ਜ਼ਿਲ੍ਹਾ ਟੀ.ਬੀ. ਫੋਰਮ ਦੀ ਹੋਈ ਮੀਟਿੰਗ

ਫ਼ਿਰੋਜ਼ਪੁਰ, 11 ਜੁਲਾਈ 2024:

          ਭਾਰਤ ਨੂੰ 2025 ਤੱਕ ਟੀ.ਬੀ. ਮੁਕਤ ਬਣਾਉਣ ਦੇ ਮੁੱਖ ਉਦੇਸ਼ ਨਾਲ ਸਹਾਇਕ ਕਮਿਸ਼ਨ (ਜ) ਸ੍ਰੀ ਸੂਰਜ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਟੀ.ਬੀ. ਫੋਰਮ ਦੀ ਮੀਟਿੰਗ ਹੋਈ, ਜਿਸ ਵਿਚ ਟੀ.ਬੀ. ਰੋਗ ਤੋਂ ਪੀੜਤ ਲੋਕਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਮੁਫ਼ਤ ਸਿਹਤ ਸਹੂਲਤਾਂ ਸਬੰਧੀ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾਂ ਕੀਤਾ ਗਿਆ। ਮੀਟਿੰਗ ਵਿੱਚ ਵਿਸ਼ਵ ਸਿਹਤ ਸੰਗਠਨ ਤੋਂ ਡਾ. ਪਰਿਤੋਸ਼ ਵੀ ਉਚੇਚੇ ਤੌਰ ‘ਤੇ ਸ਼ਾਮਲ ਹੋਏ।

          ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟੀ.ਬੀ. ਅਫ਼ਸਰ ਡਾ. ਸਤਿੰਦਰ ਓਬਰਾਏ ਨੇ ਦੱਸਿਆ ਕਿ ਦੇਸ਼ ਨੂੰ 2025 ਤੱਕ ਟੀ.ਬੀ. ਮੁਕਤ ਬਣਾਉਣ ਲਈ ਸਿੱਖਿਆ ਵਿਭਾਗ, ਜ਼ਿਲ੍ਹਾ ਪ੍ਰੀਸ਼ਦ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਅਤੇ ਤਾਲਮੇਲ ਜ਼ਰੂਰੀ ਹੈ। ਉਨ੍ਹਾਂ ਸਿਹਤ ਵਿਭਾਗ ਵੱਲੋਂ ਇਹ ਟੀਚਾ ਹਾਸਲ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਟੀ.ਬੀ. ਪੂਰੀ ਤਰਾਂ ਇਲਾਜਯੋਗ ਬਿਮਾਰੀ ਹੈ ਅਤੇ ਇਸ ਤੋਂ ਘਬਰਾਉਣ ਦੀ ਲੋੜ ਨਹੀਂ। ਕਿਉਂਕਿ ‘ਨਿਕਸ਼ੇ ਮਿਤਰਾ’ ਐਪ ਰਾਹੀ ਇਸ ਦਾ ਪੂਰਾ ਕੋਰਸ ਲੈਣ ਨਾਲ ਮਰੀਜ ਇਸ ਰੋਗ ਤੋਂ ਪੂਰੀ ਤਰਾਂ ਮੁਕਤੀ ਪਾ ਸਕਦਾ ਹੈ। ਦੋ ਹਫ਼ਤਿਆਂ ਤੋਂ ਜਿਆਦਾ ਖਾਂਸੀ, ਭੁੱਖ ਘੱਟ ਲਗਣਾ, ਵਜਨ ਦਾ ਘੱਟਣਾ, ਬਲਗਮ ਵਿਚ ਖੂਨ ਆਉਣਾ, ਛਾਤੀ ਵਿਚ ਦਰਦ ਆਦਿ ਟੀ.ਬੀ ਦੀਆਂ ਨਿਸ਼ਾਨੀਆਂ ਹਨ। ਅਜਿਹੇ ਵਿਅਕਤੀ ਤੁਰੰਤ ਆਪਣੀ ਬਲਗਮ ਦੀ ਜਾਂਚ ਜ਼ਰੂਰ ਕਰਵਾਉਣ, ਜੋ ਕਿ ਮਾਈਕਰੋਸਕੋਪਿਕ ਸੈਂਟਰਾ ਵਿਚ ਮੁਫ਼ਤ ਕੀਤੀ ਜਾਂਦੀ ਹੈ। ਜੇਕਰ ਮਰੀਜ ਦੀ ਰਿਪੋਰਟ ਪਾਜ਼ੇਟਿਵ ਆਉਂਦੀ ਹੈ ਤਾਂ ਮਰੀਜ ਨੂੰ ਹਵਾਦਾਰ ਕਮਰੇ ਵਿੱਚ ਮੂੰਹ ਢੱਕ ਕੇ ਰੱਖਣਾ ਚਾਹੀਦਾ ਹੈ, ਖੰਘ ਆਉਣ ਵਾਲੇ ਬਲਗ਼ਮ ਨੂੰ ਸਿੱਧਾ ਵਾਸ਼- ਬੇਸੀਨ ਵਿੱਚ ਥੁੱਕਣਾ ਚਾਹੀਦਾ ਹੈ ਜਾਂ ਫ਼ੇਰ ਮਿੱਟੀ ਨਾਲ ਭਰੇ ਭਾਂਡੇ ਵਿੱਚ ਥੁੱਕਣਾ ਚਾਹੀਦਾ ਹੈ। ਬਾਅਦ ਵਿੱਚ ਇਸ ਮਿੱਟੀ ਭਰੇ ਥੁੱਕ ਵਾਲੇ ਭਾਂਡੇ ਨੂੰ ਜ਼ਮੀਨ ਵਿੱਚ ਦੱਬ ਦੇਣਾ ਚਾਹੀਦਾ ਹੈ। ਮਰੀਜ਼ ਨੂੰ ਚੁੱਲ੍ਹੇ ਦੇ ਧੂਏਂ ਤੋਂ ਬਚਾਅ ਕੇ ਰੱਖਣਾ ਜ਼ਰੂਰੀ ਹੈ।

          ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਮਨਦੀਪ ਕੌਰ ਨੇ ਦੱਸਿਆ ਕਿ ਹੁਣ ਗਰਭਵਤੀ ਅੋਰਤਾਂ ਅਤੇ ਬਾਂਝਪਣ ਵਾਲੀਆ ਔਰਤਾਂ ਜਦੋਂ ਵੀ ਸਰਕਾਰੀ ਸਿਹਤ ਕੇਂਦਰਾ ਵਿੱਚ ਆਪਣਾ ਐਂਟੀ ਨੇਟਲ ਚੈਕਅਪ ਕਰਵਾਉਣ ਲਈ ਆਉਂਦੀਆਂ ਹਨ, ਉਨ੍ਹਾਂ ਦੀ ਟੀ.ਬੀ ਸਬੰਧੀ ਸਕਰੀਨਿੰਗ ਵੀ ਕੀਤੀ ਜਾਂਦੀ ਹੈ। ਇਸ ਤੋਂ ਲਿੲਾਵਾ ਟੀ.ਬੀ ਦਾ ਇਲਾਜ ਲੈ ਰਹੇ ਮਰੀਜਾਂ ਨੁੰ 500/- ਰੁਪਏ ਪ੍ਰਤੀ ਮਹੀਨਾ ਚੰਗੀ ਖਾਧ ਖੁਰਾਕ ਲਈ, ਜਿਨਾਂ ਸਮਾਂ ਮਰੀਜ ਦਵਾਈ ਖਾਂਦਾ ਹੈ, ਦਿੱਤਾ ਜਾਂਦਾ ਹੈ।

          ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਸੰਦੀਪ ਵਾਲੀਆ ਨੇ ਕਿਹਾ ਕਿ ਇਸ ਮੁਹਿੰਮ ਦੋਰਾਣ ਸੈਂਟਰਲ ਟੀ.ਬੀ ਡਵੀਜਨ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਟੀ.ਬੀ.ਮੁਕਤ ਐਕਟੀਵਿਟੀ ਅਤੇ ਭਾਰਤ ਨੁੰ ਟੀ.ਬੀ ਮੁਕਤ ਕਰਵਾਉਣ ਲਈ ਵਿਭਾਗ ਦੇ ਮੁਲਾਜ਼ਮ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ।

          ਇਸ ਮੌਕੇ ਸਿੱਖਿਆ ਵਿਭਾਗ ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੀਲਮ ਰਾਣੀ, ਸਕੱਤਰ ਰੈੱਡ ਕਰਾਸ ਅਸ਼ੋਕ ਬਹਿਲ, ਜ਼ਿਲ੍ਹਾ ਪ੍ਰੀਸ਼ਦ ਤੋਂ ਬਲਵਿੰਦਰ ਕੌਰ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ/ਕਰਮਚਾਰੀ ਵੀ ਹਾਜ਼ਰ ਸਨ।

[wpadcenter_ad id='4448' align='none']