ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਮਿਸ਼ਨ ਆਗਾਜ਼ ਤਹਿਤ  ਮੁਫ਼ਤ ਕੰਪਿਊਟਰ ਸਿਖਲਾਈ ਦੇ ਸੱਤਵੇਂ ਬੈਚ ਲਈ ਰਜਿਸਟ੍ਰੇਸ਼ਨ ਸ਼ੁਰੂ

ਫਿਰੋਜ਼ਪੁਰ 21 ਜੂਨ (     )

          ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਬਿਊਰੋ ਫਿਰੋਜ਼ਪੁਰ ਵਲੋਂ ਮਿਸ਼ਨ ਅਗਾਜ਼ ਅਧੀਨ ਦਫਤਰ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਮੌਜੂਦ ਕੰਪਿਊਟਰ ਲੈਬ ਵਿੱਚ ਜ਼ਿਲ੍ਹੇ ਦੇ ਲੋੜਵੰਦ ਅਤੇ ਇਛੁੱਕ ਲੜਕੇ-ਲੜਕੀਆਂ ਲਈ ਮੁਫ਼ਤ ਕੰਪਿਊਟਰ ਕੋਰਸ ਦਾ ਸੱਤਵਾਂ ਬੈਚ ਜਲਦ ਸ਼ੁਰੂ ਕੀਤਾ ਜਾਣਾ ਹੈ। ਇਸ ਬੈਚ ਲਈ ਪ੍ਰਾਰਥੀ 25 ਜੂਨ ਮੰਗਲਵਾਰ ਅਤੇ 26 ਜੂਨ 2024 ਬੁੱਧਵਾਰ ਨੂੰ 10:00 ਵਜੇ ਤੋਂ 01:00 ਵਜੇ ਤੱਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਿਰੋਜ਼ਪੁਰ ਵਿਖੇ ਪਹੁੰਚ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

           ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਫਿਰੋਜਪੁਰ ਸ਼੍ਰੀ ਦਿਲਬਾਗ ਸਿੰਘ ਵੱਲੋਂ ਵਧੇਰੇ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਇਹ ਕੋਰਸ 2 ਮਹੀਨਿਆਂ ਲਈ ਚਲਾਇਆ ਜਾਵੇਗਾ। ਜਿਸ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਕੰਪਿਊਟਰ ਦੀ ਮੁੱਢਲੀ ਜਾਣਕਾਰੀ ਦੇਣ ਦੇ ਨਾਲ ਨਾਲ ਭਵਿੱਖ ਵਿੱਚ ਆਉਣ ਵਾਲੀ ਭਰਤੀ ਦੇ ਕਾਬਲ ਬਣਾਉਣਾ ਹੈ। ਕੋਰਸ ਦੌਰਾਨ ਪ੍ਰਾਰਥੀਆਂ ਨੂੰ ਬੇਸਿਕ ਕੰਪਿਊਟਰ, ਡਿਜੀਟਲ ਲਿਟਰੇਸੀ, ਪਰਸਨੈਲਟੀ ਡਿਵੈਲਪਮੈਂਟ, ਇੰਟਰਵਿਊ ਸਕਿੱਲਜ਼ ਅਤੇ ਹੁਨਰ ਨੂੰ ਨਿਖਾਰਣ ਲਈ ਲੋੜੀਂਦੀ ਸਿੱਖਿਆ ਦਿੱਤੀ ਜਾਵੇਗੀ। ਟੇ੍ਨਿੰਗ ਉਪਰੰਤ ਪ੍ਰਾਰਥੀਆਂ ਨੂੰ ਭਾਗ ਲੈਣ ਸਬੰਧੀ ਸਰਟੀਫਿਕੇਟ ਦਿੱਤਾ ਜਾਵੇਗਾ। ਇਸ ਟ੍ਰੇਨਿੰਗ ਲਈ ਘੱਟੋ-ਘੱਟ ਬਾਰਵ੍ਹੀਂ ਪਾਸ 18 ਤੋਂ 35 ਸਾਲ ਦੇ ਪ੍ਰਾਰਥੀ ਰਜਿਸ਼ਟ੍ਰੇਸ਼ਨ ਕਰਵਾ ਸਕਦੇ ਹਨ ਜਿਨ੍ਹਾਂ ਵਿੱਚੋਂ ਪੜ੍ਹਾਈ ਦੀ ਪ੍ਰਤੀਸ਼ਤ ਅਤੇ ਉਮਰ ਦੀ ਸੀਨੀਆਰਤਾ ਦੇ ਆਧਾਰ ਤੇ ਪਹਿਲੇ 30 ਉਮੀਦਵਾਰਾਂ ਨੂੰ ਚੁਣ ਲਿਆ ਜਾਵੇਗਾ। ਰਜਿਸ਼ਟ੍ਰੇਸ਼ਨ ਲਈ ਆਉਂਦੇ ਸਮੇਂ ਉਮੀਦਵਾਰ ਯੋਗਤਾ ਸਰਟੀਫਿਕੇਟ (ਦਸਵੀਂ-ਬਾਰਵ੍ਹੀਂ ਆਦਿ), ਆਧਾਰ ਕਾਰਡ ਆਦਿ ਸੰਪੂਰਨ ਦਸਤਾਵੇਜ਼ ਅਤੇ ਉਹਨਾਂ ਦੀਆਂ ਫੋਟੋ ਕਾਪੀਆਂ ਨਾਲ ਲੈ ਕੇ ਆਉਣ।

          ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਿਰੋਜ਼ਪੁਰ ਵੱਲੋਂ ਇਹ ਵੱਖਰਾ ਉਪਰਾਲਾ ਕੀਤਾ ਗਿਆ ਤਾਂ ਜੋ ਸਰਕਾਰ ਵੱਲੋਂ ਸਥਾਪਿਤ ਇਨਫਰਾਸੱਟਰਕਚਰ ਨੂੰ ਲੋੜਵੰਦ ਪ੍ਰਾਰਥੀਆਂ ਦੀ ਭਲਾਈ ਲਈ ਲਾਹੇਵੰਦ ਬਣਾਇਆ ਜਾ ਸਕੇ। ਬਿਊਰੋ ਵਿੱਚ ਸਥਾਪਿਤ ਕੰਪਿਊਟਰ ਲੈਬ-ਲਾਇਬ੍ਰੇਰੀ ਵਿੱਚ ਇਹ ਬੈਚ ਚਲਾਇਆ ਜਾਵੇਗਾ ਅਤੇ ਇਸ ਬੈਚ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ/ਕਸਬਿਆਂ ਤੋਂ ਪ੍ਰਾਰਥੀ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਬਿਊਰੋ ਵੱਲੋਂ ਮੁਫ਼ਤ ਕੰਪਿਊਟਰ ਕੋਰਸ ਦੇ ਛੇ ਬੈਚ ਸਫ਼ਲਤਾਪੂਰਵਕ ਚਲਾਏ ਜਾ ਚੁੱਕੇ ਹਨ।

[wpadcenter_ad id='4448' align='none']