ਆਮ ਆਦਮੀ ਕਲੀਨਿਕਾਂ ਰਾਹੀਂ ਮਿਆਰੀ ਸਿਹਤ ਸਹੂਲਤਾਂ ‘ਚ ਆਈ ਕ੍ਰਾਂਤੀ : – ਧੀਮਾਨ

ਫ਼ਿਰੋਜ਼ਪੁਰ, 24 ਜੂਨ 2024:

          ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਰਹਿਨੁਮਾਈ ਹੇਠ ਸੂਬੇ ਵਿੱਚ ਚਲਾਏ ਜਾ ਰਹੇ ਆਮ ਆਦਮੀ ਕਲੀਨਿਕ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ। ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਕੁਲ 28 ਆਮ ਆਦਮੀ ਕਲੀਨਿਕਾਂ ਰਾਹੀਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਲੋਕਾਂ ਲਈ ਓਪ.ਪੀ.ਡੀ. ਸੇਵਾਵਾਂ ਉਪਲੱਬਧ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ੍ਰੀ ਰਾਜੇਸ਼ ਧੀਮਾਨ ਨੇ ਕੀਤਾ।

          ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ ਕੁੱਲ 28 ਆਮ ਆਦਮੀ ਕਲੀਨਿਕ ਫ਼ਿਰੋਜ਼ਪੁਰ ਸ਼ਹਿਰ, ਜ਼ੀਰਾ, ਗੁਰੂਹਰਸਹਾਏ, ਮੇਹਰ ਸਿੰਘ ਵਾਲਾ, ਕੋਟ ਕਰੋੜ ਕਲਾਂ, ਯੂ.ਪੀ.ਐਚ.ਸੀ. ਫਿਰੋਜ਼ਪੁਰ ਸ਼ਹਿਰ, ਯੂ.ਪੀ.ਐਚ.ਸੀ. ਫ਼ਿਰੋਜ਼ਪੁਰ ਕੈਂਟ, ਮੱਲਾਂਵਾਲਾ, ਕੱਸੋਆਣਾ, ਲੱਲ੍ਹੇ, ਮੁੱਦਕੀ, ਮੱਲਵਾਲ ਕਦੀਮ, ਤਲਵੰਡੀ ਭਾਈ, ਜੀਵਾਂ ਅਰਾਈਂ, ਸੋਹਨਗੜ੍ਹ, ਪੰਜੇ ਕੇ ਉਤਾੜ, ਖਾਈ ਫੇਮੇ ਕੀ, ਲੱਖੋ ਕੇ ਬਹਿਰਾਮ, ਆਰਿਫ਼ ਕੇ, ਨੂਰਪੁਰ ਸੇਠਾਂ, ਝੋਕ ਹਰੀਹਰ, ਵਕੀਲਾਂ ਵਾਲੀ, ਜ਼ੀਰਾ ਸ਼ਹਿਰੀ, ਖੋਸਾ ਦਲ ਸਿੰਘ, ਸੁਲਹਾਨੀ, ਲੋਂਗੋਦੇਵਾ, ਮੱਖੂ, ਬਸਤੀ ਮੁੱਧ ਵਿਖੇ ਚਲਾਏ ਜਾ ਰਹੇ ਹਨ ਜਿੱਥੇ ਹੁਣ ਤੱਕ 590610 ਲੋਕਾਂ ਨੂੰ ਸਿਹਤ ਸਬੰਧੀ ਸੇਵਾਵਾਂ/ਇਲਾਜ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਰਾਹੀਂ ਰਾਜ ਵਿਚ ਮਿਆਰੀ ਸਿਹਤ ਸਹੂਲਤਾਂ ‘ਚ ਕ੍ਰਾਂਤੀ ਆਈ ਹੈ ਜਿਸ ਦਾ ਰਾਜ ਦੇ ਲੋਕਾਂ ਨੂੰ ਬਹੁਤ ਲਾਭ ਹੋ ਰਿਹਾ ਹੈ।

          ਉਨ੍ਹਾਂ ਦੱਸਿਆ ਕਿ ਇਸ ਸਾਲ ਅਪ੍ਰੈਲ ਮਹੀਨੇ ਦੇ ਵਿੱਚ ਉਕਤ ਸਾਰੇ ਆਮ ਆਦਮੀ ਕਲੀਨਿਕਾਂ ਵਿੱਚ ਓ.ਪੀ.ਡੀ ਰਾਹੀ 54781 ਮਰੀਜਾਂ ਵੱਲੋਂ 36565 ਟੈਸਟ, ਮਈ ਮਹੀਨੇ ਵਿੱਚ 57175 ਮਰੀਜਾਂ ਵੱਲੋਂ 42036 ਟੈਸਟ ਅਤੇ ਜੂਨ ਮਹੀਨੇ ਵਿੱਚ ਹੁਣ ਤੱਕ ਓ.ਪੀ.ਡੀ. ਰਾਹੀ 31072 ਮਰੀਜਾਂ ਵੱਲੋਂ 20610 ਟੈਸਟ ਕਰਵਾਏ ਗਏ ਹਨ।

          ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜ਼ਰੂਰਤ ਪੈਣ ਤੇ ਸਭ ਤੋਂ ਪਹਿਲਾਂ ਆਮ ਆਦਮੀ ਕਲੀਨਿਕਾਂ ਰਾਹੀਂ ਮੁੱਢਲੀਆਂ ਸਿਹਤ ਸਹੂਲਤਾਂ ਲੈਣ ਅਤੇ ਜੇਕਰ ਫਿਰ ਵੀ ਜ਼ਰੂਰਤ ਪੈਂਦੀ ਹੈ ਤਾਂ ਉਹ ਜ਼ਿਲ੍ਹੇ ਵਿੱਚ ਖੋਲ੍ਹੇ ਗਏ ਬਾਕੀ ਸਿਹਤ ਕੇਂਦਰਾਂ ਰਾਹੀਂ ਵੀ ਆਪਣਾ ਇਲਾਜ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਆਮ ਆਦਮੀ ਕਲੀਨਿਕਾਂ ਵਿੱਚ ਲੋਕਾਂ ਨੂੰ ਲਗਭਗ 92 ਤਰ੍ਹਾਂ ਦੀਆਂ ਦਵਾਈਆਂ ਅਤੇ 38 ਤਰ੍ਹਾਂ ਦੇ ਕਲੀਨੀਕਲ ਟੈਸਟਾਂ ਦੀ ਸੁਵਿਧਾ ਬਿਲਕੁਲ ਮੁਫ਼ਤ ਦਿੱਤੀ ਜਾ ਰਹੀ ਹੈ।

          ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਵੀ ਆਮ ਆਦਮੀ ਕਲੀਨਿਕਾਂ ਦੀ ਵਧੀਆ ਕਾਰਗੁਜ਼ਾਰੀ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਲੀਨਿਕਾਂ ਦੇ ਕੰਮਕਾਜ ਦਾ ਨਿਰੀਖਣ ਸਮੇਂ-ਸਮੇਂ ‘ਤੇ ਕੀਤਾ ਜਾ ਰਿਹਾ ਹੈ ਤਾਂ ਜੋ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਇਹਨਾਂ ਕਲੀਨਿਕਾਂ ਦੇ ਸੰਬੰਧ ਵਿੱਚ ਮਰੀਜ਼ਾਂ /ਨਾਗਰਿਕਾਂ ਤੋਂ ਸੁਝਾਅ ਵੀ ਲਏ ਜਾਂਦੇ ਹਨ ਤਾਂ ਜੋ ਇਹਨਾਂ ਕਲੀਨਿਕਾਂ ਨੂੰ ਹੋਰ ਬਿਹਤਰ ਕੀਤਾ ਜਾ ਸਕੇ।

[wpadcenter_ad id='4448' align='none']