ਕੈਬਨਿਟ ਮੰਤਰੀ ਹਰਭਜਨ ਸਿੰਘ ਵੱਲੋਂ ਪੰਜ ਅਧਿਕਾਰੀਆਂ ਨੂੰ ਪ੍ਰਸ਼ੰਸਾ ਪੱਤਰ ਪ੍ਰਦਾਨ

ਮੋਗਾ, 24 ਅਗਸਤ (000) – ਪੰਜਾਬ ਦੇ ਲੋਕ ਨਿਰਮਾਣ ਵਿਭਾਗ ਅਤੇ ਬਿਜਲੀ ਵਿਭਾਗ ਦੇ ਕੈਬਨਿਟ ਮੰਤਰੀ ਸ੍ਰ ਹਰਭਜਨ ਸਿੰਘ ਨੇ ਬੀਤੇ ਦਿਨੀਂ ਜ਼ਿਲ੍ਹਾ ਮੋਗਾ ਦੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਹੋਏ ਜਿੱਥੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਉਥੇ ਹੀ ਪ੍ਰਸ਼ਾਸ਼ਕ ਤੌਰ ਉੱਤੇ ਵਧੀਆ ਕਾਰਗੁਜ਼ਾਰੀ ਦੇਣ ਵਾਲੇ ਅਧਿਕਾਰੀਆਂ ਨੂੰ ਪ੍ਰਸ਼ੰਸਾ ਪੱਤਰ ਵੀ ਜਾਰੀ ਕੀਤੇ। ਇਹਨਾਂ ਅਧਿਕਾਰੀਆਂ ਵਿੱਚ ਸ੍ਰ ਸਾਰੰਗਪ੍ਰੀਤ ਸਿੰਘ ਐੱਸ ਡੀ ਐੱਮ ਮੋਗਾ, ਸ਼੍ਰੀਮਤੀ ਗੀਤਾ ਬਿਸੰਭੂ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਮੋਗਾ,
ਸ੍ਰ ਬਲਬੀਰ ਸਿੰਘ ਹਰੀ ਵਧੀਕ ਨਿਗਰਾਨ ਇੰਜੀਨੀਅਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਸ਼ਹਿਰੀ ਮੰਡਲ ਮੋਗਾ, ਸ਼੍ਰੀ ਰਾਜੇਸ਼ ਕਾਂਸਲ ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਮੋਗਾ ਅਤੇ ਸ੍ਰ ਸੁਖਦਰਸ਼ਨ ਸਿੰਘ ਉਪ ਮੰਡਲ ਭੂਮੀ ਰੱਖਿਆ ਅਫ਼ਸਰ ਮੋਗਾ ਸ਼ਾਮਿਲ ਸਨ।
ਮੀਟਿੰਗ ਦੌਰਾਨ ਵਿਕਾਸ ਕਾਰਜਾਂ ਦਾ ਰੀਵਿਊ ਕਰਦਿਆਂ ਜ਼ਿਲ੍ਹਾ ਮੋਗਾ ਨਾਲ ਸਬੰਧਤ ਸਮੂਹ ਵਿਧਾਇਕਾਂ ਨੇ ਇਕ ਸੁਰ ਹੋ ਕੇ ਇਹਨਾਂ ਅਧਿਕਾਰੀਆਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਕੈਬਨਿਟ ਮੰਤਰੀ ਨੂੰ ਪ੍ਰਸ਼ੰਸਾ ਪੱਤਰ ਜਾਰੀ ਕਰਨ ਦੀ ਸਿਫਾਰਸ਼ ਕੀਤੀ। ਜਿਸ ਨੂੰ ਕੈਬਨਿਟ ਮੰਤਰੀ ਨੇ ਤੁਰੰਤ ਮੰਨ ਲਿਆ।
ਕੈਬਨਿਟ ਮੰਤਰੀ ਵੱਲੋਂ ਜਾਰੀ ਪੱਤਰਾਂ ਵਿੱਚ ਦੱਸਿਆ ਗਿਆ ਕਿ ਇਹਨਾਂ ਅਧਿਕਾਰੀਆਂ ਵੱਲੋਂ ਆਪਣੇ ਵਿਭਾਗ ਦੇ ਕੰਮਾਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਅਤੇ ਸਮੇਂ-ਸਿਰ ਨਿਪਟਾਇਆ ਜਾਂਦਾ ਹੈ। ਇਹਨਾਂ ਅਧਿਕਾਰੀਆਂ ਦਾ ਆਮ ਜਨਤਾ ਨਾਲ ਵਤੀਰਾ ਸ਼ਲਾਘਾਯੋਗ ਹੈ। ਇਹ ਆਪਣੀ ਡਿਊਟੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾ ਰਹੇ ਹਨ ਅਤੇ ਆਮ ਲੋਕਾਂ ਵਿੱਚ ਇਹਨਾਂ ਅਧਿਕਾਰੀਆਂ ਦਾ ਅਕਸ ਬਹੁਤ ਹੀ ਵਧੀਆ ਹੈ। ਉਹਨਾਂ ਕਿਹਾ ਕਿ ਉਹ ਕਾਮਨਾ ਕਰਦੇ ਹਨ ਕਿ ਇਹ ਭਵਿੱਖ ਵਿੱਚ ਵੀ ਆਪਣਾ ਕੰਮ ਲਗਨ ਅਤੇ ਮਿਹਨਤ ਨਾਲ ਕਰਦੇ ਰਹਿਣ।
ਉਹਨਾਂ ਸਪੱਸ਼ਟ ਕੀਤਾ ਕਿ ਜਿਹੜੇ ਵੀ ਅਧਿਕਾਰੀ ਵਧੀਆ ਕੰਮ ਕਰਨਗੇ ਉਹਨਾਂ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਨਮਾਨਿਤ ਕੀਤਾ ਜਾਂਦਾ ਰਹੇਗਾ।

[wpadcenter_ad id='4448' align='none']