ਮੱਕੀ ਫ਼ਸਲ ਦੀਆਂ ਖਾਦਾਂ, ਦਵਾਈਆਂ ਤੇ ਹੋਰ ਇਨਪੁਟਸ ਉੱਪਰ ਸਰਕਾਰ ਦੇ ਰਹੀ 6000 ਰੁਪਏ ਪ੍ਰਤੀ ਹੈਕਟੇਅਰ ਸਬਸਿਡੀ

ਮੋਗਾ, 12 ਜੂਨ:
ਪੰਜਾਬ ਸਰਕਾਰ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਵੱਲ ਲਿਜਾਣ ਲਈ ਮੱਕੀ ਦੀ ਫ਼ਸਲ ਉਗਾਉਣ ਲਈ ਉਤਸ਼ਾਹਿਤ ਕਰ ਰਹੀ ਹੈ ਤਾਂ ਕਿ ਕਿਸਾਨਾਂ ਦੀ ਆਮਦਨੀ ਘਟਾਉਣ ਤੋਂ ਬਿਨ੍ਹਾਂ ਹੀ ਧਰਤੀ ਹੇਠਲੇ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਇਆ ਜਾ ਸਕੇ।ਇਸ ਵਾਰ ਸਰਕਾਰ ਵੱਲੋਂ ਮੱਕੀ ਦੇ ਪਲਾਂਟਾਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਜਿਹੜਾ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪ੍ਰਮਾਣਿਤ ਮੱਕੀ ਦੀਆਂ ਹਾਈਬ੍ਰਿਡ ਕਿਸਮਾਂ ਨਾਲ ਮੱਕੀ ਬੀਜੇਗਾ ਉਸਨੂੰ 100 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਬੀਜ ਸਬਸਿਡੀ ਉਲਪੱਬਧ ਕਰਵਾਈ ਜਾਵੇਗੀ। ਕਿਸਾਨਾਂ ਨੂੰ ਮੱਕੀ ਦਾ ਬੀਜ ਅਤੇ ਹੋਰ ਇਨਪੁਟਸ ਜਿਵੇਂ ਕਿ ਖਾਦਾਂ, ਦਵਾਈਆਂ ਆਦਿ ਸਹਾਇਤਾ ਦੇ ਤੌਰ ਤੇ 2400 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ ਜਿਹੜੀ ਕਿ ਹੈਕਟੇਅਰ ਦੇ ਹਿਸਾਬ ਨਾਲ 6000 ਰੁਪਏ ਹੈਕਟੇਅਰ ਬਣਦੀ ਹੈ। ਇੱਕ ਕਿਸਾਨ ਵੱਧ ਤੋਂ ਵੱਧ 5 ਏਕੜ ਜਾਂ 10 ਪੈਕਟ ਮੱਕੀ ਦੇ ਹਾਈਬ੍ਰਿਡ ਬੀਜ ਉੱਪਰ ਸਬਸਿਡੀ ਪ੍ਰਾਪਤ ਕਰ ਸਕਦਾ ਹੈ। ਇਸ ਸਬਸਿਡੀ ਨੂੰ ਪ੍ਰਾਪਤ ਕਰਨ ਲਈ ਕਿਸਾਨ www.agrimachinerypb.com  ਪੋਰਟਲ ‘ਤੇ ਅਪਲਾਈ ਕਰ ਸਕਦੇ ਹਨ। ਕਿਸਾਨ ਨੇ ਜਿਹੜੇ ਵੀ ਬੀਜ ਅਤੇ ਹੋਰ ਇਨਪੁਟਸ ਜਿਵੇ ਕਿ ਖਾਦਾਂ, ਦਵਾਈਆਂ ਆਦਿ ਉੱਪਰ ਵਿੱਤੀ ਸਹਾਇਤਾ ਪ੍ਰਾਪਤ ਕਰਨੀ ਹੈ ਉਨ੍ਹਾਂ ਦੀ ਖ੍ਰੀਦ ਦੇ ਬਿੱਲ 20 ਮਈ ਤੋਂ 25 ਜੂਨ, 2024 ਤੱਕ ਹੋਣੇ ਚਾਹੀਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੇਤੀਬਾੜੀ ਮਾਹਿਰਾਂ ਦੀ ਕਿਸਾਨਾਂ ਨੂੰ ਇਹ ਸਲਾਹ ਹੈ ਕਿ ਉਹ ਮੱਕੀ ਦਾ ਵਧੇਰੇ ਝਾੜ ਲੈਣ ਲਈ ਇਸਨੂੰ ਵੱਟਾਂ ਉੱਪਰ ਬੀਜਣ। ਮੱਕੀ ਦੀ ਨਵੀਨਤਮ ਮਸ਼ੀਨਰੀ ਜਿਵੇਂ ਕਿ ਨਿਉਮੈਟਿਕ ਪਲਾਂਟਰ, ਮੇਜ਼ ਸ਼ੈਲਰ ਆਦਿ ਲੈਣ ਲਈ ਬਲਾਕ ਖੇਤੀਬਾੜੀ ਅਫ਼ਸਰ ਨਾਲ ਰਾਬਤਾ ਬਣਾ ਸਕਦੇ ਹਨ।  
ਸ੍ਰ. ਕੁਲਵੰਤ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਫ਼ਸਲੀ ਵਿਭਿੰਨਤਾ ਵੱਲ ਆਉਣ ਤਾਂ ਕਿ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਸਥਿਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਉਹ ਕਿਸਾਨਾਂ ਨੂੰ ਉਨ੍ਹਾਂ ਦੀ ਆਮਦਨੀ ਸਥਿਰ ਰੱਖ ਕੇ ਫ਼ਸਲੀ ਵਿਭਿੰਨਤਾ ਵੱਲ ਲਿਜਾਵੇ।

[wpadcenter_ad id='4448' align='none']