍ਰੈਲ, 2023 ਲਈ ਜੋਤਸ਼ੀ ਭਵਿੱਖਬਾਣੀ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਬਲਾਕ ਢਿੱਲਵਾਂ ਅਧੀਨ ਆਉਦੇ ਪਿੰਡ ਮਹਿਮਦਵਾਲ ਦੇ ਗਰੀਬ ਅਤੇ ਬੇਘਰਿਆਂ ਲਈ ਭਾਰਤ ਸਰਕਾਰ ਦੀ ਇੰਦਰਾ ਅਵਾਸ ਯੋਜਨਾ ਤਹਿਤ ਸਾਲ 2012 ਵਿੱਚ ਗ੍ਰਾਮ ਪੰਚਾਇਤ ਪਿੰਡ ਮਹਿਮਦਵਾਲ ਨੂੰ ਪ੍ਰਾਪਤ ਕੁੱਲ 13,50,000 ਰੁਪਏ ਦੀ ਗ੍ਰਾਂਟ ਨੂੰ ਤੱਤਕਾਲੀ ਏ.ਡੀ.ਸੀ ਵਿਕਾਸ-ਕਮ-ਮੁੱਖ ਕਾਰਜਕਾਰੀ ਅਫਸਰ ਜਿਲ੍ਹਾ ਪ੍ਰੀਸ਼ਦ ਕਪੂਰਥਲਾ ਸ਼ਤੀਸ਼ ਚੰਦਰ ਵਸ਼ਿਸ਼ਟ ਨੇ ਆਸਾ ਸਿੰਘ ਸਰਪੰਚ ਪਿੰਡ ਮਹਿਮਦਵਾਲ ਅਤੇ ਕੁਲਵੰਤ ਸਿੰਘ ਪੰਚਾਇਤ ਸਕੱਤਰ ਨਾਲ ਮਿਲੀਭੁਗਤ ਕਰਕੇ ਅਯੋਗ ਲਾਭਪਾਤਰੀਆਂ ਦੇ ਨਾਮ ਉਪਰ ਵੱਖ-ਵੱਖ ਚੈਕ ਕੱਟ ਕੇ ਉਸ ਗ੍ਰਾਂਟ ਨੂੰ ਖੁਰਦ-ਬੁਰਦ ਕਰ ਦਿੱਤਾ ਸੀ। ਉਨਾਂ ਦੱਸਿਆ ਕਿ ਉਪਰੰਤ ਤੱਤਕਾਲੀ ਡਿਪਟੀ ਕਮਿਸ਼ਨਰ ਕਪੂਰਥਲਾ ਦੀ ਸ਼ਿਫਾਰਸ਼ ਉਤੇ ਵੱਖ-ਵੱਖ ਅਧਿਕਾਰੀਆਂ ਦੀ ਪੰਜ ਮੈਂਬਰੀ ਕਮੇਟੀ ਨੇ ਫਿਜੀਕਲ ਵੈਰੀਫਿਕੇਸ਼ਨ ਕੀਤੀ ਤਾਂ ਜਿਲ੍ਹਾ ਕਪੂਰਥਲਾ ਵਿੱਚ ਪੈਂਦੇ 31 ਪਿੰਡਾਂ ਦੇ 411 ਆਯੋਗ ਲਾਭਪਾਤਰੀਆਂ ਨੂੰ ਸਾਲ 2011-12 ਦੌਰਾਨ 1,80,00,000 ਰੁਪਏ ਦੀ ਨਾਜਾਇਜ਼ ਅਦਾਇਗੀ ਕਰਨੀ ਪਾਈ ਗਈ।

ਇਸ ਸਬੰਧ ਵਿੱਚ ਵਿਜੀਲੈਂਸ ਬਿਉਰੋ ਵੱਲੋਂ 132 ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 01 ਮਿਤੀ 03-02-17 ਨੂੰ ਆਈ.ਪੀ.ਸੀ ਦੀ ਧਾਰਾ 409, 420, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1), 13(2) ਅਧੀਨ ਵਿਜੀਲੈਂਸ ਬਿਉਰੋ ਦੇ ਥਾਣਾ ਜਲੰਧਰ ਰੇਂਜ ਵਿੱਚ ਦਰਜ ਕੀਤਾ ਗਿਆ ਸੀ। ਇਸ ਕੇਸ ਵਿੱਚ ਉਕਤ ਦੋਸ਼ੀ ਮਹਿੰਦਰ ਵਾਸੀ ਪਿੰਡ ਮਹਿਮਦਵਾਲ, ਜਿਲਾ ਕਪੂਰਥਲਾ ਨੂੰ ਪੜਤਾਲ ਉਪਰੰਤ ਮਿਤੀ 16-12-2019 ਨੂੰ ਨਾਮਜ਼ਦ ਕੀਤਾ ਗਿਆ ਸੀ ਜਿਸ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਹੈ।

ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਮਹਿੰਦਰ ਵੱਲੋਂ ਅਯੋਗ ਲਾਭਪਾਤਰੀ ਹੁੰਦੇ ਹੋਏ ਇਸ ਇੰਦਰਾ ਅਵਾਸ ਯੋਜਨਾ ਤਹਿਤ ਕੱਚੇ ਮਕਾਨਾਂ ਨੂੰ ਪੱਕਾ ਬਨਾਉਣ ਲਈ ਮਿਤੀ 03-03-2012 ਅਤੇ 07-03-2012 ਨੂੰ ਵੱਖ-ਵੱਖ ਚੈਕਾਂ ਰਾਹੀਂ ਕੁੱਲ 45,000 ਰੁਪਏ ਦੀ ਮਿਲੀ ਗਰਾਂਟ ਪਿੰਡ ਮਹਿਮਦਵਾਲ ਦੇ ਸਰਪੰਚ ਆਸਾ ਸਿੰਘ ਅਤੇ ਪੰਚਾਇਤ ਸਕੱਤਰ ਕੁਲਵੰਤ ਸਿੰਘ ਦੀ ਮਿਲੀਭੁਗਤ ਨਾਲ ਹੜੱਪ ਕਰ ਲਈ ਸੀ।

ਵਰਨਣਯੋਗ ਹੈ ਕਿ ਉਪਰੋਕਤ ਮੁਕੱਦਮੇ ਵਿੱਚ ਕੁੱਲ 132 ਦੋਸ਼ੀਆਂ ਵਿੱਚੋਂ ਹੁਣ ਤੱਕ 118 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਉਨ੍ਹਾਂ ਦੇ ਠਿਕਾਣਿਆਂ ਉਪਰ ਵਿਜੀਲੈਂਸ ਬਿਉਰੋ ਵੱਲੋਂ ਦਬਿਸ਼ ਦਿੱਤੀ ਜਾ ਰਹੀ ਹੈ ਜਿੰਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

[wpadcenter_ad id='4448' align='none']