ਮੁੱਖ ਮੰਤਰੀ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਨਾਲ ਫੋਨ ਉਤੇ ਕੀਤੀ ਗੱਲ

ਚੰਡੀਗੜ੍ਹ, 3 ਅਗਸਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨੀਵਾਰ ਨੂੰ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਫੋਨ ਕਰ ਕੇ ਪੈਰਿਸ ਓਲੰਪਿਕ ਦੇ ਕੁਆਰਟਰ ਫਾਈਨਲ ਮੈਚ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

ਟੈਲੀਫੋਨ ‘ਤੇ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਅਫਸੋਸ ਜ਼ਾਹਰ ਕੀਤਾ ਕਿ ਉਹ ਪੈਰਿਸ ਜਾ ਕੇ ਭਾਰਤੀ ਹਾਕੀ ਟੀਮ ਦਾ ਹੌਸਲਾ ਵਧਾਉਣਾ ਚਾਹੁੰਦੇ ਸਨ ਪਰ ਬਦਕਿਸਮਤੀ ਨਾਲ ਕੇਂਦਰ ਸਰਕਾਰ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚੰਗੀ ਤਰ੍ਹਾਂ ਪਤਾ ਹੋਣ ਦੇ ਬਾਵਜੂਦ ਸਿਆਸੀ ਕਾਰਨਾਂ ਕਰ ਕੇ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਮੈਚ ਦੌਰਾਨ ਭਾਰਤੀ ਹਾਕੀ ਟੀਮ ਨਾਲ ਰਹਿਣਾ ਚਾਹੁੰਦੇ ਸਨ ਪਰ ਹੁਣ ਉਨ੍ਹਾਂ ਨੂੰ ਟੀ.ਵੀ. ਸਕਰੀਨ ‘ਤੇ ਲਾਈਵ ਦੇਖਣਾ ਪਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਮੈਨੂੰ ਇਜਾਜ਼ਤ ਦੇਣ ਤੋਂ ਇਨਕਾਰ ਕੀਤਾ ਗਿਆ ਹੈ ਪਰ ਸਮੁੱਚਾ ਦੇਸ਼ ਅਤੇ ਖਾਸ ਤੌਰ ‘ਤੇ ਪੰਜਾਬ ਇਸ ਮੈਚ ਦੌਰਾਨ ਹਾਕੀ ਦੇ ਨਾਇਕਾਂ ਨਾਲ ਹੋਵੇਗਾ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਹਾਕੀ ਟੀਮ ਪੈਰਿਸ ਓਲੰਪਿਕ ਵਿੱਚ ਦੇਸ਼ ਲਈ ਸੋਨ ਤਗਮਾ ਜਿੱਤ ਕੇ ਸਫ਼ਲਤਾ ਦੀ ਨਵੀਂ ਕਹਾਣੀ ਲਿਖੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੂਰਾ ਦੇਸ਼ ਇਸ ਪਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਤਮਗਾ ਲੈ ਕੇ ਘਰ ਪਰਤਣ ਵਾਲੀ ਹਾਕੀ ਟੀਮ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ।

ਖੇਡ ਦੇ ਕੁਝ ਤਕਨੀਕੀ ਨੁਕਤੇ ਸਾਂਝੇ ਕਰਦਿਆਂ ਮੁੱਖ ਮੰਤਰੀ ਨੇ ਹਰਮਨਪ੍ਰੀਤ ਨੂੰ ਸਲਾਹ ਦਿੱਤੀ ਕਿ ਉਹ ਟੀਮ ਦੇ ਸੈਂਟਰ ਵਿੱਚ ਰਹਿੰਦੀਆਂ ਉਨ੍ਹਾਂ ਥਾਵਾਂ ਵੱਲ ਧਿਆਨ ਦੇਣ, ਜਿੱਥੋਂ ਹਾਲ ਹੀ ਦੇ ਮੈਚ ਦੌਰਾਨ ਆਸਟਰੇਲੀਆਈ ਟੀਮ ਵੱਲੋਂ ਵੱਧ ਪਾਸ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਅਤੇ ਸੰਤੁਸ਼ਟੀ ਵਾਲੀ ਗੱਲ ਹੈ ਕਿ ਭਾਰਤ ਨੇ 52 ਸਾਲਾਂ ਦੇ ਵਕਫ਼ੇ ਮਗਰੋਂ ਆਸਟਰੇਲਿਆਈ ਟੀਮ ਨੂੰ ਹਰਾਇਆ। ਭਗਵੰਤ ਸਿੰਘ ਮਾਨ ਨੇ ਸਾਰੇ ਖਿਡਾਰੀਆਂ ਵੱਲੋਂ ਦਿਖਾਈ ਜਾ ਰਹੀ ਸ਼ਾਨਦਾਰ ਖੇਡ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੂਰੇ ਦੇਸ਼ ਨੂੰ ਉਨ੍ਹਾਂ ‘ਤੇ ਮਾਣ ਹੈ।

[wpadcenter_ad id='4448' align='none']