‘ਕਿਸਾਨ ਮਿੱਤਰ’ ਕਿਸਾਨਾਂ ਨੂੰ ਨਰਮਾ ਅਤੇ ਬਾਸਮਤੀ ਉਗਾਉਣ ਲਈ ਉਤਸ਼ਾਹਿਤ ਕਰਨ: ਧਾਲੀਵਾਲ

Kisan Mitra to encourage farmers
Kisan Mitra to encourage farmers
  • ਖੇਤੀਬਾੜੀ ਮੰਤਰੀ ਵੱਲੋਂ ‘ਕਿਸਾਨ ਮਿੱਤਰਾਂ’ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਪਲੇਠੀ ਮੀਟਿੰਗ
  • ਰੰਗਲਾ ਪੰਜਾਬ ਬਣਾਉਣ ਲਈ ਖੇਤੀਬਾੜੀ ਦਾ ਖੁਸ਼ਹਾਲ ਹੋਣਾ ਬਹੁਤ ਜ਼ਰੂਰੀ: ਕੁਲਦੀਪ ਸਿੰਘ ਧਾਲੀਵਾਲ

ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਕਿਸਾਨ ਮਿੱਤਰਾਂ ਨੂੰ ਸੰਬੋਧਿਤ ਕੀਤਾ। ਕਿਸਾਨ ਮਿੱਤਰਾਂ ਦੀ ਨਿਯੁਕਤੀ ਤੋਂ ਬਾਅਦ ਧਾਲੀਵਾਲ ਦੀ ਇਹ ਪਹਿਲੀ ਮੀਟਿੰਗ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਦੇ ਭਰਪੂਰ ਯਤਨ ਕਰ ਰਹੀ ਹੈ ਅਤੇ ਪੰਜਾਬ ਨੂੰ ਰੰਗਲਾ ਬਣਾਉਣ ਲਈ ਖੇਤੀਬਾੜੀ ਦਾ ਖੁਸ਼ਹਾਲ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਖੇਤੀਬਾੜੀ ਨੂੰ ਖੁਸ਼ਹਾਲ ਬਣਾਉਣ ਲਈ ਇਸ ਵਿੱਚ ਬਦਲਵੀਆਂ ਫਸਲਾਂ ਹੇਠ ਰਕਬਾ ਵਧਾਉਣਾ ਲਾਜ਼ਮੀ ਹੋ ਗਿਆ ਹੈ। ਉਨ੍ਹਾਂ ਕਿਸਾਨ ਮਿੱਤਰਾਂ ਨੂੰ ਪ੍ਰੇਰਿਤ ਕੀਤਾ ਕਿ ਵੱਧ ਤੋਂ ਵੱਧ ਕਿਸਾਨਾਂ ਨੂੰ ਝੋਨੇ ਦੀ ਬਜਾਏ ਫਸਲੀ ਵਿਿਭੰਨਤਾ ਵਾਲੀਆਂ ਫ਼ਸਲਾਂ ਜਿਵੇਂ ਕਿ ਨਰਮਾ ਅਤੇ ਬਾਸਮਤੀ ਉਗਾਉਣ ਲਈ ਉਤਸ਼ਾਹਿਤ ਕੀਤਾ ਜਾਵੇ।

Also Read : ਪੰਜਾਬ ਸਰਕਾਰ ਨੂੰ ਸਿਰਫ ਮਾਰਚ ਮਹੀਨੇ ਵਿਚ ਹੀ ਜਾਇਦਾਦ ਦੀਆਂ ਰਜਿਸਟਰੀਆਂ ਤੋਂ ਰਿਕਾਰਡ ਆਮਦਨ: ਜਿੰਪਾ

ਧਾਲੀਵਾਲ ਨੇ ਕਿਹਾ ਕਿ ਨਰਮੇ ਦੀ ਫਸਲ ਨੂੰ ਜ਼ਿਆਦਾ ਤੋਂ ਜ਼ਿਆਦਾ ਰਕਬੇ ਵਿਚ ਬੀਜਣ ਲਈ ਕਿਸਾਨ ਮਿੱਤਰ ਆਪਣਾ ਅਹਿਮ ਰੋਲ ਅਦਾ ਕਰਨ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਕਿਸਾਨਾਂ ਨੂੰ ਕਣਕ-ਝੋਨੇ ਦੇ ਚੱਕਰ ‘ਚੋਂ ਕੱਢਣ ਲਈ ਫਸਲੀ ਵਿਿਭੰਨਤਾ ਵੱਲ ਲੈ ਕੇ ਜਾਣਾ ਕਿਸਾਨ ਮਿੱਤਰਾਂ ਦੀ ਮੁੱਖ ਡਿਊਟੀ ਹੈ। ਇਸ ਮੌਕੇ ਧਰਤੀ ਹੇਠਲੇ ਪਾਣੀ ਦੇ ਡੂੰਘੇ ਹੋ ਰਹੇ ਪੱਧਰ ‘ਤੇ ਵੀ ਖੇਤੀਬਾੜੀ ਮੰਤਰੀ ਨੇ ਚਿੰਤਾ ਪ੍ਰਗਟਾਈ।

ਧਾਲੀਵਾਲ ਨੇ ਕਿਹਾ ਕਿ ਕਿਸਾਨ ਮਿੱਤਰ ਝੋਨੇ ਦੀ ਥਾਂ ਨਰਮੇ ਅਤੇ ਬਾਸਮਤੀ ਜਿਹੀਆਂ ਬਦਲਵੀਆਂ ਫਸਲਾਂ ਬੀਜਣ ਬਾਰੇ ਸਰਕਾਰ ਵਲੋਂ ਲਏ ਫੈਸਲੇ ਅਨੁਸਾਰ ਕਿਸਾਨਾਂ ਨੂੰ ਲਗਾਤਾਰ ਜਾਣਕਾਰੀ ਦੇ ਕੇ ਸਿੱਖਿਅਤ ਕਰਦੇ ਰਹਿਣ। ਉਨ੍ਹਾਂ ਕਿਸਾਨ ਮਿੱਤਰਾਂ ਨੂੰ ਭਰੋਸਾ ਦਿੱਤਾ ਕਿ ਸਮੇਂ ਸਮੇਂ ‘ਤੇ ਨਿਯਮਤ ਸਿਖਲਾਈ ਪ੍ਰੋਗਰਾਮਾਂ ਅਤੇ ਕੈਂਪਾਂ ਦਾ ਪ੍ਰਬੰਧ ਕਰਨ ਵਿੱਚ ਖੇਤੀਬਾੜੀ ਵਿਭਾਗ ਦੇ ਅਧਿਕਾਰੀ/ਕਰਮਚਾਰੀ ਉਨ੍ਹਾਂ ਦੀ ਮਦਦ ਕਰਦੇ ਰਹਿਣਗੇ। ਇਸ ਤੋਂ ਪਹਿਲਾਂ ਕਿਸਾਨ ਮਿੱਤਰਾਂ ਨੂੰ ਢੁਕਵੀਂ ਸਿਖਲਾਈ ਵੀ ਦਿੱਤੀ ਗਈ ਹੈ ਤਾਂ ਜੋ ਕਿਸਾਨਾਂ ਨੂੰ ਬਦਲਵੀਆਂ ਫਸਲਾਂ ਬੀਜਣ ਲਈ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸਾਨ ਮਿੱਤਰਾਂ ਨਾਲ ਉੱਚ ਅਧਿਕਾਰੀ ਹਰ ਸੋਮਵਾਰ ਮੀਟਿੰਗ ਕਰਿਆ ਕਰਨਗੇ ਅਤੇ ਇਸ ਮੀਟਿੰਗ ਵਿਚ ਬਲਾਕ ਪੱਧਰ ਦੇ ਅਤੇ ਜ਼ਿਲ੍ਹਾ ਵਿਕਾਸ ਖੇਤੀ ਅਫਸਰ ਵੀ ਹਾਜ਼ਰ ਰਹਿਣਗੇ।

ਖੇਤੀ ਮੰਤਰੀ ਨੇ ਕਿਹਾ ਕਿ ਕਿਸਾਨ ਮਿੱਤਰ ਖੇਤੀ ਸਮੱਗਰੀ ਜਿਵੇਂ ਕਿ ਕੀਟਨਾਸ਼ਕਾਂ, ਖਾਦਾਂ ਆਦਿ ਦੀ ਵਰਤੋਂ ਦੇ ਸਬੰਧ ਵਿੱਚ ਸਹੀ ਫੈਸਲੇ ਲੈਣ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ। ਇਸ ਤੋਂ ਇਲਾਵਾ ਨਰਮਾ ਪੱਟੀ ਵਿੱਚ ਸੱਠੀ ਮੂੰਗੀ ਬੀਜਣ ਤੋਂ ਰੋਕਣ ਲਈ ਵੀ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ ਕਿਉਂਕਿ ਨਰਮੇ ਦੇ ਆਲੇ-ਦੁਆਲੇ ਖੇਤਾਂ ਵਿੱਚ ਮੂੰਗੀ ਬੀਜਣ ਨਾਲ ਚਿੱਟੀ ਮੱਖੀ ਦਾ ਵਾਧਾ ਹੁੰਦਾ ਹੈ। ਚਿੱਟੀ ਮੱਖੀ ਦੇ ਹਮਲੇ ਕਾਰਣ ਕਿਸਾਨਾਂ ਦਾ ਨੁਕਸਾਨ ਹੋ ਸਕਦਾ ਹੈ।

ਕਾਬਿਲੇਗੌਰ ਹੈ ਕਿ ਕਿਸਾਨ ਮਿੱਤਰਾਂ ਦੀ ਪ੍ਰਗਤੀ ਰਿਪੋਰਟ ਵਾਚਣ ਲਈ ਇਕ ਐਪ ਬਣਾਇਆ ਗਿਆ ਹੈ ਜਿਸ ਵਿਚ ਕਿਸਾਨ ਮਿੱਤਰ ਰੋਜ਼ਾਨਾ ਡਾਟਾ ਭਰਕੇ ਕੀਤੇ ਗਏ ਕੰਮਾਂ ਦੀ ਪ੍ਰਗਤੀ ਦੇਣਗੇ। ਉਨ੍ਹਾਂ ਦੇ ਕੰਮ ਦੀ ਹਰ ਹਫਤੇ ਸਮੀਖਿਆ ਹੋਇਆ ਕਰੇਗੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਵਲੋਂ ਕਿਸਾਨ ਮਿੱਤਰਾਂ ਨੂੰ 5000 ਰੁਪਏ ਮਾਣਭੱਤਾ ਦਿੱਤਾ ਜਾਵੇਗਾ। ਧਾਲੀਵਾਲ ਨੇ ਇਹ ਵੀ ਐਲਾਨ ਕੀਤਾ ਕਿ ਉਹ ਖੁਦ ਦੌਰਾ ਕਰਕੇ ਕਿਸਾਨ ਮਿੱਤਰਾਂ ਨੂੰ ਨਿੱਜੀ ਰੂਪ ਵਿਚ ਮਿਲਣਗੇ ਅਤੇ ਵਧੀਆ ਕੰਮ ਕਰਨ ਵਾਲੇ ਕਿਸਾਨ ਮਿੱਤਰਾਂ ਦੀ ਹੌਂਸਲਾ ਅਫਜਾਈ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਰਲਕੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਈਏ।

[wpadcenter_ad id='4448' align='none']