ਮੈਂ ਤੇ ਮੇਰਾ ਰੁੱਖ” ਮੁਹਿੰਮ ਤਹਿਤ ਸਪੀਕਰ ਸੰਧਵਾਂ ਨੇ ਲਗਾਏ ਬੂਟੇ

ਕੋਟਕਪੂਰਾ 11 ਸਤੰਬਰ,2024

ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿਖੇ “ਮੈਂ ਤੇ ਮੇਰਾ ਰੁੱਖ” ਮੁਹਿੰਮ ਤਹਿਤ ਪੌਦੇ ਲਗਾ ਕੇ ਵਾਤਾਵਰਣ ਨੂੰ ਬਚਾਉਣ ਦਾ ਸੁਨੇਹਾ ਦਿੰਦਿਆ ਕਿਹਾ ਕਿ ਇਹ ਪੌਦੇ ਵੱਡੇ ਹੋ ਕੇ ਰੁੱਖ ਦਾ ਰੂਪ ਧਾਰ ਕੇ ਜਿੱਥੇ ਸਾਰਿਆਂ ਨੂੰ ਸੰਘਣੀ ਛਾਂ ਦੇਣਗੇ ਉੱਥੇ ਆਕਸੀਜਨ ਦੀ ਘਾਟ ਨੂੰ ਵੀ ਪੂਰਾ ਕਰਨਗੇ । ਉਨ੍ਹਾਂ ਵਾਤਾਵਰਨ ਦੀ ਸੰਭਾਲ ਲਈ ਸਾਰੇ ਵਰਗਾਂ ਨੂੰ ਇਕਜੁੱਟ ਹੋ ਕੇ ਹੰਭਲਾ ਮਾਰਨ ਦੀ ਅਪੀਲ ਵੀ ਕੀਤੀ।

ਉਨ੍ਹਾਂ ਕਿਹਾ ਕਿ “ਮੈਂ ਤੇ ਮੇਰਾ ਰੁੱਖ” ਮੁਹਿੰਮ ਤਹਿਤ ਢਿੱਲੋਂ ਕੰਪਲੈਕਸ ਦੇ ਵਿੱਚ ਹੀ 750 ਦੇ ਕਰੀਬ ਬੂਟੇ ਲਗਾਏ ਜਾ ਚੁੱਕੇ ਹਨ । ਅਤੇ 51 ਹਜ਼ਾਰ ਵੱਖ-ਵੱਖ ਕਿਸਮਾਂ ਦੇ ਫਲਦਾਰ, ਛਾਂਦਾਰ, ਫੁੱਲਦਾਰ ਅਤੇ ਰਵਾਇਤੀ ਬੂਟੇ ਲਾਉਣ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਧੁੰਦਾਂ ਪੈਣ ਤੋਂ ਪਹਿਲਾਂ ਪਹਿਲਾਂ ਇਹ ਟੀਚਾ ਮੁਕੰਮਲ ਕਰ ਲਿਆ ਜਾਵੇਗਾ ।

 ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਜਿੰਨੇ ਬੂਟੇ ਲਗਾਏ ਗਏ ਹਨ ਉਨ੍ਹਾਂ ਦੀ ਸਾਂਭ ਸੰਭਾਲ ਵੀ ਲਗਾਤਾਰ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਸਾਨੂੰ ਸਾਰਿਆਂ ਨੂੰ ਮਿਲ ਕੇ ਪੰਜਾਬ ਨੂੰ ਰੰਗਲਾ ਪੰਜਾਬ ਅਤੇ ਹਰਿਆ ਭਰਿਆ ਪੰਜਾਬ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿ ਹਰੇਕ ਮਨੁੱਖ ਇੱਕ ਰੁੱਖ ਜ਼ਰੂਰ ਲਗਾਵੇ ਅਤੇ ਉਸਦੀ ਸੰਭਾਲ ਵੀ ਕਰੇ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਵੀ ਚੰਗੇ ਵਾਤਾਵਰਨ ਵਿਚ ਰਹਿਣ ਲਈ ਜਾਗਰੂਕ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਰੁੱਖਾਂ ਬਿਨਾਂ ਜ਼ਿੰਦਗੀ ਸੰਭਵ ਨਹੀਂ ਹੈ ਤੇ ਸਾਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਜਿੰਨੇ ਰੁੱਖ ਜ਼ਿਆਦਾ ਹੋਣਗੇ, ਓਨੇ ਹੀ ਮੀਂਹ ਜ਼ਿਆਦਾ ਪੈਣਗੇ। ਜੇਕਰ ਪੰਜਾਬ ਵਿੱਚ ਮੀਂਹ ਜ਼ਿਆਦਾ ਪੈਣਗੇ ਤਾਂ ਧਰਤੀ ਹੇਠਲੇ ਪਾਣੀ ਦੀ ਵਰਤੋਂ ਵੀ ਘੱਟ ਹੋਵੇਗੀ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵਲੋਂ ਵੀ ਪੰਜਾਬ ਭਰ ਦੀਆਂ ਪੰਚਾਇਤਾਂ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਦੀ ਅਪੀਲ ਕੀਤੀ ਗਈ ਹੈ ਜੋ ਕਿ ਬਹੁਤ ਹੀ ਸ਼ਲਾਂਘਾਯੋਗ ਉਪਰਾਲਾ ਹੈ।

ਇਸ ਮੌਕੇ ਡਾ. ਮਨਜੀਤ ਢਿੱਲੋਂ, ਚਮਕੌਰ ਸਿੰਘ ਵਣ ਰੇਂਜ ਅਫ਼ਸਰ ਫ਼ਰੀਦਕੋਟ, ਸਰਬਜੀਤ ਸ਼ਰਮਾ ਬਲਾਕ ਅਫ਼ਸਰ, ਕੁਲਦੀਪ ਸਿੰਘ ਬਲਾਕ ਅਫ਼ਸਰ, ਅਤੇ ਕਰਮਜੀਤ ਕੌਰ, ਵਣ ਗਾਰਡ, ਕਲੱਬ ਦੇ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ, ਪ੍ਰੋਜੈਕਟ ਇੰਚਾਰਜ ਮਨਤਾਰ ਸਿੰਘ ਮੱਕੜ, ਉਪ ਚੇਅਰਮੈਨ ਬਿੱਟਾ ਗਰੋਵਰ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਦਿਉੜਾ, ਗੁਰਮੀਤ ਸਿੰਘ ਮੀਤਾ, ਤੋਂ ਇਲਾਵਾ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਐਲ.ਡੀ. ਮਹਿਰਾ, ਮੁਖਤਿਆਰ ਸਿੰਘ ਮੱਤਾ, ਸਰਨ ਕੁਮਾਰ, ਹਰਦੀਪ ਸਿੰਘ, ਮਾ.ਕੌਸ਼ਲ ਪ੍ਰਕਾਸ਼, ਜੋਗਿੰਦਰ ਸਿੰਘ, ਮਨਪ੍ਰੀਤ ਸਿੰਘ ਧਾਲੀਵਾਲ ਆਦਿ ਵੀ ਹਾਜ਼ਰ ਸਨ ।

[wpadcenter_ad id='4448' align='none']