ਬਾਰਿਸ਼ਾਂ ਤੋਂ ਪਹਿਲਾਂ ਸਪੀਕਰ ਸੰਧਵਾਂ ਨੇ ਨਿਕਾਸੀ ਪ੍ਰਬੰਧਾਂ ਦਾ ਲਿਆ ਜਾਇਜ਼ਾ

ਕੋਟਕਪੂਰਾ (ਫਰੀਦਕੋਟ) 24 ਜੂਨ,

ਆਪਣੇ ਹਲਕੇ ਕੋਟਕਪੂਰਾ ਅਤੇ ਆਸ ਪਾਸ ਦੇ ਇਲਾਕਿਆਂ ਨੂੰ ਆਉਣ ਵਾਲੀਆਂ ਬਾਰਿਸ਼ਾਂ ਤੋਂ ਪਹਿਲਾਂ ਹੜ੍ਹ ਮੁਕਤ ਕਰਾਉਣ ਲਈ ਵਿੱਢੇ ਗਏ ਕੰਮਾਂ ਨੂੰ ਸਮੇਂ  ਸਿਰ ਜੰਗੀ ਪੱਧਰ ਤੇ ਮੁਕੰਮਲ ਕਰਨ ਦੇ ਹੁਕਮ ਜਾਰੀ ਕਰਦਿਆਂ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਹਰ ਛੋਟੇ ਵੱਡੇ ਕੰਮ ਦਾ ਜਾਇਜ਼ਾ ਲਿਆ।

ਸਥਾਨਕ ਬੀ.ਡੀ.ਪੀ.ਓ ਦਫਤਰ ਵਿਖੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਤੋਂ ਪਹਿਲਾਂ ਸਪੀਕਰ ਸੰਧਵਾਂ ਨੇ ਨਗਰ ਕੌਂਸਲ, ਡਰੇਨਜ਼ ਅਤੇ ਬਿਜਲੀ ਵਿਭਾਗਾਂ ਦੇ ਨੁਮਾਇੰਦਿਆਂ ਨਾਲ ਉਚੇਚੇ ਤੌਰ ਤੇ ਹੜ੍ਹ ਪ੍ਰਬੰਧਨ ਅਤੇ ਬਿਜਲੀ ਦੀ ਘਾਟ ਸਬੰਧੀ ਹਰ ਪਹਿਲੂ ਤੇ ਬਾਰੀਕੀ ਨਾਲ ਵਿਚਾਰ ਵਟਾਂਦਰਾ ਕੀਤਾ। ਗੱਲਬਾਤ ਦੌਰਾਨ ਸ. ਸੰਧਵਾਂ ਨੇ ਕਿਹਾ ਕਿ ਮੀਂਹਾਂ ਦੀ ਰੁੱਤ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਅਗਾਊਂ ਪ੍ਰਬੰਧ ਹਰ ਹੀਲੇ ਮੁਕੰਮਲ ਹੋ ਜਾਣੇ ਚਾਹੀਦੇ ਹਨ।

ਸ਼ਹਿਰਾਂ, ਕਸਬਿਆਂ, ਪਿੰਡਾਂ ਅਤੇ ਨਹਿਰਾਂ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਅਤੇ ਖਾਸ ਤੌਰ ਤੇ ਨੀਵੇਂ ਇਲਾਕੇ ਜਿੱਥੇ ਬਾਰਿਸ਼ਾਂ ਦੌਰਾਨ ਪਾਣੀ ਖੜ੍ਹਨ ਦਾ ਅੰਦੇਸ਼ਾ ਵਧੇਰੇ ਹੁੰਦਾ ਹੈ, ਓਨਾ ਇਲਾਕਿਆਂ ਵੱਲ ਖਾਸ ਤਵੱਜੋਂ ਦਿੱਤੇ ਜਾਣ ਦੀ ਤਾਕੀਦ ਕਰਦਿਆਂ ਉਨ੍ਹਾਂ ਕਿਹਾ ਕਿ ਫੰਡਾਂ ਅਤੇ ਮੁੱਢਲੀ ਸਹਾਇਤਾ ਸਬੰਧੀ ਲਿਖਤੀ ਅਤੇ ਜੁਬਾਨੀ ਤਾਲਮੇਲ ਸਮਾਂ ਰਹਿੰਦਿਆਂ ਹੀ ਕਰ ਲਿਆ ਜਾਵੇ।

ਬਿਜਲੀ, ਨਗਰ ਕੌਂਸਲ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਦਾ ਇਸ ਸੀਜ਼ਨ ਦੌਰਾਨ ਅਹਿਮ ਰੋਲ ਹੋਣ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਇਸ ਗੱਲ ਤੇ ਵਧੇਰੇ ਜ਼ੋਰ ਦਿੱਤਾ ਕਿ ਲੋਕਾਂ ਨੂੰ, ਖਾਸਕਰ ਆਰਥਿਕ ਤੌਰ ਤੇ ਕਮਜ਼ੋਰ ਅਤੇ ਪਿਛੜੇ ਵਰਗ ਨੂੰ ਬਾਰਿਸ਼ਾਂ ਦੌਰਾਨ ਖੱਜਲ ਹੋਣਾ ਪਵੇ, ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਵੇ।

ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਜਦੋਂ ਸਪੀਕਰ ਸੰਧਵਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਉਨ੍ਹਾਂ ਦੇ ਹਲਕੇ ਵਿੱਚ 6 ਕਰੋੜ ਰੁਪਏ ਦੀ ਗ੍ਰਾਂਟ ਨਾਲ ਹੋਣ ਵਾਲੇ ਕੰਮ ਕੁਝ ਫੰਡਾਂ ਕਾਰਨ ਰੁਕੇ ਹੋਏ ਹਨ ਤਾਂ ਉਨ੍ਹਾਂ ਤੁਰੰਤ ਸੈਕਟਰੀ ਲੋਕਲ ਬਾਡੀ ਨਾਲ ਟੈਲੀਫੋਨ ਤੇ ਤਾਲਮੇਲ ਕੀਤਾ। ਇਸ ਦੌਰਾਨ ਉਨ੍ਹਾਂ ਸਥਾਨਕ ਅਧਿਕਾਰੀਆਂ ਨੂੰ ਦੱਸਿਆ ਕਿ ਸੈਕਟਰੀ ਲੋਕਲ ਬਾਡੀ ਨੇ ਫੰਡਾਂ ਸਬੰਧੀ ਹਰ ਅੜਚਨ ਨੂੰ ਤੁਰੰਤ ਪ੍ਰਭਾਵ ਨਾਲ ਦੂਰ ਕਰਨ ਦਾ ਆਸ਼ਵਾਸ਼ਨ ਦਿੱਤਾ ਹੈ।

ਇਸ ਮੌਕੇ ਐਸ.ਐਸ.ਪੀ. ਫਾਜਿਲਕਾ ਪ੍ਰਗਿਆ ਜੈਨ ਤੋਂ ਇਲਾਵਾ ਹੋਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

[wpadcenter_ad id='4448' align='none']