ਸਕੂਲਾਂ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਦਾ ਆਗਾਜ

ਮਾਨਸਾ, 20 ਜੁਲਾਈ:

     ਪੰਜਾਬ ਸਰਕਾਰ, ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਜਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ‘ਤੇ ਜਿਲ੍ਹੇ ਦੇ ਸਕੂਲਾਂ ਵਿੱਚ ਪੌਦਾਕਰਣ ਦਿਵਸ ਮਨਾਇਆ ਗਿਆ। 

    ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ ਨੇ ਦੱਸਿਆ ਕਿ ਇਸ ਮੁਹਿਮ ਤਹਿਤ ਸਕੂਲਾਂ ਵਿਚ ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਨੂੰ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਅਤੇ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਸਹੁੰ ਚੁਕਾਈ ਗਈ।  ਇਸ ਮੁਹਿੰਮ ਵਿੱਚ ਪਿੰਡ ਵਾਸੀਆਂ, ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਵਿਦਿਆਰਥੀਆਂ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ। ਸਮੂਹ ਸਕੂਲ ਮੁਖੀਆਂ, ਅਧਿਆਪਕਾ ਅਤੇ ਵਿਦਿਆਰਥੀਆਂ ਵੱਲੋਂ ਸਕੂਲਾਂ ਵਿੱਚ ਪੌਦੇ ਲਗਾਏ ਗਏ। ਸਾਰੇ ਸਕੂਲੀ ਅਧਿਆਪਕਾਂ ਦੁਆਰਾ ਪੌਦੇ ਲਗਾਉਣ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਗਈ।

    ਪਿੰਡ ਵਾਸੀਆਂ ਨੂੰ  ਰੁੱਖਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਜੇਕਰ ਰੁੱਖ ਹੋਣਗੇ ਤਾਂ ਹੀ ਸਾਨੂੰ ਸਹੀ ਮਾਤਰਾ ਵਿੱਚ ਆਕਸੀਜਨ ਮਿਲੇਗੀ। ਇਸ ਮਸ਼ੀਨੀ ਯੁੱਗ ਵਿੱਚ ਰੁੱਖਾਂ ਦੀ ਕਟਾਈ ਲਗਾਤਾਰ ਹੋ ਰਹੀ ਹੈ, ਜਿਸ ਨਾਲ ਗਰਮੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਆਕਸੀਜਨ ਦੀ ਕਮੀ ਹੋ ਰਹੀ ਹੈ। ਜਿਵੇਂ ਜਿਵੇਂ ਰੁੱਖਾਂ ਦੀ ਕਟਾਈ ਹੋ ਰਹੀ ਹੈ, ਉਸੇ ਤਰ੍ਹਾਂ ਓਜੋਨ ਪਰਤ ਕਮਜ਼ੋਰ ਹੁੰਦੀ ਜਾ ਰਹੀ ਹੈ ਜਿਹੜੀ ਕਿ ਮਨੁੱਖੀ ਜ਼ਿੰਦਗੀ ਦੀ ਬੜੀ ਘਾਤਕ ਸਿੱਧ ਹੋਵੇਗੀ।  

   ਜ਼ਿਲ੍ਹਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ ਨੇ ਦੱਸਿਆ ਕਿ ਜਿੱਥੇ ਵੀ ਜਗ੍ਹਾ ਮਿਲੇ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਕਈ ਸਕੂਲਾਂ ਵਿੱਚ ਵਣ ਵਿਭਾਗ ਦੀ ਸਹਾਇਤਾ ਨਾਲ ਖਾਲੀ ਜ਼ਮੀਨ ‘ਤੇ ਜੰਗਲ ਬਣਾਉਣ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ। ਉਨ੍ਹਾਂ ਸਾਰੇ ਸਕੂਲ ਮੁਖੀਆਂ ਨੂੰ ਕਿਹਾ ਕਿ ਸਾਨੂੰ ਇਸ ਮੁਹਿਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। 

   ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਵਿਸ਼ੇਸ਼ ਮੁਹਿੰਮ ਤਹਿਤ ਜਿਲ੍ਹਾ ਮਾਨਸਾ ਦੇ ਸਕੂਲਾਂ ਵਿੱਚ ਤਕਰੀਬਨ 46 ਹਜਾਰ ਦੇ ਕਰੀਬ ਪੌਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਲਗਾਏ ਗਏ। ਇਸ ਦੌਰਾਨ ਸਾਰੇ ਸਕੂਲਾਂ ਵਿੱਚ ਪੌਦਿਆਂ ਦੀ ਸਾਂਭ ਸੰਭਾਲ ਅਤੇ ਇਨ੍ਹਾਂ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਅਤੇ ਨਾਟਕ ਕਰਵਾਏ ਗਏ ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। 

   ਇਸ ਮਹਿਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਵਿੱਚ ਸਾਰੇ ਬੀਐਨਓ ਸਾਹਿਬਾਨ ਗੁਰਮੀਤ ਸਿੰਘ, ਕਮਲਜੀਤ ਕੌਰ ਪਰਮਜੀਤ ਸਿੰਘ, ਪ੍ਰਭਜੀਤ ਕੌਰ, ਅਰੁਣ ਕੁਮਾਰ, ਡੀਐਸਐਮ ਹਰਪ੍ਰੀਤ ਸਿੰਘ ਅਤੇ ਡੀਐਮ ਪਰਵਿੰਦਰ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।

[wpadcenter_ad id='4448' align='none']