The in-laws tortured the pregnant daughter-in-law
ਪੇਕਿਆਂ ਤੋਂ ਆਪਣੇ ਸਹੁਰੇ ਘਰ ਆਈ ਅਮਰੀਕਨ ਸਿਟੀਜ਼ਨ 3 ਮਹੀਨਿਆਂ ਦੀ ਗਰਭਵਤੀ ਨੂੰਹ ਨੇ ਸਹੁਰਾ ਪਰਿਵਾਰ ‘ਤੇ ਕੁੱਟਮਾਰ ਕਰਨ ਅਤੇ ਉਸ ਦੇ ਪੇਟ ’ਚ ਲੱਤਾਂ ਮਾਰ ਕੇ ਉਸ ਨੂੰ ਜ਼ਖਮੀ ਕਰਨ, ਉਸ ਦੇ ਕੱਪੜੇ ਪਾੜਨ ਦੇ ਗੰਭੀਰ ਦੋਸ਼ ਲਗਾਏ ਹਨ। ਉੱਥੇ ਹੀ ਜ਼ਖ਼ਮੀ ਹਾਲਤ ’ਚ ਉਹ ਘਰੋਂ ਬਾਹਰ ਨਾ ਨਿਕਲ ਸਕੇ, ਉਸ ਨੂੰ ਜਿੰਦੇ ਲਾ ਕੇ ਅੰਦਰ ਡੱਕ ਦਿੱਤਾ ਗਿਆ। 112 ਨੰ. ’ਤੇ ਪੀੜਿਤ ਐੱਨ. ਆਰ. ਆਈ. ਵੱਲੋਂ ਸ਼ਿਕਾਇਤ ਕਰਨ ਤੋਂ ਬਾਅਦ ਘਟਨਾ ਵਾਲੀ ਥਾਂ ਤੋਂ ਮਹਿਜ਼ 4 ਕਿਲੋਮੀਟਰ ਦੂਰ ਥਾਣੇ ਤੋਂ ਕਰੀਬ ਢਾਈ ਘੰਟਿਆਂ ਬਾਅਦ ਮੌਕੇ ’ਤੇ ਪੁਲਸ ਪਹੁੰਚੀ ਅਤੇ ਪੁਲਸ ਨੇ ਸਹੁਰੇ ਪਰਿਵਾਰ ਤੋਂ ਕੋਠੀ ਦੇ ਜਿੰਦੇ ਖੁੱਲ੍ਹਵਾ ਕੇ ਨੂੰਹ ਨੂੰ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਉਹ ਹੁਣ ਜ਼ੇਰੇ ਇਲਾਜ ਹੈ। ਉਧਰ ਦੂਜੇ ਪਾਸੇ ਸਹੁਰੇ ਪਰਿਵਾਰ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਬੇ-ਬੁਨਿਆਦ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਨੂੰਹ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਹੈ।
ਜਾਣਕਾਰੀ ਅਨੁਸਾਰ ਥਾਣਾ ਬਿਲਗਾ ਦੇ ਪਿੰਡ ਉਮਰਪੁਰ ’ਚ ਵਿਆਹੀ ਪਿੰਡ ਟੁੱਟ ਕਲਾਂ ਦੀ ਰਜਨੀਸ਼ ਕੌਰ ਨੇ ਦੱਸਿਆ ਉਸ ਦਾ ਵਿਆਹ ਕਰੀਬ 8 ਸਾਲ ਪਹਿਲਾਂ ਹੋਇਆ ਸੀ। ਉਹ ਅਮਰੀਕਨ ਸਿਟੀਜ਼ਨ ਹੈ। 28 ਅਗਸਤ ਨੂੰ ਉਹ ਅਮਰੀਕਾ ਤੋਂ ਪੰਜਾਬ ਆਈ ਸੀ, ਜੋ ਆਪਣੇ ਪੇਕੇ ਘਰ ਟੁੱਟ ਕਲਾਂ ’ਚ ਰਹਿ ਰਹੀ ਸੀ। ਸ਼ੁੱਕਰਵਾਰ ਨੂੰ ਉਨ੍ਹਾਂ ਦੇ ਸਹੁਰਾ ਘਰ ਦੀ ਕੋਠੀ ਦੇ ਕੈਮਰੇ ਅਚਾਨਕ ਬੰਦ ਹੋ ਗਏ ਤਾਂ ਉਹ ਸ਼ਨੀਵਾਰ ਨੂੰ ਸਵੇਰੇ ਆਪਣੇ ਸਹੁਰੇ ਪਿੰਡ ਉਮਰਪੁਰ ਇਕੱਲੀ ਗੱਡੀ ’ਚ ਆਈ, ਜਦੋਂ ਕੋਠੀ ਅੰਦਰ ਦਾਖ਼ਲ ਹੋਈ ਤਾਂ ਉਸ ਨੇ ਵੇਖਿਆ ਕੈਮਰੇ ਦੀਆਂ ਤਾਰਾਂ ਵੱਢੀਆਂ ਹੋਈਆਂ ਸਨ। ਉਪਰੰਤ ਉਸ ਦੇ ਸਹੁਰਾ ਪਰਿਵਾਰ ਨੇ ਉਸ ਨਾਲ ਹੱਥੋਂਪਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਕੋਠੀ ’ਚੋਂ ਬਾਹਰ ਕੱਢਣ ਲੱਗ ਪਏ, ਜਿਨ੍ਹਾਂ ਨੇ ਉਸ ਦੇ ਕੱਪੜੇ ਪਾੜੇ ਅਤੇ ਉਸ ਦੇ ਢਿੱਡ ’ਚ ਲੱਤਾਂ ਮਾਰੀਆਂ। ਉਸ ਨੇ ਜਿਵੇਂ-ਤਿਵੇਂ ਖ਼ੁਦ ਨੂੰ ਛੁਡਵਾਇਆ ਅਤੇ ਆਪਣੇ-ਆਪ ਨੂੰ ਕਮਰੇ ਅੰਦਰ ਬੰਦ ਕਰਕੇ 112 ਨੰ. ’ਤੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ। ਨਾਲ ਹੀ ਆਪਣੇ ਪੇਕੇ ਪਰਿਵਾਰ ਇਸ ਦੀ ਸਾਰੀ ਜਾਣਕਾਰੀ ਦਿੱਤੀ। ਉਪਰੰਤ ਮੌਕੇ ’ਤੇ ਮੀਡੀਆ ਅਤੇ ਰਜਨੀਸ਼ ਦੇ ਪੇਕੇ ਪਰਿਵਾਰ ਦੇ ਮੈਂਬਰ ਪਹੁੰਚੇ।The in-laws tortured the pregnant daughter-in-law
ਉਨ੍ਹਾਂ ਵੇਖਿਆ ਕਿ ਸਹੁਰੇ ਪਰਿਵਾਰ ਨੇ ਗੇਟ ਨੂੰ ਅੰਦਰਲੇ ਪਾਸਿਓਂ ਜਿੰਦੇ ਲਾਏ ਹੋਏ ਸਨ ਤਾਂ ਕਿ ਨਾ ਤਾਂ ਕੋਈ ਅੰਦਰ ਆ ਸਕੇ ਨਾ ਕੋਈ ਬਾਹਰ ਆ ਸਕੇ। ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਹ ਇਥੇ ਕੰਮ ਕਰਦੇ ਹਨ, ਉਨ੍ਹਾਂ ਦੇ ਮੋਟਰਸਾਈਕਲ ਵੀ ਅੰਦਰ ਹੀ ਡੱਕ ਦਿੱਤੇ ਗਏ ਹਨ। ਰਜਨੀਸ਼ ਨੇ ਦੱਸਿਆ ਕਿ ਉਹ 3 ਮਹੀਨਿਆਂ ਦੀ ਗਰਭਵਤੀ ਹੈ। ਉਸ ਨਾਲ ਕੁੱਟਮਾਰ ਕਰਦੇ ਹੋਏ ਉਸ ਨੂੰ ਅੰਦਰ ਹੀ ਬੰਦ ਕਰ ਦਿੱਤਾ ਅਤੇ ਬਾਹਰੋਂ ਬਿਜਲੀ ਦੀ ਸਪਲਾਈ ਵੀ ਬੰਦ ਕਰ ਦਿੱਤੀ। ਪੁਲਸ ਦੇ ਪਹੁੰਚਣ ਤੋਂ ਬਾਅਦ ਪੁਲਸ ਨੇ ਸਹੁਰਾ ਪਰਿਵਾਰ ਤੋਂ ਮੀਡੀਆ ਅਤੇ ਉਸ ਦੇ ਪੇਕੇ ਪਰਿਵਾਰ ਦੀ ਹਾਜ਼ਰੀ ’ਚ ਜਿੰਦੇ ਖੁੱਲ੍ਹਵਾ ਕੇ ਜ਼ਖ਼ਮੀ ਹਾਲਤ ’ਚ ਕੁੱਟਮਾਰ ਦੇ ਸ਼ਿਕਾਰ ਹੋਈ ਰਜਨੀਸ਼ ਨੂੰ ਕੋਠੀ ’ਚੋਂ ਬਾਹਰ ਕੱਢਿਆ ਅਤੇ ਉਸ ਨੂੰ ਪਹਿਲਾਂ ਨੂਰਮਹਿਲ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਵੇਖਦੇ ਹੋਏ ਜਲੰਧਰ ਸਿਵਲ ਹਸਪਤਾਲ ’ਚ ਰੈਫਰ ਕਰ ਦਿੱਤਾ।
ਉਧਰ ਦੂਜੇ ਪਾਸੇ ਰਜਨੀਸ਼ ਦੇ ਸਹੁਰਾ ਪਰਿਵਾਰ, ਜਿਨ੍ਹਾਂ ’ਚ ਸਹੁਰਾ ਜਸਪਾਲ ਸਿੰਘ ਅਤੇ ਸੱਸ ਰਛਪਾਲ ਕੌਰ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਬੇ-ਬੁਨਿਆਦ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਨੂੰਹ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਹੈ, ਜਦੋਂ ਉਨ੍ਹਾਂ ਤੋਂ ਸੀ. ਸੀ. ਟੀ. ਵੀ. ਕੈਮਰੇ ਬੰਦ ਕਰਨ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੀ. ਸੀ. ਟੀ. ਵੀ. ਦੀ ਲੋੜ ਨਹੀਂ ਸੀ। ਉਨ੍ਹਾਂ ਨੇ ਉਹ ਬੰਦ ਕਰ ਦਿੱਤੇ, ਜਦੋਂ ਉਨ੍ਹਾਂ ਤੋਂ ਕੋਠੀ ਨੂੰ ਅੰਦਰੋਂ ਜਿੰਦੇ ਲਾ ਕੇ ਬੰਦ ਕਰਨ ਦੀ ਗੱਲ ਪੁੱਛੀ ਤਾਂ ਉਨ੍ਹਾਂ ਕਿਹਾ ਕਿ ਰਜਨੀਸ਼ ਦੇ ਪੇਕੇ ਪਰਿਵਾਰ ਆਪਣੇ ਨਾਲ ਬੰਦੇ ਲੈ ਕੇ ਆਏ ਸਨ, ਜਿਸ ਕਾਰਨ ਉਨ੍ਹਾਂ ਨੇ ਗੇਟ ਨੂੰ ਅੰਦਰੋਂ ਜਿੰਦੇ ਲਾ ਕੇ ਬੰਦ ਕੀਤਾ ਸੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਕੁੱਟਮਾਰ ਹੋਈ ਹੈ ਨਾ ਕਿ ਉਨ੍ਹਾਂ ਨੇ ਕੀਤੀ ਹੈ। ਮੌਕੇ ’ਤੇ ਏ. ਐੱਸ. ਆਈ. ਸਤਪਾਲ ਸਿੰਘ ਨਾਲ ਗੱਲਬਾਤ ਕਰਨ ਅਤੇ ਦੇਰੀ ਨਾਲ ਪਹੁੰਚਣ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਉਹ ਕਿਸੇ ਹੋਰ ਸਾਈਡ ’ਤੇ ਫਸੇ ਹੋਏ ਸਨ, ਜਿਸ ਕਾਰਨ ਉਹ ਦੇਰੀ ਨਾਲ ਪਹੁੰਚੇ ਹਨ, ਜੋ ਵੀ ਬਿਆਨ ਪੀੜਤ ਪਰਿਵਾਰ ਵੱਲੋਂ ਲਿਖਵਾਏ ਜਾਣਗੇ ਉਸ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।The in-laws tortured the pregnant daughter-in-law