ਝੋਨੇ ਦੀ ਸਿੱਧੀ ਬਿਜਾਈ ਨੇ ਜੋਰ ਫੜਿਆ, ਫਾਜ਼ਿਲਕਾ ਜ਼ਿਲ੍ਹਾ ਟੀਚੇ ਦੇ ਨੇੜੇ

ਫਾਜ਼ਿਲਕਾ 24 ਜੂਨ
 ਫਾਜ਼ਿਲਕਾ ਜਿਲੇ ਵਿੱਚ ਝੋਨੇ ਦੀ ਸਿੱਧੀ ਬਜਾਈ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਪਾਣੀ ਦੀ ਬੱਚਤ ਦੇ ਉਦੇਸ਼ ਨਾਲ ਸਿੱਧੀ ਬਿਜਾਈ ਕਰਨ ਨੂੰ ਪਹਿਲ ਦੇਣ ਦੇ ਦਿੱਤੇ ਸੱਦੇ ਤੇ ਜਿਲੇ ਦੇ ਕਿਸਾਨਾਂ ਨੇ ਵੱਡੇ ਉਤਸਾਹ ਨਾਲ ਸਿੱਧੀ ਬਿਜਾਈ ਆਰੰਭੀ ਹੈ।
ਜਿਲੇ ਦੇ ਪਿੰਡ ਲੱਧੂਵਾਲਾ ਉਤਾੜ ਬਲਾਕ ਜਲਾਲਾਬਾਦ ਦੇ ਕਿਸਾਨ ਗੁਰਬਿੰਦਰ ਪਾਲ ਸਿੰਘ ਆਖਦਾ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਉਹ ਪਿਛਲੇ ਚਾਰ ਸਾਲਾਂ ਤੋਂ ਕਰ ਰਿਹਾ ਸੀ ਅਤੇ ਇਸ ਦੇ ਚੰਗੇ ਨਤੀਜਿਆਂ ਤੋਂ ਉਹ ਇਸ ਤਕਨੀਕ ਨੂੰ ਲਗਾਤਾਰ ਅਪਣਾਉਂਦਾ ਆ ਰਿਹਾ ਹੈ। ਉਸਨੇ ਹੋਰਨਾਂ ਕਿਸਾਨਾਂ ਨਾਲ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਇਹ ਤਕਨੀਕ ਕਾਮਯਾਬ ਹੈ ਅਤੇ ਜਿਹੜੇ ਕਿਸਾਨ ਹਲੇ ਇਸ ਵਿਧੀ ਨਾਲ ਬਿਜਾਈ ਕਰਨ ਬਾਰੇ ਸੋਚ ਰਹੇ ਹਨ ਉਹ ਬੇਝਿਜਕ ਇਸ ਤਕਨੀਕ ਨੂੰ ਆਪਣਾ ਸਕਦੇ ਹਨ। ਉਸਨੇ ਦੱਸਿਆ ਕਿ ਉਸ ਵੱਲੋਂ ਇਸ ਵਾਰ ਪੂਸਾ ਬਾਸਮਤੀ 17 18 ਕਿਸਮ ਦੀ ਬਿਜਾਈ 24 ਏਕੜ ਵਿੱਚ ਡੀਐਸ ਆਰ ਡਰਿਲ ਨਾਲ ਕੀਤੀ ਗਈ ਹੈ। ਉਸ ਨੇ ਕਿਹਾ ਕਿ ਉਸ ਨੂੰ ਝੋਨੇ ਦੀ ਸਿੱਧੀ ਬਜਾਈ ਵਿੱਚ ਕੋਈ ਖਾਸ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ।
 ਕਿਸਾਨ ਨੇ ਆਖਿਆ ਕਿ ਕੁਝ ਖੇਤਾਂ ਵਿੱਚ ਨਦੀਨ ਦੀ ਸਮੱਸਿਆ ਆਈ ਸੀ ਜਿਸ ਦੀ ਰੋਕਥਾਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਨਦੀਨ ਨਾਸ਼ਕ ਵਰਤ ਕੇ ਬਹੁਤ ਵਧੀਆ ਤਰੀਕੇ ਨਾਲ ਕਰ ਲਈ ਗਈ। ਉਨਾਂ ਆਖਿਆ ਕਿ ਇਸ ਤਕਨੀਕ ਨਾਲ ਪਾਣੀ, ਲੇਬਰ ਅਤੇ ਸਮੇਂ ਦੀ ਬਚਤ ਹੁੰਦੀ ਹੈ। ਕਿਸਾਨ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਉਸ ਨੂੰ 1500 ਪ੍ਰਤੀ ਏਕੜ ਮਾਲੀ ਸਹਾਇਤਾ ਦਿੱਤੀ ਗਈ ਹੈ ਜਿਸ ਨਾਲ ਉਸਨੂੰ ਆਰਥਿਕ ਲਾਭ ਵੀ ਪ੍ਰਾਪਤ ਹੋਇਆ ਹੈ। ਕਿਸਾਨ ਵੱਲੋਂ ਬਾਕੀ ਕਿਸਾਨਾਂ ਨੂੰ ਵੀ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਅਪੀਲ ਕੀਤੀ ਗਈ ਹੈ।
 ਦੂਜੇ ਪਾਸੇ ਇਸ ਸਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 40 ਹਜਾਰ ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਟੀਚਾ ਮਿਥਿਆ ਗਿਆ ਹੈ ਜਦਕਿ ਹੁਣ ਤੱਕ ਜ਼ਿਲ੍ਹੇ ਵਿੱਚ 34,950 ਏਕੜ ਝੋਨੇ ਦੀ ਸਿੱਧੀ ਬਜਾਈ ਹੋਣ ਸਬੰਧੀ ਕਿਸਾਨਾਂ ਨੇ ਆਨਲਾਈਨ ਪੋਰਟਲ ਤੇ ਸਬਸਿਡੀ ਲੈਣ ਲਈ ਅਪਲਾਈ ਕੀਤਾ ਹੈ। ਉਹਨਾਂ ਨੇ ਆਖਿਆ ਕਿ ਕਿਸਾਨ 30 ਜੂਨ ਤੱਕ ਆਨਲਾਈਨ ਪੋਰਟਲ  https://agrimachinerypb.com/home/DSR23Department   ਤੇ ਸਬਸਿਡੀ ਲੈਣ ਲਈ ਅਪਲਾਈ ਕਰ ਸਕਦੇ ਹਨ। ਉਹਨਾਂ ਨੇ ਕਿਹਾ ਕਿ ਜਿਹੜੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰ ਚੁੱਕੇ ਹਨ ਜਾਂ ਕਰ ਰਹੇ ਹਨ ਉਹ ਆਨਲਾਈਨ ਪੋਰਟਲ ਤੇ 30 ਜੂਨ ਤੋਂ ਪਹਿਲਾਂ ਪਹਿਲਾਂ ਜਰੂਰ ਅਪਲਾਈ ਕਰਨ।

[wpadcenter_ad id='4448' align='none']