ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਉਪ-ਕੁਲਪਤੀ ਵੱਲੋਂ ਨਰਮਾ ਪੱਟੀ ਦੇ ਪਿੰਡਾਂ ਦਾ ਦੌਰਾ

ਬਠਿੰਡਾ, 19 ਜੁਲਾਈ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਅਤੇ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਥਾਨਕ ਖੇਤੀ ਭਵਨ ਵਿਖੇ ਸਾਉਣੀ-2024 ਸੀਜ਼ਨ ਦੀ ਤੀਜੀ ਅੰਤਰ-ਰਾਜੀ ਨਰਮਾ ਸਲਾਹਕਾਰ ਅਤੇ ਸ੍ਰਵੇਖਣ ਕਮੇਟੀ ਦੀ ਮੀਟਿੰਗ ਦੌਰਾਨ ਬੀ.ਟੀ ਨਰਮੇਂ ਦੀ ਫ਼ਸਲ ਉੱਪਰ ਨੁਕਸਾਨਦਾਇਕ ਕੀੜੇ-ਮਕੌੜਿਆਂ ਦੇ ਪ੍ਰਭਾਵ ਦੀ ਸਮੀਖਿਆ ਤੋਂ ਬਾਅਦ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਟੀਮ ਵੱਲੋਂ ਬਠਿੰਡਾ ਅਤੇ ਮਾਨਸਾ ਦੇ ਵੱਖ-ਵੱਖ ਪਿੰਡਾਂ ਕਟਾਰ ਸਿੰਘ ਵਾਲਾ, ਕੋਟ ਸ਼ਮੀਰ, ਜੀਵਨ ਸਿੰਘ ਵਾਲਾ, ਜੌੜਕੀਆਂ, ਅਤੇ ਟਾਂਡੀਆਂ ਆਦਿ ਦਾ ਦੌਰਾ ਕੀਤਾ ਗਿਆ।

ਇਸ ਮੌਕੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਕੁਝ ਖੇਤਾਂ ਵਿੱਚ ਚਿੱਟੀ ਮੱਖੀ ਦਾ ਹਮਲਾ ਦੇਖਣ ਨੂੰ ਮਿਲਿਆ। ਉਨ੍ਹਾਂ ਕਿਸਾਨਾਂ ਨੂੰ ਨਰਮੇਂ ਦੀ ਫ਼ਸਲ ਵਿੱਚ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦਾ ਲਗਾਤਾਰ ਸਰਵੇਖਣ ਕਰਨ ਲਈ ਸਲਾਹ ਦਿੱਤੀ । ਉਨ੍ਹਾਂ ਇਹ ਵੀ ਦੇਖਿਆ ਗਿਆ ਕਿ ਜਿੰਨ੍ਹਾਂ ਕਿਸਾਨ ਵੀਰਾਂ ਵੱਲੋਂ ਸਿਫ਼ਾਰਸ਼ ਕੀਤੀਆਂ ਕੀਟ-ਨਾਸ਼ਕਾਂ ਦੀ ਸਹੀ ਸਮੇਂ ਤੇ ਵਰਤੋਂ ਕੀਤੀ ਗਈ ਸੀ, ਉਨ੍ਹਾਂ ਦੇ ਖੇਤਾਂ ਵਿੱਚ ਚਿੱਟੀ ਮੱਖੀ ਦਾ ਹਮਲਾ ਬਹੁਤ ਘੱਟ ਹੈ। ਇਸ ਦੌਰਾਨ ਉਨ੍ਹਾਂ ਨਰਮਾ ਕਾਸ਼ਤਕਾਰਾਂ ਨੂੰ ਫ਼ਸਲ ਦਾ ਲਗਾਤਾਰ ਸ੍ਰਵੇਖਣ ਕਰਨ ਲਈ ਸੁਝਾਅ ਦਿੱਤਾ ਗਿਆ। ਉਹਨਾਂ ਇਹ ਵੀ ਕਿਹਾ ਕਿ ਜੇਕਰ ਹਾਨੀਕਾਰਕ ਕੀੜੇ ਮਿਥੀ ਗਈ ਆਰਥਿਕ ਕਗਾਰ ਤੋਂ ਵਧਦੇ ਹਨ ਤਾਂ ਹੀ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਵੇ।

ਇਸ ਮੌਕੇ ਡਾ. ਅਜਮੇਰ ਸਿੰਘ ਢੱਟ ਨੇ ਕਿਸਾਨ ਵੀਰਾਂ ਨੂੰ ਸੁਝਾਅ ਦਿੱਤਾ ਕਿ ਬਰਸਾਤ ਨਾ ਹੋਣ ਕਾਰਨ ਨਰਮੇਂ ਦੀ ਫ਼ਸਲ ਔੜ ਵਰਗੇ ਹਾਲਾਤਾਂ ਨਾਲ ਜੂਝ ਰਹੀ ਹੈ, ਇਸ ਲਈ ਕਿਸਾਨ ਵੀਰਾਂ ਨੂੰ ਕਿਹਾ ਕਿ ਨਹਿਰੀ ਪਾਣੀ ਲਾਉਣ ਮਗਰੋਂ ਸਿਫ਼ਾਰਸ਼ ਅਨੁਸਾਰ ਯੂਰੀਆ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ, ਤਾਂ ਜੋ ਫ਼ਸਲ ਦਾ ਚੰਗਾ ਵਾਧਾ ਹੋ ਸਕੇ। ਡਾ. ਮੱਖਣ ਸਿੰਘ ਭੁੱਲਰ ਵੱਲੋਂ ਕਿਸਾਨ ਵੀਰਾਂ ਨੂੰ ਸੁਝਾਅ ਦਿੱਤਾ ਗਿਆ ਕਿ ਖੇਤਾਂ ਵਿੱਚੋਂ ਨਦੀਨਾਂ ਦਾ ਖਾਤਮਾ ਕੀਤਾ ਜਾਵੇ ਅਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਫ਼ਸਲ ਨੂੰ ਬਚਾਉਣ ਲਈ ਫ਼ੁੱਲਾਂ ਅਤੇ ਟੀਡਿਆਂ ਦਾ ਮੁਆਇਨਾ ਕੀਤਾ ਜਾਵੇ ਤਾਂ ਕਿ ਕਿਸਾਨ ਵੀਰ ਇਸ ਫ਼ਸਲ ਤੋਂ ਚੰਗਾ ਝਾੜ ਲੈ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨ ਵੀਰ ਨਰਮੇਂ ਦੀ ਫਸਲ ਵਿੱਚ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਸਮੱਸਿਆ ਦੇ ਹੱਲ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਕਿਸਾਨ ਸਲਾਹਕਾਰ ਸੇਵਾ ਕੇਂਦਰ ਨਾਲ ਤੁਰੰਤ ਰਾਬਤਾ ਕਰਨ ।

ਦੌਰੇ ਦੌਰਾਨ ਮੁਖੀ ਕੀਟ ਵਿਗਿਆਨ ਵਿਭਾਗ ਡਾ. ਮਨਮੀਤ ਕੌਰ ਭੁੱਲਰ, ਸੀਨੀਅਰ ਕੀਟ ਵਿਗਿਆਨੀ ਡਾ. ਵਿਜੇ ਕੁਮਾਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਫਾਰਮ ਸਲਾਹਕਾਰ ਸੇਵਾ ਕੇਂਦਰ, ਖੋਜ ਕੇਂਦਰ, ਬਠਿੰਡਾ ਦੇ ਵਿਗਿਆਨੀਆਂ ਵੱਲੋਂ ਨਰਮੇਂ ਦੇ ਖੇਤਾਂ ਵਿੱਚ ਚਿੱਟੀ ਮੱਖੀ, ਹਰੇ ਤੇਲੇ ਅਤੇ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਲਈ ਸ੍ਰਵੇਖਣ ਕੀਤਾ ਗਿਆ।

 ਇਸ ਮੌਕੇ ਫਾਰਮ ਸਲਾਹਕਾਰ ਸੇਵਾ ਕੇਂਦਰ, ਬਠਿੰਡਾ ਦੇ ਜ਼ਿਲ੍ਹਾ ਪਸਾਰ ਮਾਹਿਰ (ਸੀਨਅਰ ਮੋਸਟ) ਡਾ. ਅਮਰਜੀਤ ਸਿੰਘ ਸੰਧੂ, ਖੇਤਰੀ ਖੋਜ ਕੇਂਦਰ, ਬਠਿੰਡਾ ਦੇ ਡਾਇਰੈਕਟਰ ਡਾ. ਕਰਮਜੀਤ ਸਿੰਘ ਸੇਖੋਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਗੁਰਦੀਪ ਸਿੰਘ ਸਿੱਧੂ ਵੀ ਹਾਜ਼ਰ ਸਨ ।

[wpadcenter_ad id='4448' align='none']