ਮੋਗਾ 8 ਜੁਲਾਈ:
ਨੀਤੀ ਆਯੋਗ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਨੂੰ ਵੱਖ-ਵੱਖ ਖਾਸ ਖੇਤਰਾਂ ਵਿੱਚ ਅੱਗੇ ਲਿਜਾਣ ਲਈ ਐਸਪੀਰੇਸ਼ਨਲ ਜ਼ਿਲ੍ਹਾ ਤੇ ਬਲਾਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ, ਜਿਸ ਤਹਿਤ ਜ਼ਿਲ੍ਹਾ ਮੋਗਾ ਨੂੰ ਐਸਪੀਰੇਸ਼ਨਲ ਜ਼ਿਲ੍ਹਾ ਅਤੇ ਨਿਹਾਲ ਸਿੰਘ ਵਾਲਾ ਨੂੰ ਐਸਪੀਰੇਸ਼ਨਲ ਬਲਾਕ ਘੋਸ਼ਿਤ ਕੀਤਾ ਗਿਆ ਹੈ। ਪ੍ਰੋਗਰਾਮ ਤਹਿਤ ਜ਼ਿਲ੍ਹੇ ਅਤੇ ਬਲਾਕ ਦੇ ਕਮਜ਼ੋਰ ਖੇਤਰਾਂ ਨੂੰ ਮਜ਼ਬੂਤੀ ਦੇਣ ਲਈ ਬਹੁਤ ਸਾਰੇ ਮਹੱਤਵਪੂਰਨ ਕਾਰਜ ਪੂਰੇ ਹੋ ਚੁੱਕੇ ਹਨ ਅਤੇ ਕੁੱਝ ਕਾਰਵਾਈ ਅਧੀਨ ਹਨ। ਪ੍ਰੋਗਰਾਮ ਅਧੀਨ ਵੱਖ ਵੱਖ ਮਹੱਤਵਪੂਰਨ 6 ਪਹਿਲੂਆਂ ਦੇ ਸੰਪੂਰਨਤਾ ਅਭਿਆਨ ਦਾ ਉਦਘਾਟਨੀ ਸਮਾਰੋਹ ਅੱਜ ਆਈ.ਐਸ.ਐਫ. ਕਾਲਜ ਘੱਲ ਕਲਾਂ ਵਿਖੇ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦੇ ਉਦਘਾਟਨੀ ਸਮਾਰੋਹ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਕੈਬਨਿਟ ਮੰਤਰੀ ਸ੍ਰ. ਗੁਰਮੀਤ ਸਿੰਘ ਖੁੱਡੀਆਂ, ਵਿਧਾਇਕ ਬਾਘਾਪੁਰਾਣਾ ਸ੍ਰ. ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਨੀਤੀ ਆਯੋਗ ਤੋਂ ਸ੍ਰੀਮਤੀ ਸਾਕਸ਼ੀ ਅਧਿਕਾਰੀ ਸੈਕਸ਼ਨ ਅਫ਼ਸਰ, ਵਧੀਕ ਡਿਪਟੀ ਕਮਿਸ਼ਨਰ (ਜ਼) ਸ੍ਰ. ਜਗਵਿੰਦਰਜੀਤ ਸਿੰਘ ਗਰੇਵਾਲ, ਸਹਾਇਕ ਕਮਿਸ਼ਨਰ (ਜ) ਸ੍ਰੀਮਤੀ ਸ਼ੁਭੀ ਆਂਗਰਾ, ਉਪ ਅਰਥ ਤੇ ਅੰਕੜਾ ਸਲਾਹਕਾਰ ਸ੍ਰੀਮਤੀ ਪਰਵੀਨ ਕੁਮਾਰੀ, ਸ਼ਿਵਦੀਪ ਗੋਇਲ ਇਨਵੈਸਟੀਗੇਟਰ ਅਤੇ ਹੋਰ ਵੀ ਅਧਿਕਾਰੀ ਕਰਮਚਾਰੀ ਹਾਜ਼ਰ ਸਨ।
ਕੈਬਨਿਟ ਮੰਤਰੀ ਸ੍ਰ. ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਐਸਪੀਰੇਸ਼ਨਲ ਜ਼ਿਲ੍ਹਾ/ਬਲਾਕ ਪ੍ਰੋਗਰਾਮ ਤਹਿਤ ਜ਼ਿਲ੍ਹਾ ਮੋਗਾ ਨੂੰ ਵੱਖ-ਵੱਖ ਕਮਜ਼ੋਰ ਪਹਿਲੂਆਂ ਤੋਂ ਮਜ਼ਬੂਤੀ ਵੱਲ ਲਿਜਾਇਆ ਜਾ ਰਿਹਾ ਹੈ, ਇਹ ਇੱਕ ਚੰਗੀ ਪਹਿਲਕਦਮੀ ਹੈ।ਉਨ੍ਹਾਂ ਕਿਹਾ ਕਿ ਸਿਹਤ, ਸਿੱਖਿਆ, ਪੋਸ਼ਣ ਪਹਿਲੂਆਂ ਵਿੱਚ ਜ਼ਿਲ੍ਹਾ ਮੋਗਾ ਹੁਣ ਤਰੱਕੀ ਕਰ ਰਿਹਾ ਹੈ। ਵਿਧਾਇਕ ਬਾਘਾਪੁਰਾਣਾ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਵੀ ਪ੍ਰੋਗਰਾਮ ਦੌਰਾਨ ਆਪਣੇ ਵਿਚਾਰ ਸਾਂਝੇ ਕੀਤੇ।
ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇਸ ਅਭਿਆਨ ਦੀ ਸ਼ੁਰੂਆਤ ਨੂੰ ਸਮਰਪਿਤ ਅੱਜ ਜ਼ਿਲ੍ਹਾ ਮੋਗਾ ਅਤੇ ਬਲਾਕ ਨਿਹਾਲ ਸਿੰਘ ਵਾਲਾ ਵਿਖੇ ਵੱਖ ਵੱਖ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ। ਵਿਦਿਆਰਥੀਆਂ ਵੱਲੋਂ ਪ੍ਰਭਾਤ ਫੇਰੀ, ਨੁੱਕੜ ਨਾਟਕ ਤੋਂ ਇਲਾਵਾ ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਮੋਗਾ ਵੱਲੋਂ ਪੌਸ਼ਿਕ ਤੇ ਪੂਰਨ ਆਹਾਰ ਦੇ ਸਰੋਤਾਂ ਪ੍ਰਤੀ ਜਾਗਰੂਕਤਾ ਕਰਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਜਿਹਨਾਂ ਦੀ ਕੈਬਨਿਟ ਮੰਤਰੀ ਵੱਲੋਂ ਸ਼ਲਾਘਾ ਕੀਤੀ।
ਸੰਪੂਰਾਨਾ ਅਭਿਆਨ ਤਹਿਤ ਜਿਹੜੇ 6 ਪਹਿਲੂਆਂ ਦੇ ਟੀਚਿਆਂ ਨੂੰ ਸਤ ਫੀਸਦੀ ਪੂਰਾ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਉਨ੍ਹਾਂ ਵਿੱਚ ਸਿਹਤ, ਪੋਸ਼ਣ, ਖੇਤੀਬਾੜੀ, ਸਿੱਖਿਆ, ਸਮਾਜਿਕ ਤਰੱਕੀ ਆਦਿ ਨਾਲ ਸਬੰਧਤ ਵੱਖ-ਵੱਖ ਮਹੱਤਵਪੂਰਨ ਕਾਰਜ ਸ਼ਾਮਲ ਹਨ। ਇਸ ਤਹਿਤ ਵੱਖ ਵੱਖ ਅਹਿਮ ਗਤੀਵਿਧੀਆਂ 30 ਸਤੰਬਰ 2024 ਤੱਕ ਚੱਲਣਗੀਆਂ। ਉਨ੍ਹਾਂ ਦੱਸਿਆ ਕਿ ਸਿੱਖਿਆ ਪਹਿਲੂ ਬਾਰੇ ਗੱਲ ਕੀਤੀ ਜਾਵੇ ਤਾਂ ਸਾਰੇ ਸੈਕੰਡਰੀ ਸਕੂਲਾਂ ਵਿੱਚ ਬਿਜਲੀ ਸਪਲਾਈ, ਵਿਦਿਆਰਥੀਆਂ ਨੂੰ ਪਾਠ ਪੁਸਤਕਾਂ ਵੰਡਣ ਦੇ ਕੰਮ ਨੂੰ ਸਤ ਫੀਸਦੀ ਪੂਰਾ ਕਰ ਲਿਆ ਗਿਆ ਹੈ। ਸਿਹਤ ਤੇ ਪੋਸ਼ਣ ਪਹਿਲੂ ਵਿੱਚ ਗਰਭਵਤੀ ਔਰਤਾਂ ਨੂੰ ਏ.ਐਨ.ਸੀ ਤਹਿਤ ਰਜਿਸਟਰਡ ਕਰਨ, ਆਈ.ਸੀ.ਡੀ.ਐਸ ਪ੍ਰੋਗਰਾਮ ਤਹਿਤ ਗਰਭਵਤੀ ਔਰਤਾਂ ਨੂੰ ਪੋਸ਼ਣ ਮੁਹੱਈਆ ਕਰਵਾਉਣ ਦਾ ਕੰਮ ਵੀ ਤਕਰੀਬਨ ਪੂਰਾ ਹੋਣ ਵਾਲਾ ਹੈ। ਉਨ੍ਹਾਂ ਨੀਤੀ ਆਯੋਗ ਦੇ ਇਸ ਪ੍ਰੋਗਰਾਮ ਦੇ ਸੰਪੂਰਨਤਾ ਅਭਿਆਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਸਮੂਹ ਵਿਭਾਗ ਆਪਣਾ ਬਣਦਾ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਜ਼ਿਕਰਯੋਗ ਹੈ ਕਿ ਐਸਪੀਰੇਸ਼ਨਲ ਜ਼ਿਲ੍ਹਾ ਅਤੇ ਬਲਾਕ ਪ੍ਰੋਗਰਾਮ ਭਾਰਤ ਸਰਕਾਰ ਦੀ ਇੱਕ ਪਹਿਲਕਦਮੀ ਹੈ, ਜਿਸ ਦਾ ਮੁੱਖ ਉਦੇਸ਼ ਵੱਖ-ਵੱਖ ਮਾਪਦੰਡਾਂ ਵਿੱਚ ਪਛੜ ਰਹੇ ਜ਼ਿਲ੍ਹਿਆਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਅਤੇ ਆਰਥਿਕ ਵਿਕਾਸ ਕਰਨਾ ਹੈ।
ਐਸਪੀਰੇਸ਼ਨਲ ਜ਼ਿਲ੍ਹਾ/ਬਲਾਕ ਪ੍ਰੋਗਰਾਮ ਅਧੀਨ ਸੰਪੂਰਨਤਾ ਅਭਿਆਨ ਦਾ ਉਦਘਾਟਨੀ ਸਮਾਗਮ ਆਯੋਜਿਤ
[wpadcenter_ad id='4448' align='none']