ਪਟਿਆਲਾ ( ਮਾਲਕ ਸਿੰਘ ਘੁੰਮਣ ): ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਸ਼ਨੀਵਾਰ ਨੂੰ ਇਤਿਹਾਸਕ ਗੁਰਦੁਆਰਾ ਮੋਤੀ ਬਾਗ ਸਾਹਿਬ ਤੋਂ ਸ੍ਰੀ ਗੁਰੂ ਗੰ੍ਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ‘ਚ ਖਾਲਸਾਈ ਜਾਹੋ ਜਲਾਲ ਨਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਆਰੰਭਤਾ ਹੈੱਡ ਗੰ੍ਥੀ ਭਾਈ ਪ੍ਰਨਾਮ ਸਿੰਘ ਨੇ ਅਰਦਾਸ ਨਾਲ ਕੀਤੀ। ਇਸ ਉਪਰੰਤ ਅੰਤਿੰ੍ਗ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਅਦਬ ਅਤੇ ਸਤਿਕਾਰ ਨਾਲ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਨੂੰ ਫੁੱਲਾਂ ਨਾਲ ਸਜੀ ਪਾਲਕੀ ‘ਚ ਸੁਸ਼ੋਭਿਤ ਕੀਤਾ।
ਪਾਲਕੀ ਸਾਹਿਬ ਦੇ ਅੱਗੇ ਪੰਜ ਨਿਸ਼ਾਨਚੀ ਸਿੰਘ, ਨਿਰਸਿੰਙਆ ਦੀ ਧੁਨ ਅਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਚੱਲ ਰਹੀਆਂ ਸੰਗਤਾਂ ਨਾਲ ਨਗਰ ਕੀਰਤਨ ਖਿੱਚ ਦਾ ਕੇਂਦਰ ਰਹੀਆਂ। ਨਗਰ ਕੀਰਤਨ ਦੌਰਾਨ ਸ਼ਬਦੀ ਜੱਥਿਆਂ ਵੱਲੋਂ ਨਾਮ ਸਿਮਰਨ ਅਤੇ ਪਾਲਕੀ ਸਾਹਿਬ ਨਾਲ ਸੰਗਤਾਂ ਵਾਹਿਗੁਰੂ ਦਾ ਜਾਪ ਕਰਦੀਆਂ ਚੱਲ ਰਹੀਆਂ ਸਨ। ਇਸ ਮੌਕੇ ਸਕੂਲੀ ਬੱਚਿਆਂ, ਬੈਂਡ ਪਾਰਟੀਆਂ ਅਤੇ ਕੇਸਰੀ ਪਹਿਰਾਵੇ ‘ਚ ਪੁੱਜੀਆਂ ਸੰਗਤਾਂ ਨੇ ਅਲੌਕਿਕ ਰੰਗ ਪ੍ਰਦਾਨ ਕੀਤਾ। ਪਾਲਕੀ ਸਾਹਿਬ ਦੇ ਅੱਗੇ ਗੱਤਕਾ ਪਾਰਟੀਆਂ ਨੇ ਜੌਹਰ ਵਿਖਾਏ ਅਤੇ ਸੰਗਤਾਂ ਝਾੜੂ ਬਰਦਾਰ ਬਣਕੇ ਗੁਰਬਾਣੀ ਕਰਦੀਆਂ ਚੱਲ ਰਹੀਆਂ ਸਨ।