ਨਵਾਂ ਬਣ ਰਿਹਾ ਚਹੁੰ ਮਾਰਗੀ ਹਾਈਵੇਅ ਫਾਜ਼ਿਲਕਾ ਦੀ ਤਰੱਕੀ ਨੂੰ ਦੇਵੇਗਾ ਨਵੀਂ ਉਡਾਨ

ਫਾਜ਼ਿਲਕਾ, 12 ਜੁਲਾਈ
ਫਾਜ਼ਿਲਕਾ ਤੋਂ ਅਬੋਹਰ ਤੱਕ ਬਣ ਰਿਹਾ ਚਹੁੰ ਮਾਰਗੀ ਹਾਈਵੇਅ ਫਾਜ਼ਿਲਕਾ ਜ਼ਿਲ੍ਹੇ ਦੀ ਤਰੱਕੀ ਨੂੰ ਨਵੀਂ ਉਡਾਨ ਦੇਵੇਗਾ। ਇਸ ਨਾਲ ਜਿੱਥੇ ਫਾਜ਼ਿਲਕਾ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਰਾਜਸਥਾਨ ਗੁਜਰਾਤ ਵੱਲ ਨੂੰ ਸਫਰ ਅਸਾਨ ਹੋਵੇਗਾ ਉਥੇ ਹੀ ਇਹ ਫਾਜ਼ਿਲਕਾ ਜ਼ਿਲ੍ਹੇ ਦੀ ਸਨਅੱਤ ਅਤੇ ਵਪਾਰ ਲਈ ਵੀ ਵਰਦਾਨ ਸਾਬਿਤ ਹੋਵੇਗਾ। ਦੂਜੇ ਪਾਸੇ ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਅਬੋਹਰ ਦੇ ਚਾਰੇ ਪਾਸੇ ਰਿੰਗ ਰੋਡ ਬਣ ਜਾਵੇਗੀ ਜਿਸ ਨਾਲ ਅਬੋਹਰ ਸ਼ਹਿਰ ਦੀ ਟੈ੍ਫਿਕ ਵਿਵਸਥਾ ਵਿਚ ਵੀ ਸੁਧਾਰ ਹੋਵੇਗਾ।
ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਇਸ ਪ੍ਰੋਜੈਕਟ ਦੇ ਚਲ ਰਹੇ ਕੰਮ ਦਾ ਜਾਇਜ਼ਾ ਲੈਣ ਮੌਕੇ ਦਿੱਤੀ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਹਦਾਇਤ ਕੀਤੀ ਕਿ ਪ੍ਰੋਜ਼ੈਕਟ ਨੂੰ ਉੱਚ ਮਿਆਰੀ ਗੁਣਵਤਾ ਅਨੁਸਾਰ ਪੂਰਾ ਕੀਤਾ ਜਾ ਰਿਹਾ ਹੈ।
ਇਹ ਹਾਈਵੇਅ ਚਾਰ ਮਾਰਗੀ ਹੋਵੇਗਾ ਅਤੇ ਫਾਜ਼ਿਲਕਾ ਫਿਰੋਜਪੁਰ ਰੋਡ ਤੇ ਪਿੰਡ ਲਾਲੋਵਾਲੀ ਤੋਂ ਸ਼ੁਰੂ ਹੋਵੇਗਾ। ਇਸ ਨਾਲ ਸਫਰ ਬਹੁਤ ਤੇਜ ਹੋ ਜਾਵੇਗਾ ਕਿਉਂਕਿ ਇਹ ਅਬਾਦੀ ਵਾਲੇ ਥਾਂਵਾਂ ਤੋਂ ਨਹੀਂ ਲੰਘੇਗਾ ਅਤੇ ਇਸ ਲਈ ਫਾਜ਼ਿਲਕਾ ਤੇ ਅਬੋਹਰ ਨੂੰ ਬਾਈਪਾਸ ਕਰਨ ਦੇ ਨਾਲ ਨਾਲ ਇਹ ਪਿੰਡ ਘੱਲੂ ਅਤੇ ਖੂਈ ਖੇੜਾ ਨੂੰ ਵੀ ਬਾਈਪਾਸ ਰਾਹੀਂ ਲੰਘੇਗਾ। ਇਸਦੀ ਲੰਬਾਈ 44.960 ਕਿਲੋਮੀਟਰ ਹੈ। ਇਸ ਨੂੰ ਗਾਵੜ ਫਾਜ਼ਿਲਕਾ ਹਾਈਵੇਅ ਪ੍ਰਾ: ਲਿ: ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਇਹ ਅਬੋਹਰ ਵਾਲੇ ਪਾਸੇ ਇਕ ਪਾਸੇ ਪਿੰਡ ਬੁਰਜ ਮੁਹਾਰ ਵਾਲੇ ਪਾਸੇ ਦੀ ਬਾਈਪਾਸ ਦੇ ਤੌਰ ਤੇ ਮਲੋਟ ਰੋਡ ਨੂੰ ਜਾ ਕੇ ਮਿਲੇਗਾ ਜਿਸ ਨਾਲ ਫਾਜ਼ਿਲਕਾ ਤੋਂ ਦਿੱਲੀ ਦੀ ਦੂਰੀ ਘਟੇਗੀ ਦੂਜੇ ਪਾਸੇ ਇਹ ਆਲਮਗੜ੍ਹ ਕੋਲ ਪਹਿਲਾਂ ਤੋਂ ਚੱਲ ਰਹੀਂ ਸੜਕ ਵਾਲੀ ਥਾਂ ਤੇ ਹੀ ਸ੍ਰੀ ਗੰਗਾਨਗਰ ਰੋਡ ਨੂੰ ਮਿਲੇਗਾ। ਇਸ ਤਰਾਂ ਅਬੋਹਰ ਸ਼ਹਿਰ ਦੇ ਚਾਰੇ ਪਾਸੇ ਰਿੰਗ ਰੋਡ ਬਣ ਜਾਵੇਗੀ ਅਤੇ ਇਸ ਸਹੁਲਤ ਵਾਲਾ ਅਬੋਹਰ ਮਾਲਵੇ ਦਾ ਪ੍ਰਮੁੱਖ ਸ਼ਹਿਰ ਬਣ ਜਾਵੇਗਾ।
ਆਧੂਨਿਕ ਟੈਕਨੋਲੋਜੀ ਨਾਲ ਬਣ ਰਹੇ ਇਸ ਹਾਈਵੇਅ ਵਿਚ ਛੋਟੇ ਵੱਡੇ 45 ਪੁਲ, ਫਲਾਈਓਵਰ, ਆਰਓਬੀ ਆਦਿ ਹੋਣਗੇ। ਇਸਦੇ ਨਾਲ 51.500 ਕਿਲੋਮੀਟਰ ਦੀ ਸਰਵਿਸ ਰੋਡ ਵੀ ਬਣੇਗੀ।
ਇਸ ਪ੍ਰੋਜ਼ੈਕਟ ਦੇ ਪੂਰਾ ਹੋਣ ਨਾਲ ਫਾਜਿਲ਼ਕਾ ਜ਼ਿਲ੍ਹੇ ਦੇ ਵਪਾਰ ਨੂੰ ਪੰਖ ਲੱਗਣਗੇ। ਇਸ ਨਾਲ ਜਿੱਥੇ ਫਾਜ਼ਿਲਕਾ ਜ਼ਿਲ੍ਹੇ ਵਿਚ ਪੈਦਾ ਹੁੰਦਾ ਵਿਸਵ ਦਾ ਸ੍ਰੇ਼ਸ਼ਠ ਬਾਸਮਤੀ ਤੇਜੀ ਨਾਲ ਨਿਰਯਾਤ ਲਈ ਬੰਦਰਗਾਹਾਂ ਤੇ ਪਹੁੰਚੇਗਾ ਉਥੇ ਹੀ ਜ਼ਿਲ੍ਹੇ ਦੇ ਕਿਨੂੰ ਨੂੰ ਵੀ ਦਿੱਲੀ ਤੇ ਦੱਖਣ ਦੀਆਂ ਮੰਡੀਆਂ ਤੱਕ ਭੇਜਣ ਲਈ ਤੇਜ ਰਾਹ ਮਿਲੇਗਾ। ਹਾਈਵੇਅ ਦਾ ਕੰਮ ਤੇਜੀ ਨਾਲ ਜਾਰੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਾਈਵੇਅ ਕਿਸੇ ਵੀ ਇਲਾਕੇ ਦੀ ਤਰੱਕੀ ਦਾ ਪੈਮਾਨਾ ਹੁੰਦੇ ਹਨ ਅਤੇ ਵਿਕਾਸ ਦੀਆਂ ਜੀਵਨ ਰੇਖਾਵਾਂ ਹਾਈਵੇ ਬਣਨ ਨਾਲ ਇਲਾਕੇ ਨੂੰ ਸਿੱਧੇ ਤੌਰ ਤੇ ਨਾਲ ਨਾਲ ਅਸਿੱਧੇ ਤੌਰ ਤੇ ਵੀ ਵੱਡਾ ਹੁੰਘਾਰਾ ਮਿਲਦਾ ਹੈ। ਇਸ ਨਾਲ ਹਰਿਆਣਾ ਤੇ ਰਾਜਸਥਾਨ ਤੋਂ ਫਾਜ਼ਿਲਕਾ ਦੀ ਕੌਮਾਂਤਰੀ ਸਰਹੱਦ ਤੇ ਬਣੀ ਸਾਦਕੀ ਚੈਕ ਪੋਸਟ ਤੇ ਰਟਰੀਟ ਦੇਖਣ ਆਊਣ ਵਾਲੇ ਪ੍ਰਯਟਕਾਂ ਨੂੰ ਵੀ ਲਾਭ ਹੋਵੇਗਾ ਅਤੇ ਇਹ ਜ਼ਿਲ੍ਹੇ ਦੇ ਪ੍ਰਯਟਨ ਲਈ ਲਾਭਕਾਰੀ ਹੋਵੇਗਾ। ਇਸ ਨਾਲ ਸੜਕ ਦੇ ਕਿਨਾਰਿਆਂ ਦੇ ਵਸੇ ਪਿੰਡਾਂ ਦੇ ਲੋਕਾਂ ਨੂੰ ਵੀ ਲਾਭ ਹੋਵੇਗਾ ਅਤੇ ਉਹ ਆਪਣੇ ਉਦਯੋਗ ਧੰਦੇ ਸ਼ੁਰੂ ਕਰ ਸਕਣਗੇ ਜਿਸ ਨਾਲ ਰੋਜਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।
ਇਸ ਮੌਕੇ ਨਿਰਮਾਨ ਕਰਵਾ ਰਹੇ ਅਦਾਰੇ ਦੇ ਐਮਡੀ ਸ੍ਰੀ ਪਰਮਿੰਦਰ ਸਿੰਘ ਅਤੇ ਪ੍ਰੋਜੈਕਟ ਮੈਨੇਜਰ ਸ੍ਰੀ ਰਵਿੰਦਰ ਸਿੰਘ ਨੇ ਕਿਹਾ ਕਿ ਪ੍ਰੋਜੈਕਟ ਨੂੰ ਵਿਸਵ ਪੱਧਰੀ ਮਿਆਰਾ ਅਨੁਸਾਰ ਨਵੀਨਤਮ ਤਕਨੀਕ ਨਾਲ ਬਣਾਇਆ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਸੰਦੀਪ ਕੁਮਾਰ ਵੀ ਹਾਜਰ ਸਨ।

[wpadcenter_ad id='4448' align='none']