ਥੋੜੀ ਜਿਹੀ ਲਾਪਰਵਾਹੀ ਔਰਤਾਂ ਨੂੰ ਹੈਪੇਟਾਈਟਸ ਬੀ, ਸਰਵਾਈਕਲ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਬਣਾ ਸਕਦੀ ਹੈ: ਡਾ ਸ਼ਿਲਪਾ

ਫਾਜ਼ਿਲਕਾ, 28 ਮਈ

ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਫਾਜ਼ਿਲਕਾ ਡਾ: ਚੰਦਰ ਸ਼ੇਖਰ ਕੱਕੜ ਅਤੇ ਸੀ.ਐੱਚ.ਸੀ. ਖੂਈਖੇੜਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਵਿਕਾਸ ਗਾਂਧੀ ਦੀ ਅਗਵਾਈ ਹੇਠ ਬਲਾਕ ਸੀ.ਐਚ.ਸੀ ਖੂਈਖੇੜਾ ਦੇ ਵੱਖ-ਵੱਖ ਪਿੰਡਾਂ ਵਿੱਚ ਮਾਹਵਾਰੀ ਸਵੱਛਤਾ ਦਿਵਸ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ।

ਇਸ ਮੌਕੇ ਮੈਡੀਕਲ ਅਫ਼ਸਰ ਡਾ: ਸ਼ਿਲਪਾ ਨੇ ਦੱਸਿਆ ਕਿ ‘ਮਾਹਵਾਰੀ ਸਵੱਛਤਾ ਦਿਵਸ’ ਯਾਨੀ ‘ ਮੈਨਸਟਰੂਅਲ ਹਾਈਜਨ ਡੇਅ ‘ ਹਰ ਸਾਲ 28 ਮਈ ਨੂੰ ਮਨਾਇਆ ਜਾਂਦਾ ਹੈ। ਇਸ ਦਾ ਮਕਸਦ ਔਰਤਾਂ ਨੂੰ ਮਾਹਵਾਰੀ ਦੌਰਾਨ ਸਫਾਈ ਦੇ ਮਹੱਤਵ ਨੂੰ ਸਮਝਾਉਣਾ ਹੈ। ਪਿੰਡਾਂ ਅਤੇ ਸ਼ਹਿਰਾਂ ਵਿੱਚ ਰਹਿੰਦੀਆਂ ਲੱਖਾਂ ਔਰਤਾਂ ਇਸ ਸਬੰਧੀ ਕਈ ਅਹਿਮ ਜਾਣਕਾਰੀਆਂ ਤੋਂ ਅਜੇ ਵੀ ਅਣਜਾਣ ਹਨ ਅਤੇ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦੀ ਥੋੜ੍ਹੀ ਜਿਹੀ ਲਾਪਰਵਾਹੀ ਉਨ੍ਹਾਂ ਨੂੰ ਹੈਪੇਟਾਈਟਸ ਬੀ, ਸਰਵਾਈਕਲ ਕੈਂਸਰ, ਯੋਨੀ ਦੀ ਲਾਗ ਵਰਗੀਆਂ ਗੰਭੀਰ ਬਿਮਾਰੀਆਂ ਵੱਲ ਧੱਕ ਸਕਦੀ ਹੈ।

ਇਸ ਦਾ ਅਸਰ ਔਰਤਾਂ ਨੂੰ ਸਰੀਰਕ ਤੌਰ ‘ਤੇ ਹੀ ਨਹੀਂ ਮਾਨਸਿਕ ਤੌਰ ‘ਤੇ ਵੀ ਲੰਬੀ ਉਮਰ ਲਈ ਪ੍ਰੇਸ਼ਾਨ ਕਰ ਸਕਦਾ ਹੈ। ਦਰਅਸਲ, ਦੁਨੀਆ ਭਰ ਵਿੱਚ ਅਜੇ ਵੀ ਕਈ ਅਜਿਹੇ ਸਮਾਜ ਹਨ ਜਿੱਥੇ ਔਰਤਾਂ ਇਸ ਬਾਰੇ ਖੁੱਲ੍ਹ ਕੇ ਗੱਲ ਨਹੀਂ ਕਰ ਪਾਉਂਦੀਆਂ। ਅਜਿਹੇ ‘ਚ ਉਨ੍ਹਾਂ ਨੂੰ ਕਦੇ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਮਿਲਦੀ ਕਿ ਪੀਰੀਅਡਸ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਾਂ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਕਾਰਨ ਕੀ ਹੈ, ਸਫਾਈ ਆਦਿ ਦੀ ਮਦਦ ਨਾਲ ਕਿਹੜੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਅਜਿਹੇ ‘ਚ ਇਸ ਦਿਨ ਦੇ ਮੌਕੇ ‘ਤੇ ਅਜਿਹਾ ਮਾਹੌਲ ਸਿਰਜਣ ਦਾ ਯਤਨ ਕੀਤਾ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਮਾਹਵਾਰੀ ਕੋਈ ਅਪਰਾਧ ਨਹੀਂ ਹੈ, ਸਗੋਂ ਇਹ ਇਕ ਆਮ ਸਰੀਰਕ ਪ੍ਰਕਿਰਿਆ ਹੈ। ਇਸ ਬਾਰੇ ਘਰ ਵਿੱਚ ਅਤੇ ਸਮਾਜ ਵਿੱਚ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕਰਨ ਦੀ ਲੋੜ ਹੈ, ਤਾਂ ਜੋ ਔਰਤਾਂ ਅਤੇ ਲੜਕੀਆਂ ਨੂੰ ਗੰਭੀਰ ਅਤੇ ਮਾਰੂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।

ਬਲਾਕ ਐਜੂਕੇਟਰ ਸੁਸ਼ੀਲ ਕੁਮਾਰ ਨੇ ਦੱਸਿਆ ਕਿ ‘ਮਾਹਵਾਰੀ ਸਵੱਛਤਾ ਦਿਵਸ’ ਮਨਾਉਣ ਦਾ ਮਕਸਦ ਨੌਜਵਾਨ ਲੜਕੀਆਂ ਅਤੇ ਔਰਤਾਂ ਨੂੰ ਮਾਹਵਾਰੀ ਦੌਰਾਨ ਸਫ਼ਾਈ ਸਬੰਧੀ ਜ਼ਰੂਰੀ ਜਾਣਕਾਰੀ ਪ੍ਰਦਾਨ ਕਰਨਾ ਹੈ, ਤਾਂ ਜੋ ਉਹ ਅਣਜਾਣੇ ਵਿੱਚ ਕਿਸੇ ਜਾਨਲੇਵਾ ਬੀਮਾਰੀ ਦਾ ਸ਼ਿਕਾਰ ਨਾ ਹੋਣ। ਸਿਹਤ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਣ ‘ਤੇ ਵਿਦਿਆਰਥੀ ਸਿੱਧੇ ਤੌਰ ‘ਤੇ ਸਰਕਾਰੀ ਹਸਪਤਾਲ ‘ਚ ਆ ਕੇ ਮਾਹਿਰ ਡਾਕਟਰਾਂ ਦੀ ਸਲਾਹ ਲੈ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭ ਸਕਦੇ ਹਨ। ਅੱਜ ਮਾਹਵਾਰੀ ਸਵੱਛਤਾ ਦਿਵਸ ਮੌਕੇ ਬਲਾਕ ਦੇ ਵੱਖ-ਵੱਖ ਕੇਂਦਰਾਂ ਵਿੱਚ ਔਰਤਾਂ ਨੂੰ ਪੀਰੀਅਡ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਬਾਰੇ ਦੱਸਿਆ ਗਿਆ।

[wpadcenter_ad id='4448' align='none']