ਤਿੰਨ ਰੋਜ਼ਾ ਤੀਆਂ ਦੇ ਮੇਲੇ ਦਾ ਸ਼ਾਨਦਾਰ ਆਗਾਜ਼ – ਵਿਰਾਸਤੀ ਰੰਗਾਂ ਵਿੱਚ ਰੰਗਿਆ ਗਿਆ ਪਿੰਡ ਭਲਾਈਆਣਾ

 ਭਲਾਈਆਣਾ (ਸ੍ਰੀ ਮੁਕਤਸਰ ਸਾਹਿਬ) 28 ਅਗਸਤ:

ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸੱਭਿਆਚਾਰ ਮਾਮਲੇ ਪੂਰਾਤੱਤਵ ਅਤੇ ਅਜਾਇਬਘਰ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਸ਼੍ਰੀ ਮੁਕਤਸਰ ਸਾਹਿਬ ਦੀ ਰਹਿਨੁਮਾਈ ਵਿੱਚ ਪਿੰਡ ਭਲਾਈਆਣਾ ਵਿਖੇ ਕਰਵਾਇਆ ਜਾ ਰਿਹਾ ਤਿੰਨ ਰੋਜ਼ਾ ਤੀਆਂ ਦੇ ਮੇਲੇ ਦਾ ਅੱਜ ਇੱਥੇ ਸ਼ਾਨਦਰ ਆਗਾਜ਼ ਹੋਇਆ।

ਇਸ ਦੀ ਸ਼ੁਰੂਆਤ ਸ਼੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਦੀਪ ਜਗਾ ਕੇ ਕੀਤੀ। ਇਸ ਮੌਕੇ ਬੋਲਦਿਆਂ ਵਿਧਾਇਕ ਸ੍ਰੀ ਜਗਦੀਪ ਸਿੰਘ ਕਾਕਾ ਬਰਾੜ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਸੂਬੇ ਦੇ ਅਮੀਰ ਸੱਭਿਆਚਾਰ ਅਤੇ ਵਿਰਾਸਤ ਨੂੰ ਪ੍ਰਫੁੱਲਤ ਕਰਨ ਲਈ ਇਸ ਤਰਾਂ ਦੇ ਉਪਰਾਲੇ ਆਰੰਭੇ ਗਏ ਹਨ । ਉਨਾਂ ਨੇ ਕਿਹਾ ਕਿ ਇਹਨਾਂ ਉਪਰਾਲਿਆਂ ਰਾਹੀਂ ਅਸੀਂ ਸਾਡੀ ਨਵੀਂ ਪੀੜੀ ਨੂੰ ਸਾਡੇ ਅਮੀਰ ਵਿਰਸੇ ਨਾਲ ਜੋੜ ਰਹੇ ਹਾਂ। ਉਹਨਾਂ ਔਰਤਾਂ ਵੱਲੋਂ ਹਰ ਖੇਤਰ ਵਿੱਚ ਮਾਰੀਆਂ ਮੱਲਾਂ ਦੀ ਸ਼ਲਾਂਘਾ ਕੀਤੀl

ਉਹਨਾਂ ਮਹਿਲਾਵਾਂ ਨੂੰ ਸੱਦਾ ਦਿੰਦਿਆਂ ਅਪੀਲ ਕੀਤੀ ਉਹਨਾਂ ਨੂੰ ਆਪਣੇ ਵਿਰਸੇ ਨਾਲ ਸੰਬੰਧਿਤ ਤਿਉਹਾਰ ਪੂਰੇ ਉਤਸ਼ਾਹ ਦੇ ਨਾਲ ਮਨਾਉਣੇ ਚਾਹੀਦੇ ਹਨ l

ਉਹਨਾਂ ਆਖਿਆ ਕਿ ਅੱਜ ਦੇ ਬੱਚੇ ਬਹੁਤ ਖੁਸ਼ਕਿਸਮਤ ਹਨ ਕਿਉਂਕਿ ਉਨ੍ਹਾਂ ਦੇ ਮਾਪੇ ਪੜ੍ਹਾਈ ਦੇ ਨਾਲ-ਨਾਲ ਉਹਨਾਂ ਨੂੰ  ਖੇਡਾਂ ਖੇਡਣ ਲਈ ਵੀ ਪ੍ਰੇਰਿਤ ਕਰਦੇ ਹਨ।

ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਨੇ ਆਖਿਆ ਕਿ ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਤੀਆਂ ਦੇ ਮੇਲੇ ਵਿੱਚ ਪੰਜਾਬੀ ਸੱਭਿਆਚਾਰ ਦੇ ਵੱਖ-ਵੱਖ ਰੰਗ ਜਿਵੇਂ ਕਿ ਗਿੱਧਾ, ਭੰਗੜਾ, ਲੋਕ ਖੇਡਾਂ ਪ੍ਰਦਰਸ਼ਨ ਕੀਤੀਆਂ ਜਾਣਗੀਆਂ। ਇਸ ਤੋਂ ਬਿਨਾਂ ਇੱਥੇ ਵੱਖ-ਵੱਖ ਸਵੈ ਸਹਾਇਤਾ ਸਮੂਹਾਂ ਵੱਲੋਂ ਆਪਣੇ ਸਟਾਲ ਲਗਾਏ ਗਏ ਹਨ। ਪਿੰਡ ਭਲਾਈਆਣਾ ਦੀ ਅਨਾਜ ਮੰਡੀ ਵਿੱਚ ਇਸ ਮੇਲੇ ਕਾਰਨ ਪੂਰੇ ਪਿੰਡ ਦਾ ਮਾਹੌਲ ਹੀ ਵਿਰਾਸਤੀ ਰੰਗ ਵਿੱਚ ਰੰਗਿਆ ਵਿਖਾਈ ਦੇਣ ਲੱਗਿਆ।

ਪਹਿਲੇ ਦਿਨ ਦੇ ਸਮਾਗਮਾਂ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਹੋਈ ਜਿਸ ਤੋਂ ਬਾਅਦ ਲੋਕ ਨਾਚ ਭੰਗੜੇ ਦੇ ਮੁਕਾਬਲੇ ਖਿੱਚ ਦਾ ਕੇਂਦਰ ਰਹੇ। ਇਸ ਤੋਂ ਬਿਨਾਂ ਵੱਖ-ਵੱਖ ਪ੍ਰਕਾਰ ਦੇ ਹੋਰ ਸੱਭਿਆਚਾਰਕ ਮੁਕਾਬਲੇ ਅਤੇ ਪਿੰਡ ਦਾ ਦ੍ਰਿਸ਼ ਵੀ ਲੋਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਰਿਹਾ। ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਮੇਲੇ ਵਿੱਚ ਹਾਜ਼ਰੀ ਭਰੀ।

ਇਸ ਮੇਲੇ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੱਖ ਮਹਿਮਾਨ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾl

ਇਸ ਤੋਂ ਪਹਿਲਾਂ ਮੁੱਖ ਮਹਿਮਾਨ ਵੱਲੋਂ ਪੁਰਾਤਨ ਸੱਭਿਆਚਾਰ ਵਿਰਸੇ ਨੂੰ ਦਰਸਾਉਂਦੀਆਂ ਸਟਾਲਾਂ ਦਾ ਦੋਰਾ ਕਰਕੇ ਨਿਰੀਖਣ ਕੀਤਾ ਗਿਆl

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਸੁਰਿੰਦਰ ਸਿੰਘ ਢਿੱਲੋ, ਐਸ.ਡੀ.ਐਮ. ਡਾ. ਸੰਜੀਵ ਕੁਮਾਰ, ਸ੍ਰੀ ਜਸ਼ਨ ਬਰਾੜ ਜ਼ਿਲ੍ਹਾ ਪ੍ਰਧਾਨ, ਸ੍ਰੀ ਸੁਰਜੀਤ ਸਿੰਘ ਸੰਧੂ ਚੇਅਰਮੈਨ ਮਾਰਕੀਟ ਕਮੇਟੀ,  ਸ੍ਰੀ ਸੁਖਜਿੰਦਰ ਸਿੰਘ ਬੱਬਰੂ ਬਰਾੜ ਪ੍ਰਧਾਨ ਟਰੱਕ ਯੂਨੀਅਨ, ਜ਼ਿਲ੍ਹਾ ਸਮਾਜਿਕ ਸੁਰੱਖਿਆ ਨਿਆਂ ਅਤੇ ਅਧਿਕਾਰਿਤਾ ਅਫ਼ਸਰ ਸ੍ਰੀ ਜਗਮੋਹਨ ਸਿੰਘ ਮਾਨ, ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਜਸਪਾਲ ਮੋਂਗਾ, ਉਪ ਜਿਲਾ ਸਿੱਖਿਆ ਅਫਸਰ ਸ੍ਰੀ ਕਪਿਲ ਸ਼ਰਮਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

[wpadcenter_ad id='4448' align='none']