ਸਰਫੇਸ ਸੀਡਰ / ਮਲਚਿੰਗ ਤਕਨੀਕ ਨਾਲ ਕਣਕ ਦੀ ਬਿਜਾਈ-ਸਸਤੀ ਅਤੇ ਸੌਖੀ : ਮੁੱਖ ਖੇਤੀਬਾੜੀ ਅਫਸਰ

ਫਰੀਦਕੋਟ:22 ਸਤੰਬਰ 2024 (      ) ਸਾਲ 2024 -25 ਦੌਰਾਨ ਜ਼ਿਲਾ ਫਰੀਦਕੋਟ ਵਿੱਚ ਝੋਨੇ ਦੀ  ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ਤੇ ਲਿਆਉਣ ਲਈ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੀ ਅਗਵਾਈ ਹੇਠ ਕੀਤੇ ਜਾ ਰਹੇ ਉਪਰਾਲਿਆਂ ਨੂੰ ਅੱਗੇ ਤੋਰਦੇ ਹੋਏ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਰਫੇਸ ਸੀਡਰ ਮਾਲਿਕ ਕਿਸਾਨਾਂ ਲਈ ਇੱਕ ਰੋਜ਼ਾ ਸਿਖਲਾਈ ਪ੍ਰੋਗਰਾਮ ਸਥਾਨਕ ਮੁੱਖ ਖੇਤੀਬਾੜੀ ਦਫਤਰ ਦੇ ਆਤਮਾ ਮੀਟਿੰਗ ਹਾਲ ਲਗਾਇਆ ਗਿਆ ।ਇਸ ਸਿਖਲਾਈ ਪ੍ਰੋਗਰਾਮ ਦੀ ਪ੍ਰਧਾਨਗੀ ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਨੇ ਕੀਤੀ।

        ਕਿਸਾਨਾਂ ਨੂੰ ਸੰਬੋਧਨ ਕਰਦਿਆ ਡਾ. ਅਮਰੀਕ ਸਿੰਘ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪਿਛਲੇ ਸਾਲ ਬਗੈਰ ਪਰਾਲੀ ਨੂੰ ਅੱਗ ਲਗਾਏ ਅਤੇ ਖੇਤ ਨੂੰ ਵਾਹੁਣ ਤੋਂ ਬਿਨਾਂ ਕਣਕ ਦੀ ਬਿਜਾਈ ਕਰਨ ਦੀ ਨਵੀਂ ਸਰਫੇਸ ਸੀਡਰ ਨਾਮ ਦੀ ਵਿਧੀ ਸਿਫਾਰਸ਼ ਕੀਤੀ ਗਈ ਸੀ ਪਰ ਸਰਫੇਸ ਸੀਡਰ ਮਾਲਕ ਕਿਸਾਨਾਂ,ਸਹਿਕਾਰੀ ਸਭਾਵਾਂ ਨੂੰ ਇਸ ਮਸ਼ੀਨ ਦੇ ਤਕਨੀਕੀ ਨੁਕਤਿਆਂ ਦੀ ਜਾਣਕਾਰੀ ਨਾ ਹੋਣ ਕਾਰਨ ਬਹੁਤ ਘੱਟ ਰਕਬੇ ਵਿੱਚ ਇਸ ਤਕਨੀਕ ਨਾਲ ਕਣਕ ਦੀ ਕਾਸਤ ਕੀਤੀ ਗਈ ਸੀ। ਉਨਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਕਿਸਾਨਾਂ ਵੱਲੋਂ ਝੋਨੇ ਦੇ ਖਰਚਿਆਂ ਵਿੱਚ ਕਣਕ ਦੇ ਬੀਜ ਛੱਟਾ ਦੇਣ ਉਪਰੰਤ ਕਟਰ/ਮਲਚਰ ਜਾਂ ਰੀਪਰ ਮਾਰ ਕੇ ਕਣਕ ਦੀ ਬਿਜਾਈ ਕੀਤੀ ਜਾ ਰਹੀ ਸੀ,ਜਿਸ ਵਿੱਚ ਸੁਧਾਰ ਕਰਕੇ ਪੀ ਏ ਯੂ ਵੱਲੋਂ ਸਰਫੇਸ ਸੀਡਰ ਨਾਮ ਦੀ ਮਸ਼ੀਨ ਨਾਲ ਕਣਕ ਦੀ ਬਿਜਾਈ ਕਰਨ ਦੀ ਸਿਫਾਰਸ਼ ਕੀਤੀ ਗਈ ਹੈ ।  ਉਨਾਂ ਸਮੂਹ ਸਰਫੇਸ ਸੀਡਰ ਮਾਲਕਾਂ ਨੂੰ ਅਪੀਲ ਕੀਤੀ ਕਿ ਸਰਫੇਸ ਸੀਡਰ ਨਾਲ ਘੱਟੋ ਘੱਟ 100-100 ਏਕੜ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਜਾਵੇ ਤਾਂ ਜੋ ਇਸ ਮਸ਼ੀਨ ਤੋਂ ਭਰਪੂਰ ਫਾਇਦਾ ਲਿਆ ਜਾ ਸਕੇ।

       ਡਾ. ਆਰ ਕੇ ਸਿੰਘ ਨੇ ਸਰਫੇਸ ਸੀਡਰ ਦੀਆਂ ਤਕਨੀਕੀ ਬਾਰੀਕੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਫੇਸ ਸੀਡਰ ਵਿੱਚ ਸੋਧੇ ਹੋਏ ਕਟਰ-ਕਮ-ਸਪਰੈਡਰ/ਰੀਪਰ ਦੇ ਉੱਪਰ (ਬਿਨਾਂ ਫਾਲਿਆਂ ਤੋਂ) ਬਿਜਾਈ ਵਾਲੀ ਡਰਿੱਲ ਦਾ ਉਪਰਲਾ ਹਿੱਸਾ ਪਾਈਪਾਂ ਸਮੇਤ ਫਿੱਟ ਕੀਤਾ ਗਿਆ ਹੈ ਜੋ ਬੀਜ ਅਤੇ ਖਾਦ ਕੇਰਨ ਦੇ ਨਾਲ-ਨਾਲ ਪਰਾਲੀ ਨੂੰ ਕੱਟ ਕੇ ਖੇਤ ਵਿੱਚ ਇਕਸਾਰ ਖਿਲਾਰ ਦਿੰਦੀ ਹੈ ਅਤੇ ਬਾਅਦ ਵਿੱਚ ਪਾਣੀ ਲਗਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਮਸ਼ੀਨ 45 ਹਾਰਸ ਪਾਵਰ ਟਰੈਕਟਰ ਨਾਲ ਚੱਲ ਸਕਦੀ ਅਤੇ 700-800 ਰੁਪਏ ਵਿੱਚ ਇੱਕ ਏਕੜ  ਦੀ ਬਿਜਾਈ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਇਸ ਤਕਨੀਕ ਨਾਲ 14-16 ਏਕੜ ਇੱਕ ਦਿਨ ਵਿੱਚ ਬੀਜੇ ਜਾ ਸਕਦੇ ਹਨ,ਜਦੋਂ ਕਿ ਸੁਪਰ ਸੀਡਰ ਨਾਲ 5-8 ਏਕੜ ਪ੍ਰਤੀ ਦਿਨ ਬਿਜਾਈ ਕੀਤੀ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਇਸ ਤਕਨੀਕ ਨਾਲ ਕਣਕ ਦੀ ਬਿਜਾਈ ਕਰਨ ਲਈ 45 ਕਿਲੋ ਬੀਜ ਅਤੇ 65 ਕਿਲੋ ਡਾਇਆ ਖਾਦ ਪ੍ਰਤੀ ਏਕੜ ਵਰਤੋ। ਇਸ ਮੌਕੇ ਹਾਜ਼ਰ ਸਮੂਹ ਸਰਫੇਸ ਸੀਡਰ ਮਾਲਕਾਂ ਨੇ ਕਿਹਾ ਕਿ ਅੱਜ ਦੀ ਟਰੇਨਿੰਗ ਸਾਡੇ ਲਈ ਬਹੁਤ ਲਾਹੇਵੰਦ ਰਹੇਗੀ ਕਿਉਂਕਿ ਪਿਛਲੇ ਸਾਲ ਇਸ ਮਸ਼ੀਨ ਬਾਰੇ ਪਤਾ ਨਾਂ ਹੋਣ ਕਾਰਨ ਵਰਤੋਂ ਨਹੀਂ ਸੀ ਹੋ ਸਕੀ। ਉਨ੍ਹਾਂ ਮੰਗ ਕੀਤੀ ਕਿ ਕਣਕ ਦੀ ਬਿਜਾਈ ਸ਼ੁਰੂ ਹੋਣ ਤੋਂ ਪਹਿਲਾਂ ਸਰਫੇਸ ਸੀਡਰ ਨਾਲ ਖੇਤ ਵਿੱਚ ਕਣਕ ਬੀਜ ਕੇ ਸਿਖਲਾਈ ਦਿੱਤੀ ਜਾਵੇ ਤਾਂ ਜੋ ਹੋਰ ਬਾਰੀਕੀਆਂ ਬਾਰੇ ਪਤਾ ਲੱਗ ਸਕੇ। ਅਗਾਂਹਵਧੂ ਕਿਸਾਨ ਜਗਸੀਰ ਸਿੰਘ ਨੇ ਮਲਚਿੰਗ ਤਕਨੀਕ ਨਾਲ ਆਪਣੇ ਤਜ਼ਰਬੇ ਸਾਂਝੇ ਕੀਤੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਗੁਰਿੰਦਰਪਾਲ ਸਿੰਘ ,ਡਾ.ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ, ਇੰਜੀ. ਅਕਸ਼ਿਤ ਜੈਨ ਸਹਾਇਕ ਖੇਤੀਬਾੜੀ ਇੰਜੀਨੀਅਰ,ਡਾ. ਅਮਨ ਕੇਸ਼ਵ ਪ੍ਰੋਜੈਕਟ ਡਾਇਰੈਕਟਰ,ਡਾ.ਰਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ, ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

[wpadcenter_ad id='4448' align='none']