ਐੱਸ ਏ ਐੱਸ ਨਗਰ, 23 ਅਗਸਤ, 2024:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਤ ਤਹਿਤ ਸ਼ੁਰੂ ਕੀਤੇ ਗਏ ਕੈਪਾਂ ਦੀ ਲੜੀ ਵਜੋਂ ਮੋਹਾਲੀ ਬਲਾਕ ਦੇ ਪਿੰਡ ਮਨੌਲੀ ਵਿਖੇ ਕੈਪ ਲਾਇਆ ਗਿਆ। ਇਸ ਕੈੱਪ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਹਾਜਰ ਸਨ। ਇਸ ਕੈਪ ਵਿੱਚ ਪਿੰਡ ਮਨੌਲੀ ਅਤੇ ਨੇੜੇ ਦੇ ਪਿੰਡਾਂ ਦੇ ਨਿਵਾਸੀਆਂ ਵੱਲੋਂ ਆਪਣੀਆਂ ਮੁਸ਼ਕਿਲਾਂ/ਸਮੱਸਿਆਵਾਂ ਲੈ ਕੇ ਪਹੁੰਚ ਕੀਤੀ ਗਈ।
ਵਧੇਰੇ ਜਾਣਕਾਰੀ ਦਿੰਦੇ ਹੋਏ ਐਸ ਡੀ ਐਮ ਮੋਹਾਲੀ ਦੀਪਾਂਕਰ ਗਰਗ ਨੇ ਦੱਸਿਆ ਕਿ ਵੱਖ-ਵੱਖ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਕੈਂਪ ਵਿੱਚ ਹਾਜ਼ਰ ਹੋ ਕੇ ਹਲਕੇ ਦੇ ਲੋਕਾਂ ਦੇ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਬਹੁਤੀਆਂ ਦਾ ਮੌਕੇ ‘ਤੇ ਹੱਲ ਕੀਤਾ ਗਿਆ। ਇਸ ਕੈਂਪ ਵਿੱਚ ਪਹੁੰਚੇ ਪਿੰਡ ਮਨੌਲੀ ਦੇ ਵਰਿੰਦਰ ਕੁਮਾਰ ਨੇ ਦੱਸਿਆ ਕਿ ਉਸ ਦਾ ਅਧਾਰ ਕਾਰਡ ਪਹਿਲਾਂ ਵੀ ਬਣਿਆ ਹੋਇਆ ਸੀ ਪ੍ਰੰਤੂ ਉਸ ਵਿੱਚ ਉਸ ਦਾ ਨਾਮ ਅਤੇ ਜਨਮ ਮਿਤੀ ਗਲਤ ਦਰਜ ਹੋਣ ਕਾਰਨ ਉਸਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪ੍ਰੰਤੂ ਅੱਜ ਉਸ ਵੱਲੋਂ ਆਪਣੇ ਆਧਾਰ ਕਾਰਡ ਚ ਸੋਧ ਲਈ ਅਪਲਾਈ ਕੀਤਾ ਗਿਆ ਅਤੇ ਵਿਭਾਗ ਵੱਲੋਂ ਉਸਨੂੰ ਭਰੋਸਾ ਦਿੱਤਾ ਗਿਆ ਕਿ ਉਸ ਦਾ ਨਵਾਂ ਆਧਾਰ ਕਾਰਡ ਜਲਦ ਹੀ ਉਸਨੂੰ ਮਿਲ ਜਾਵੇਗਾ। ਇਸ ਤੋਂ ਇਲਾਵਾ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਬਾਲ ਪ੍ਰਾਜੈਕਟ ਅਫਸਰ, ਗੁਰਸਿਮਰਨ ਕੌਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਨ੍ਹਾਂ ਵੱਲੋਂ ਇਸ ਕੈਂਪ ਦੌਰਾਨ 0 ਤੋਂ 6 ਸਾਲ ਤੱਕ ਦੇ 15 ਬੱਚਿਆਂ ਦੇ ਆਧਾਰ ਕਾਰਡ ਬਣਾਏ ਗਏ ਹਨ ਅਤੇ 10 ਲੋਕਾਂ ਨੂੰ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਅਤੇ ਆਸ਼ਰਿਤ ਪੈਨਸ਼ਨ ਦਾ ਲਾਭ ਦਿੱਤਾ ਗਿਆ ਹੈ।
ਅਜਿਹਾ ਇਸ ਕਰਕੇ ਸੰਭਵ ਹੋ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਇਨ੍ਹਾਂ ਕੈਪਾਂ ਵਿੱਚ ਪਹੁੰਚ ਕੇ ਲੋਕਾਂ ਨੂੰ ਉਨ੍ਹਾਂ ਦੇ ਸਰਕਾਰੀ ਦਫਤਰਾਂ ਨਾਲ ਸਬੰਧਤ ਰੁਕੇ ਹੋਏ ਕੰਮ ਕਰਾਉਣ ਲਈ ਪਹਿਲਕਦਮੀ ਕਰ ਰਹੇ ਹਨ। ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਹ ਕੈਪ ਸਭ ਤੋਂ ਜ਼ਿਆਦਾ ਬਜ਼ੁਰਗਾਂ ਲਈ ਲਾਹੇਵੰਦ ਸਾਬਤ ਹੋ ਰਹੇ ਹਨ, ਕਿਉਂ ਜੋ ਹੁਣ ਉਨ੍ਹਾਂ ਦੇ ਕੰਮ ਸਰਕਾਰੀ ਦਫਤਰਾਂ ਦੀ ਬਜਾਏ ਘਰਾਂ ਵਿੱਚ ਬੈਠੇ ਹੀ ਹੋ ਰਹੇ।
ਇਸ ਮੌਕੇ ਕੈਂਪ ’ਚ ਮੋਹਾਲੀ ਸਬ ਡਵੀਜ਼ਨ ਦੇ ਵੱਖ- ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਇੱਕ ਥਾਂ ‘ਤੇ ਹੀ ਲਗਪਗ ਸਾਰੇ ਵਿਭਾਗਾਂ ਦੀ ਮੌਜੂਦਗੀ ਆਮ ਲੋਕਾਂ ਲਈ ਲਾਹੇਵੰਦ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਕੈਂਪਾਂ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਵਿਭਾਗਾਂ ਨਾਲ ਸਬੰਧਤ 43 ਸੇਵਾਵਾਂ ਹੈਲਪ ਲਾਈਨ ਨੰਬਰ 1076 ’ਤੇ ਸੰਪਰਕ ਕਰਕੇ ਵੀ ਹਾਸਲ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਵਿੱਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਿਆਂਗ ਅਤੇ ਆਸ਼ਰਿਤ ਪੈਨਸ਼ਨ, ਜਨਮ ਸਰਟੀਫਿਕੇਟ ’ਚ ਨਾਂ ਦੀ ਤਬਦੀਲੀ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਵਿਆਹ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵਧੀਕ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫਰਦ ਬਣਾਉਣੀ, ਸ਼ਗਨ ਸਕੀਮ, ਜ਼ਮੀਨ ਦੀ ਨਿਸ਼ਾਨਦੇਹੀ, ਐੱਨ.ਆਰ. ਆਈ. ਦੇ ਸਰਟੀਫਿਕੇਟਾਂ ਦੇ ਕਾਊਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਊਂਟਰ ਦਸਤਖ਼ਤ, ਮੌਤ ਸਰਟੀਫਿਕੇਟ ’ਚ ਤਬਦੀਲੀ ਆਦਿ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਸੇਵਾਵਾਂ ਲਈ ਸੁਵਿਧਾ ਕੈਂਪ ਚ ਵੀ ਅਰਜ਼ੀ ਦਿੱਤੀ ਜਾ ਸਕਦੀ ਹੈ।