ਸਾਹਿਬਜ਼ਾਦਾ ਅਜੀਤ ਸਿੰਘ ਨਗਰ, 5 ਸਤੰਬਰ, 2024:
ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਹਰ ਸਾਲ ਸਤੰਬਰ ਮਹੀਨੇ ਵਿਚ 1 ਤੋਂ 30 ਸਤੰਬਰ ਤੱਕ ਪੋਸ਼ਣ ਮਾਹ ਮਨਾਇਆ ਜਾਂਦਾ ਹੈ। ਇਸ ਸਾਲ ਸੱਤਵਾਂ ਪੋਸ਼ਣ ਮਾਹ ਪੰਜਾਬ ਵਿੱਚ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਔਰਤਾਂ ਅਤੇ ਬੱਚਿਆਂ ਨੂੰ ਸਰੀਰਿਕ ਤੌਰ ਤੇ ਮਜਬੂਤ ਬਣਾਉਣ ਅਤੇ ਸੰਤੁਲਿਤ ਖੁਰਾਕ ਸਬੰਧੀ ਜਾਗਰੂਕ ਕਰਨ ਦੇ ਮਕਸਦ ਨਾਲ ਜਿਲ੍ਹਾ ਐਸ.ਏ.ਐਸ. ਨਗਰ ਅਧੀਨ ਬਲਾਕ ਖਰੜ-2 ਵਿਚ ਸਰਕਲ ਮਨੌਲੀ ਦੇ ਪਿੰਡ ਝਿਉਰਹੇੜੀ ਦੇਆਂਗਣਵਾੜੀ ਸੈਂਟਰ ਵਿੱਚ ਅੱਜ ਮਿਤੀ 05-09-2024 ਨੂੰ ਸ਼੍ਰੀਮਤੀ ਸ਼ੇਨਾ ਅਗਰਵਾਲ ਡਾਇਰੈਕਟਰ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਜੀ ਦੀ ਅਗਵਾਈ ਹੇਠ ਪੋਸ਼ਨ ਅਭਿਆਨ ਤਹਿਤ ਪੋਸ਼ਣ ਮਾਹ, 2024 ਦੇ ਚਲਦੇ ਬਲਾਕ ਪੱਧਰੀ ਸਮਾਗਮ ਕਰਵਾਇਆ ਗਿਆ।
ਇਸ ਦੌਰਾਨ ਭਾਰਤ ਸਰਕਾਰ, ਇਸਤਰੀ ਤੇ ਬਾਲ ਵਿਕਾਸ ਮੰਤਰਾਲਾ ਤੋਂ ਸ੍ਰੀਮਤੀ ਪ੍ਰੀਤੀ ਪੰਤ, (ਸੰਯੁਕਤ ਸਕੱਤਰ), ਸ੍ਰੀ ਮਨੋਜ ਪ੍ਰਭਾਤ (ਅਧੀਨ ਸਕੱਤਰ) ਅਤੇ ਪ੍ਰੀਥਾ ਚੌਹਾਨ (ਕੰਨਸਲਟੈਂਟ) ਵਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਪਿੰਡ ਝਿਉਰਹੇੜੀ ਦੇ ਆਂਗਣਵਾੜੀ ਸੈਂਟਰ ਦਾ ਦੌਰਾ ਕੀਤਾ ਗਿਆ। ਸ਼੍ਰੀ ਗਗਨਦੀਪ ਸਿੰਘ, ਜਿਲ੍ਹਾ ਪ੍ਰੋਗਰਾਮ ਅਫਸਰ ਵਲੋਂ ਵਿਭਾਗ ਵਲੋਂ ਲਾਭਪਾਤਰੀਆਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਜਾਣਕਾਰੀ ਭਾਰਤ ਸਰਕਾਰ ਦੀ ਟੀਮ ਨਾਲ ਸਾਂਝੀ ਕੀਤੀ ਗਈ।
ਪੋਸ਼ਣ ਅਭਿਆਨ ਤਹਿਤ ਪੋਸ਼ਣ ਮਾਹ ਦੇ ਚੱਲਦਿਆ ਗਰਭਵਤੀ ਔਰਤਾਂ ਦੀ ਸੁਪੋਸ਼ਣ ਗੋਦ ਭਰਾਈ ਕੀਤੀ ਗਈ ਅਤੇ 6 ਮਹੀਨੇ ਤੋਂ ਉੱਪਰ ਦੇ ਬੱਚਿਆਂ ਲਈ ਪੂਰਕ ਆਹਾਰ ਸ਼ੁਰੂ ਕਰਨ ਦੀ ਮਹੱਤਤਾ ਬਾਰੇ ਦੱਸਿਆ ਗਿਆ ਤੇ ਸਮਾਗਮ ਵਿੱਚ ਬੱਚਿਆਂ ਨੂੰ ਅਨਪ੍ਰਾਸ਼ਨ ਕਰਵਾਇਆ ਗਿਆ।
ਇਸ ਤੋਂ ਇਲਾਵਾ ਸ਼੍ਰੀਮਤੀ ਗੁਰਸਿਮਰਨ ਕੌਰ, ਬਾਲ ਵਿਕਾਸ ਪ੍ਰੋਜੈਕਟ ਅਫਸਰ, ਬਲਾਕ ਖਰੜ-2 ਵਲੋਂ ਘਰ ਵਿੱਚ ਮਿਲਣ ਵਾਲੀਆਂ ਘੱਟ ਕੀਮਤ ਵਾਲੀਆਂ ਵਸਤੂਆਂ, ਜਿਨਾਂ ਤੋਂ ਪੋਸ਼ਟਿਕ ਭੋਜਨ ਬਣਾਇਆ ਜਾ ਸਕਦਾ ਹੈ, ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਆਂਗਣਵਾੜੀ ਵਰਕਰਾਂ ਵਲੋਂ ਘੱਟ ਲਾਗਤ ਵਾਲੇ ਘਰ ਤਿਆਰ ਭੋਜਨਾਂ ਦੀ ਪ੍ਰਦਰਸ਼ਨੀ ਲਗਾਈ ਗਈ।
ਸ਼੍ਰੀਮਤੀ ਹਰਦੀਪਮ, ਜ਼ਿਲ੍ਹਾ ਕੋਆਰਡੀਨੇਟਰ (ਪੋਸ਼ਣ ਅਭਿਆਨ) ਵਲੋਂ ਪੋਸ਼ਣ ਮਾਹ ਦੌਰਾਨ ਜਿਲ੍ਹਾ ਅਧੀਨ 650 ਆਂਗਣਵਾੜੀ ਸੈਂਟਰਾਂ ਵਿਚ ਕਰਵਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਸਾਝੀ ਕੀਤੀ ਗਈ।
ਇਸ ਮੌਕੇ ਮੁੱਖ ਦਫਤਰ ਤੋਂ ਡਿਪਟੀ ਡਾਇਰੈਕਟਰ ਸ਼੍ਰੀ ਸੁਖਦੀਪ ਸਿੰਘ, ਸ਼੍ਰੀ ਅਮਰਜੀਤ ਸਿੰਘ, ਸ਼੍ਰੀਮਤੀ ਸੁਮਨਦੀਪ ਕੌਰ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਝਿਉਰਹੇੜੀ ਦੇ ਪ੍ਰਿੰਸੀਪਲ, ਬਲਾਕ ਖਰੜ-2 ਅਧੀਨ ਕੰਮ ਕਰਦੀਆਂ ਸੁਪਰਵਾਈਜਰਾਂ, ਬਲਾਕ ਕੋਆਰਡੀਨੇਟਰ ਪੋਸ਼ਣ, ਆਂਗਣਵਾੜੀ ਵਰਕਰਾਂ/ਹੈਲਪਰਾਂ ਅਤੇ ਵਿਭਾਗ ਅਧੀਨ ਸਕੀਮਾਂ ਦੇ ਲਾਭ ਲੈ ਰਹੇ ਲਾਭਪਾਤਰੀ ਸ਼ਾਮਲ ਸਨ।ਆ