ਸਵੀਪ ਟੀਮ ਨੇ ਸਰਕਾਰੀ ਸੀ.ਸੈ.ਸਕੂਲ ਗੋਲੇਵਾਲਾ, ਹਰਕ੍ਰਿਸ਼ਨ ਪਬਲਿਕ ਸਕੂਲ ਗੋਲੇਵਾਲਾ ਅਤੇ ਐਸ.ਬੀ.ਆਰ.ਐਸ. ਸੀ.ਸੈ.ਸਕੂਲ ਘੁੱਦੂਵਾਲਾ ਵਿਖੇ  ਵਿਦਿਆਰਥੀਆਂ ਨੂੰ  ਵੋਟ ਦੇ ਅਧਿਕਾਰ ਦੀ ਵਰਤੋਂ ਲਈ  ਕੀਤਾ ਉਤਸ਼ਾਹਿਤ

ਫ਼ਰੀਦਕੋਟ, 22 ਮਈ 2024

ਫ਼ਰੀਦਕੋਟ ਜ਼ਿਲੇ ਅੰਦਰ ਲੋਕ ਸਭਾ ਹਲਕਾ, ਫਰੀਦਕੋਟ (09)  ਰਿਟਰਨਿੰਗ ਅਫਸਰ ਸ਼੍ਰੀ ਵਿਨੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਹੇਠ ਵੋਟਰਾਂ ਨੂੰ ਵੋਟ ਦੇ ਹੱਕ ਦੀ ਵਰਤੋਂ ਲਈ ਉਤਸ਼ਾਹਿਤ ਕਰਨ ਵਾਸਤੇ ਸਵੀਪ ਟੀਮ ਵੱਲੋਂ ਸਵੀਪ ਗਤੀਵਿਧੀਆਂ ਲਗਾਤਾਰ ਜਾਰੀ ਹਨ।

ਇਸੇ ਤਹਿਤ ਸਰਕਾਰੀ ਸਹਿ ਸਿੱਖਿਆ ਸੀਨੀਅਰ ਸੈਕੰਡਰੀ ਸਕੂਲ ਗੋਲੇਵਾਲਾ ਦੇ ਪ੍ਰਿੰਸੀਪਲ ਰਾਜਵਿੰਦਰ ਕੌਰ, ਹਰਕ੍ਰਿਸ਼ਨ ਪਬਲਿਕ ਸਕੂਲ ਗੋਲੇਵਾਲਾ ਵਿਖੇ ਕੋਆਰਡੀਨੇਟਰ ਸ਼ਿਵਾਲੀ ਅਰੋੜਾ, ਐਸ.ਬੀ.ਆਰ.ਐਸ.ਸੀਨੀਅਰ ਸੈਕੰਡਰੀ ਸਕੂਲ ਘੁੱਦੂਵਾਲਾ ਵਿਖੇ ਪ੍ਰਿੰਸੀਪਲ ਸਮੇਸ਼ਰ ਸਿੰਘ  ਵੱਲੋਂ ਸਵੀਪ ਟੀਮ ਨੂੰ  ਜੀ ਆਇਆਂ ਨੂੰ  ਆਖਦਿਆਂ ਵਿਦਿਆਰਥੀਆਂ ਨੂੰ  ਦੱਸਿਆ ਕਿ ਪੰਜਾਬ ਅੰਦਰ 01 ਜੂਨ ਨੂੰ  ਚੋਣਾਂ ਹੋ ਰਹੀਆਂ ਹਨ । ਸਾਨੂੰ ਆਪਣੇ ਦੇਸ਼ ਅੰਦਰ ਮਨਪਸੰਦ ਸਰਕਾਰ ਦੇ ਗਠਨ ਵਾਸਤੇ ਸਭ ਨੂੰ  ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਜਿਨ੍ਹਾ ਵਿਦਿਆਰਥੀਆਂ ਦੀ ਵੋਟ ਨਹੀਂ ਬਣੀ, ਉਨ੍ਹਾਂ ਨੂੰ  ਆਪਣੇ ਮਾਤਾ-ਪਿਤਾ, ਛੋਟੇ-ਵੱਡੇ ਭੈਣ-ਭਰਾਵਾਂ, ਆਪਣੇ ਸੰਪਰਕ ‘ਚ ਆਉਣ ਵਾਲੇ ਲੋਕਾਂ ਨੂੰ  ਵੋਟ ਦੇ ਅਧਿਕਾਰ ਦੀ ਵਰਤੋਂ ਲਈ ਜਾਗਰੂਕ ਕਰਨਾ ਚਾਹੀਦਾ ਹੈ ।  ਸਕੂਲ ਮੁਖੀਆਂ ਨੇ ਦੱਸਿਆ ਕਿ ਸਕੂਲਾਂ ਅੰਦਰ ਨਿਰੰਤਰ ਸਵੀਪ ਪ੍ਰੋਗਰਾਮ ਤਹਿਤ ਗਤੀਵਿਧੀਆਂ ਕਰਕੇ ਵਿਦਿਆਰਥੀ ਵਰਗ ਨੂੰ  ਨਿਰੰਤਰ ਜਾਗਰੂਕ ਕੀਤਾ ਜਾ ਰਿਹਾ ਹੈ ।

            ਇਸ ਮੌਕੇ ਜ਼ਿਲਾ ਨੋਡਲ ਅਫ਼ਸਰ, ਸਹਾਇਕ ਜ਼ਿਲਾ ਨੋਡਲ ਅਫ਼ਸਰ  ਨੇ ਵਿਦਿਆਰਥੀਆਂ/ਅਧਿਆਪਕਾਂ ਨੂੰ  ਅਪੀਲ ਕੀਤੀ ਕਿ ਉਹ ਲੋਕਤੰਤਰ ਦੀ ਮਜ਼ਬੂਤੀ ਵਾਸਤੇ 01 ਜੂਨ ਨੂੰ  ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰੀ ਕਰਨ ।  ਉਨ੍ਹਾਂ ਨੇ ਵੋਟ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਦਿਆਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਹਰੇਕ ਨੂੰ ਵੋਟ ਦੇ ਅਧਿਕਾਰੀ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਹੀ ਅਸੀਂ ਆਪਣੀ ਮਨ ਮਰਜੀ ਦੀ ਸਰਕਾਰ ਚੁਣ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਬਿਨ੍ਹਾਂ ਕਿਸੇ ਡਰ, ਭੈਅ, ਲਾਲਚ, ਧਰਮ, ਵਰਗ, ਜਾਤੀ, ਭਾਈਚਾਰੇ, ਭਾਸ਼ਾ ਜਾਂ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨ੍ਹਾਂ ਸਭ ਤੋਂ ਪਹਿਲਾਂ  ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ । ਉਨ੍ਹਾਂ ਇਸ ਮੌਕੇ ਅਪੀਲ ਕੀਤੀ ਕਿ ਸਾਨੂੰ ਆਪਣੇ ਪ੍ਰੀਵਾਰਿਕ ਮੈਂਬਰਾਂ, ਸੰਪਰਕ ‘ਚ ਆਉਣ ਵਾਲੇ ਲੋਕਾਂ  ਨੂੰ  ਵੋਟ ਦੇ ਹੱਕ ਲਈ ਉਤਸ਼ਾਹਿਤ ਕਰਨ ਤਾਂ ਜੋ ਚੋਣ ਕਮਿਸ਼ਨ ਵੱਲੋਂ ਦਿੱਤੇ ਨਾਅਰੇ ‘ਅਬ ਦੀ ਬਾਰ-ਵੋਟਿੰਗ 70 ਪ੍ਰਤੀਸ਼ਤ ਪਾਰ’ ਨੂੰ  ਪ੍ਰਾਪਤ ਕੀਤਾ ਜਾ ਸਕੇ । ਉਹਾਂ  ਕਿਹਾ 70 ਪ੍ਰਤੀਸ਼ਤ ਦੇ ਟੀਚੇ ਨੂੰ  ਸੰਭਵ ਬਣਾਉਣ ਲਈ ਹਰ ਵਰਗ ਦੇ ਵੋਟਰਾਂ ਨੂੰ  ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਹੋਵੇਗੀ । ਉਨ੍ਹਾਂ ਦੱਸਿਆ ਕਿ ਇਸ ਵਾਰ 85 ਸਾਲ ਤੋਂ ਵੱਧ ਉਮਰ ਦੇ ਵੋਟਰ ਜੇਕਰ ਚਾਹੁਣ ਤਾਂ ਘਰ ਬੈਠ ਕੇ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਦੇ ਹਨ । ਇਸ ਮੌਕੇ ਸੀ-ਵਿਜ਼ਿਲ ਐਪ, ਚੋਣਾਂ ਸਬੰਧੀ ਪੋਲਿੰਗ ਬੂਥਾਂ ਤੇ ਕੀਤੇ ਜਾ ਰਹੇ ਪ੍ਰਬੰਧਾਂ ਸਬੰਧੀ ਜਾਣਕਾਰੀ ਦੇ ਕੇ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਜਾਗਰੂਕ ਕੀਤਾ ਗਿਆ ।

ਇਸ ਮੌਕੇ ਜ਼ਿਲਾ ਨੋਡਲ ਅਫ਼ਸਰ ਸਵੀਪ-ਕਮ-ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀ ਪ੍ਰਦੀਪ ਦਿਓੜਾ, ਸਹਾਇਕ ਜ਼ਿਲਾ ਨੋਡਲ ਅਫ਼ਸਰ ਸਵੀਪ-ਕਮ-ਜ਼ਿਲਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ, ਸਵੀਪ ਟੀਮ ਮੈਂਬਰ ਨਵਦੀਪ ਸਿੰਘ ਰਿੱਕੀ, ਸਰਕਾਰੀ ਸਹਿ ਸਿੱਖਿਆ ਸੀਨੀਅਰ ਸੈਕੰਡਰੀ ਸਕੂਲ ਗੋਲੇਵਾਲਾ ਦੇ ਲੈਕਚਰਾਰ ਸ਼੍ਰੀਮਤੀ ਨੀਨਾ, ਲੈਕਚਰਾਰ ਭੁਪਿੰਦਰ ਕੌਰ, ਪ੍ਰਕਾਸ਼ ਕੁਮਾਰ, ਵਿਨੋਦ ਕੁਮਾਰ, ਹਰਕ੍ਰਿਸ਼ਨ ਪਬਲਿਕ ਸਕੂਲ ਗੋਲੇਵਾਲਾ ਦੇ ਨੀਰਜ ਕੁਮਾਰ, ਐਸ.ਬੀ.ਆਰ.ਐਸ.ਸੀਨੀਅਰ ਸੈਕੰਡਰੀ ਸਕੂਲ ਘੁੱਦੂਵਾਲਾ ਦੇ ਸਕੂਲ ਪ੍ਰਬੰਧਕ ਦਵਿੰਦਰ ਸਿੰਘ ਹਾਜਰ ਸਨ।

[wpadcenter_ad id='4448' align='none']