ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਥਾਵਾਂ ‘ਤੇ 1.33 ਲੱਖ ਬੂਟੇ ਲਗਾਉਣ ਦੀ ਵਿਸ਼ਾਲ ਮੁਹਿੰਮ ਚਲਾਈ ਗਈ

ਜਗਰਾਓ, ਲੁਧਿਆਣਾ,12 ਜੁਲਾਈ (000) ਜ਼ਿਲ੍ਹਾ ਲੁਧਿਆਣਾ ਦੀ ਹਰਿਆਵਲ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਨਿਵੇਕਲੀ ਪਹਿਲਕਦਮੀ ਤਹਿਤ ਲੁਧਿਆਣਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਲੁਧਿਆਣਾ ਦੀਆਂ ਵੱਖ-ਵੱਖ ਥਾਵਾਂ ਉੱਤੇ 1.33 ਲੱਖ ਬੂਟੇ ਲਗਾ ਕੇ ਵੱਡੇ ਪੱਧਰ ਉੱਤੇ ਪੌਦੇ ਲਗਾਉਣ ਦੀ ਵਿਸ਼ਾਲ ਮੁਹਿੰਮ ਚਲਾਈ ਗਈ। ਜਿਸਦੀ ਸ਼ੁਰੂਆਤ ਸ਼ੁਕਰਵਾਰ ਨੂੰ ਤਹਿਸੀਲ ਜਗਰਾਉਂ ਦੇ ਪਿੰਡ ਗ਼ਾਲਿਬ ਕਲਾਂ ਤੋਂ ਡਿਪਟੀ ਕਮਿਸ਼ਨਰ ਸਾਕਸ਼ੀ ਨੇ ਕੀਤੀ। ਇਸ ਮੌਕੇ ਉਹਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਨਮੋਲ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ ਕ੍ਰਿਤਿਕਾ ਗੋਇਲ ਅਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀਮਤੀ ਨਵਦੀਪ ਕੌਰ ਵੀ ਮੌਜੂਦ ਸਨ।  

                                ਡਿਪਟੀ ਕਮਿਸ਼ਨਰ  ਸ਼ਾਕਸੀ ਸਾਹਨੀ  ਨੇ ਕਿਹਾ ਕਿ ਪਿੰਡ ਗਾਲਿਬ ਕਲਾਂ  ਦੀ ਲੰਬੇ ਸਮੇਂ ਤੋਂ ਬੇ-ਆਬਾਦ ਪਈ 10 ਏਕੜ ਪੰਚਾਇਤੀ ਜ਼ਮੀਨ ‘ਤੇ 30,000 ਬੂਟੇ  ਲਗਾਏ ਗਏ ਹਨ l ਉਹਨਾਂ ਕਿਹਾ ਕਿ  ਇਸ ਜ਼ਮੀਨ ਨੂੰ ਸੰਘਣੇ ਜੰਗਲ ਦੇ ਤੌਰ ‘ਤੇ ਵਿਕਸਿਤ ਕੀਤਾ ਜਾਵੇਗਾ। ਇਸ ਜੰਗਲ ਦੇ ਸੈਂਟਰ ਵਿੱਚ ਪਿਕਨਿਕ ਸਪੌਟ, ਲਾਇਬਰੇਰੀ, ਪਾਰਕਿੰਗ ਆਦਿ ਬਣਾਏ ਜਾਣਗੇ। ਉਹਨਾਂ ਕਿਹਾ ਕਿ ਇਸ ਜੰਗਲ ਦੀਆਂ ਆਲੇ-ਦੁਆਲੇ  20 ਤੋ 25 ਫੁੱਟ ਖੁੱਲਾਂ ਛੱਡਿਆ ਜਾਵੇਗਾ ਤਾਂ ਜੋ ਸਾਈਕਲਿੰਗ ਰੇਂਜ ਬਣਾਈ ਜਾ ਸਕੇ। ਉਹਨਾਂ ਕਿਹਾ ਕਿ ਇਸ ਜੰਗਲ ਵਿੱਚ ਆਉਣ ਵਾਲੇ ਲੋਕਾਂ ਲਈ ਸੈਰ ਕਰਨ ਵਾਸਤੇ ਰਸਤੇ ਵੀ ਬਣਾਏ ਜਾਣਗੇ। ਇਸ ਤੋਂ ਇਲਾਵਾ ਪਾਣੀ ਰੀਚਾਰਜ਼ ਕਰਨ ਲਈ ਪਾਊਂਡ ਵੀ ਬਣਾਏ ਜਾਣਗੇ। ਉਹਨਾਂ ਕਿਹਾ ਕਿ ਅਸੀਂ ਇਸ ਜ਼ਮੀਨ ਨੂੰ ਕੋਈ ਜ਼ਿਆਦਾ ਪੱਧਰ ਵੀ ਨਹੀਂ ਕਰਾਂਗੇ l ਇਸ ਜੰਗਲ ਨੂੰ ਅਸੀਂ ਕੁਦਰਤੀ ਜੰਗਲ ਦੀ ਦਿੱਖ ਹੀ ਦੇਵਾਂਗੇ l ਉਹਨਾਂ ਕਿਹਾ ਕਿ ਇਹ ਸਾਰਾ ਕੰਮ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਮਨਰੇਗਾ ਸਕੀਮ ਅਧੀਨ ਕੀਤਾ ਜਾਵੇਗਾ।

                   ਸਾਕਸ਼ੀ ਸਾਹਨੀ ਨੇ ਕਿਹਾ ਕਿ ਇਸ ਜੰਗਲ ਨੂੰ ਲੋਕ ਇੱਕ ਪਿਕਨਿਕ ਸਪਾਟ  ਦੇ ਤੌਰ ‘ਤੇ ਵਰਤ ਸਕਣਗੇ ਅਤੇ ਇੱਥੇ ਆਉਣ ਵਾਲ਼ੇ ਸ਼ਹਿਰੀ ਤੇ ਪੇਂਡੂ ਲੋਕ ਇੱਕ ਜੰਗਲ ਦੀ  ਤਰ੍ਹਾਂ ਮਹਿਸੂਸ ਕਰ ਸਕਣਗੇ। ਉਹਨਾਂ ਕਿਹਾ ਕਿ ਇਸ ਜੰਗਲ ਨੂੰ ਅਸੀਂ ਈਕੋ  ਟੂਰਿਜ਼ਮ  ਦੇ ਤੌਰ ‘ਤੇ ਵੀ ਵਿਕਸਿਤ ਕਰਾਂਗੇ l ਉਹਨਾਂ ਇਹ ਵੀ ਕਿਹਾ ਕਿ ਲੋਕ ਦਰੱਖਤਾਂ ਨੂੰ ਪਿਆਰ ਤਾਂ ਹੀ ਕਰਨਗੇ ਜੇਕਰ ਉਹ ਇਹਨਾਂ ਦੇ ਕੋਲ ਬੈਠਣਗੇ, ਉਹਨਾਂ ਨੂੰ ਮਹਿਸੂਸ ਕਰਨਗੇ l

                   ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਇਹ ਜਨ-ਅਭਿਆਨ ਵੇਕ-ਅੱਪ ਲੁਧਿਆਣਾ ਮਿਸ਼ਨ ਦਾ ਹਿੱਸਾ ਹੈ, ਜਿਸਦੇ ਤਹਿਤ ਜ਼ਿਲ੍ਹਾ ਲੁਧਿਆਣਾ ਦੀ ਨਗਰ ਨਿਗਮ ਲੁਧਿਆਣਾ, ਨਗਰ ਕੌਂਸਲਾਂ, ਲੋਕ ਨਿਰਮਾਣ ਵਿਭਾਗ, ਪੇਂਡੂ ਵਿਕਾਸ ਅਤੇ ਪੰਚਾਇਤਾਂ ਨੂੰ ਪੌਦੇ ਲਗਾਉਣ ਦੇ ਵਿਸ਼ੇਸ਼ ਟੀਚੇ ਨਿਰਧਾਰਤ ਕੀਤੇ ਗਏ ਸਨ। ਜਿਸ ਤਹਿਤ ਅੱਜ ਨਗਰ ਨਿਗਮ ਲੁਧਿਆਣਾ ਵੱਲੋਂ ਵੱਖ-ਵੱਖ 21 ਥਾਵਾਂ ‘ਤੇ 22,300 ਬੂਟੇ ਲਗਾਏ  ਗਏ। ਉਹਨਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਦੀਆਂ ਖੰਨਾ, ਸਾਹਨੇਵਾਲ, ਮਲੌਦ, ਸਮਰਾਲਾ, ਮਾਛੀਵਾੜਾ, ਮੁੱਲਾਂਪੁਰ ਦਾਖਾ, ਰਾਏਕੋਟ, ਜਗਰਾਉਂ, ਪਾਇਲ ਅਤੇ ਦੋਰਾਹਾ ਨਗਰ ਕੌਂਸਲਾਂ ਦੇ ਏਰੀਏ ਵਿੱਚ 1270 ਬੂਟੇ ਲਗਾਏ ਗਏ। ਇਸੇ ਤਰ੍ਹਾਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਗਾਲਿਬ ਕਲਾਂ, ਸਿੱਧਵਾਂ ਬੇਟ, ਖਾਸੀ ਕਲਾਂ ਅਤੇ ਲਤਾਲਾ ਪਿੰਡਾਂ ਵਿੱਚ 1.10 ਲੱਖ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ।ਇਸ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ (ਬੀ.ਐਂਡ.ਆਰ) ਵੱਲੋਂ ਰਾਹੋਂ ਰੋਡ ‘ਤੇ ਪਿੰਡ ਗਹਿਲੇਵਾਲ ਵਿਖੇ ਆਪਣੀ ਜ਼ਮੀਨ ‘ਤੇ 200 ਦੇ ਕਰੀਬ ਬੂਟੇ ਲਗਾਏ ਗਏ।

                   ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਇਹ ਪਹਿਲਕਦਮੀ ਜ਼ਿਲ੍ਹੇ ਵਿੱਚ ਹਰਿਆਲੀ ਨੂੰ ਵਧਾਉਣ ਲਈ ਇੱਕ ਮਹੱਤਵਪੂਰਨ ਕਦਮ ਹੈ। ਜੰਗਲਾਤ ਰਕਬੇ ਦੇ ਤੇਜ਼ੀ ਨਾਲ ਘਟਣ ਨੂੰ ਧਿਆਨ ਵਿੱਚ ਰੱਖਦੇ ਹੋਏ, ਵੱਧ ਤੋਂ ਵੱਧ ਪੌਦੇ ਲਗਾਉਣ ਦੇ  ਯਤਨ ਕੀਤੇ ਜਾ ਰਹੇ ਹਨ ।  ਉਨ੍ਹਾਂ ਜ਼ਿਲ੍ਹਾ ਲੁਧਿਆਣਾ ਨੂੰ ਹਰਿਆ ਭਰਿਆ ਸਥਾਨ ਪ੍ਰਦਾਨ ਕਰਨ ਦੀ ਮਹੱਤਤਾ ਅਤੇ ਲਗਾਏ ਗਏ ਬੂਟਿਆਂ ਦੀ ਸਹੀ ਸਾਂਭ-ਸੰਭਾਲ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।

                   ਡਿਪਟੀ ਕਮਿਸ਼ਨਰ ਸਾਹਨੀ ਨੇ ਕਿਹਾ ਕਿ ਇਹ ਪੌਦੇ ਲਗਾਉਣ ਦੀ ਮੁਹਿੰਮ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਨਾਲ ਮੇਲ ਖਾਂਦੀ ਹੈ ਤਾਂ ਜੋ ਪੰਜਾਬ ਨੂੰ ਸਾਫ਼-ਸੁਥਰਾ, ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਰੁੱਖ ਲਗਾਉਣ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਰੇ ਨਾਗਰਿਕਾਂ ਦੀ ਤੰਦਰੁਸਤੀ ਲਈ ਇੱਕ ਸਾਫ਼ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਜ਼ਰੂਰੀ ਹੈ, ਕਿਉਂਕਿ ਰੁੱਖ ਆਕਸੀਜਨ ਦਾ ਮੁੱਖ ਸਰੋਤ ਹਨ, ਜੋ ਮਨੁੱਖੀ ਜੀਵਨ ਲਈ ਮਹੱਤਵਪੂਰਨ ਹਨ।

                                ਡੀ.ਸੀ ਸਾਕਸ਼ੀ ਸਾਹਨੀ ਵੱਲੋਂ ਜ਼ਿਲ੍ਹਾ ਦੇ ਉਹਨਾਂ ਨਾਗਰਿਕਾਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਅੱਜ ਵੱਖ-ਵੱਖ ਸਥਾਨਾਂ ਤੇ ਪਹੁੰਚ ਕੇ ਬੂਟੇ ਲਗਾਉਣ ਦੀ ਮੁਹਿੰਮ ਵਿੱਚ ਹਿੱਸਾ ਲਿਆ।

            ਪਿੰਡ ਗਾਲਿਬ ਵਾਸੀਆਂ ਨੇ ਖੁਸ਼ੀ ਪ੍ਰਗਟਾਈ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਉਨ੍ਹਾਂ ਦੇ ਪਿੰਡ ਵਿੱਚ 30,000 ਬੂਟੇ ਲਗਾ ਕੇ 10 ਏਕੜ ਜ਼ਮੀਨ ਵਿੱਚ ਇੱਕ ਮਿੰਨੀ ਜੰਗਲ ਦਾ ਵਿਕਾਸ ਕੀਤਾ।

[wpadcenter_ad id='4448' align='none']