23 ਜੁਲਾਈ ਨੂੰ ਵੱਡੀ ਮੁਹਿੰਮ ਤਹਿਤ ਐਸ.ਏ.ਐਸ.ਨਗਰ ਪ੍ਰਸ਼ਾਸਨ ਇੱਕ ਦਿਨ ਵਿੱਚ 1.5 ਲੱਖ ਬੂਟੇ ਲਗਾਏਗਾ

ਐਸ ਏ ਐਸ ਨਗਰ, 20 ਜੁਲਾਈ, 2024:

 ਜ਼ਿਲ੍ਹੇ ਚ ਹਰਿਆਵਲ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਇੱਕ ਨਿਵੇਕਲੀ ਪਹਿਲਕਦਮੀ ਤਹਿਤ ਐਸ.ਏ.ਐਸ.ਨਗਰ ਪ੍ਰਸ਼ਾਸਨ ਵੱਲੋਂ 23 ਜੁਲਾਈ ਨੂੰ ਵੱਖ-ਵੱਖ ਥਾਵਾਂ ‘ਤੇ 1.50 ਲੱਖ ਬੂਟੇ ਲਗਾ ਕੇ ਬੂਟੇ ਲਗਾਉਣ ਦੀ ਵਿਸ਼ਾਲ ਮੁਹਿੰਮ ਚਲਾਈ ਜਾਵੇਗੀ। ਇਹ ਜਨਤਕ ਮੁਹਿੰਮ ਹਰਿਆਵਲ ਮਿਸ਼ਨ ਦਾ ਹਿੱਸਾ ਹੈ, ਜਿਸ ਵਿੱਚ ਸਾਰੇ ਵਿਭਾਗਾਂ ਲਈ ਪੌਦੇ ਲਗਾਉਣ ਦੇ ਵਿਸ਼ੇਸ਼ ਟੀਚੇ ਨਿਰਧਾਰਤ ਕੀਤੇ ਗਏ ਹਨ। ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ ਨੇ ਏ.ਡੀ.ਸੀ.(ਪੇਂਡੂ ਵਿਕਾਸ) ਸੋਨਮ ਚੌਧਰੀ ਨਾਲ ਅੱਜ ਬੂਟੇ ਲਗਾਉਣ ਦੀ ਰਣਨੀਤੀ ਉਲੀਕਣ ਲਈ ਸਮੂਹ ਵਿਭਾਗਾਂ ਦੀ ਸਮੀਖਿਆ ਮੀਟਿੰਗ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਹਰੇਕ ਸਬ ਡਿਵੀਜ਼ਨ ਵਿੱਚ ਔਸਤਨ 50,000 ਬੂਟੇ ਲਗਾ ਕੇ ਮੈਗਾ ਪਲਾਂਟੇਸ਼ਨ ਮੁਹਿੰਮ ਚਲਾਈ ਜਾਵੇਗੀ। ਏ.ਡੀ.ਸੀ ਮਾਨ ਨੇ ਦੱਸਿਆ ਕਿ ਪੰਜਾਬ ਦੇ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਵਿੱਤ ਕਮਿਸ਼ਨਰ ਜੰਗਲਾਤ ਕ੍ਰਿਸ਼ਨ ਕੁਮਾਰ ਡੇਰਾਬੱਸੀ ਸਬ ਡਵੀਜ਼ਨ ਦੇ ਪਿੰਡ ਜੌਲਾ ਕਲਾਂ ਵਿਖੇ ਇਸ ਵਿਸ਼ਾਲ ਮੁਹਿੰਮ ਦੀ ਸ਼ੁਰੂਆਤ ਕਰਨਗੇ ਜਿੱਥੇ ਇੱਕ ਵਾਰ ਵਿੱਚ 10,000 ਬੂਟੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗਾਂ ਨੂੰ ਬੂਟਿਆਂ ਦੀ ਸਪਲਾਈ ਅਤੇ ਟੋਇਆਂ ਦਾ ਕੰਮ ਅਗਾਊਂ ਮੁਕੰਮਲ ਕਰਨ ਲਈ ਹਰੇਕ ਸਾਈਟ ਲਈ ਵੱਖਰੇ ਤੌਰ ‘ਤੇ ਨੋਡਲ ਅਫ਼ਸਰ ਤਾਇਨਾਤ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਜ਼ਿਲ੍ਹਾ ਵਾਸੀਆਂ ਅਤੇ ਗੈਰ ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਜ਼ਿਲ੍ਹੇ ਵਿੱਚ ਹਰਿਆਲੀ ਨੂੰ ਵਧਾਉਣ ਲਈ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹੇ ਵਿੱਚ ਪੌਦੇ ਲਗਾਉਣ ਦਾ ਇਤਿਹਾਸ ਸਿਰਜਣ ਲਈ ਅੱਗੇ ਆਉਣ ਅਤੇ ਸਥਾਨਕ ਅਧਿਕਾਰੀਆਂ ਨਾਲ ਹੱਥ ਮਿਲਾਉਣ ਕਿਉਂਕਿ ਸਾਫ਼ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਨਾਗਰਿਕਾਂ ਦੀ ਤੰਦਰੁਸਤੀ ਲਈ ਜ਼ਰੂਰੀ ਹੈ ਕਿਉਂਕਿ ਰੁੱਖ ਮਨੁੱਖੀ ਜੀਵਨ ਲਈ ਮਹੱਤਵਪੂਰਨ ਹੋਣ ਦੇ ਨਾਲ ਨਾਲ ਆਕਸੀਜਨ ਦਾ ਮੁੱਖ ਸਰੋਤ ਹਨ। ਡਵੀਜ਼ਨਲ ਜੰਗਲਾਤ ਅਫ਼ਸਰ ਕੰਵਰਦੀਪ ਸਿੰਘ ਆਈ.ਐਫ.ਐਸ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 11 ਲੱਖ ਬੂਟੇ ਲਗਾਉਣ ਦੇ ਟੀਚੇ ਨੂੰ ਪੂਰਾ ਕਰਨ ਲਈ ਜੰਗਲਾਤ ਵਿਭਾਗ ਕੋਲ ਆਪਣੀਆਂ ਨਰਸਰੀਆਂ ਵਿੱਚ ਲਗਭਗ 11 ਲੱਖ ਬੂਟੇ ਹਨ। ਮੀਟਿੰਗ ਵਿੱਚ ਐਸ.ਡੀ.ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

[wpadcenter_ad id='4448' align='none']