ਅੰਮ੍ਰਿਤਸਰ 6 ਅਕਤੂਬਰ 2024—
ਝੋਨੇ ਦੇ ਸੀਜ਼ਨ ਦੌਰਾਨ ਮੰਡੀਆਂ ਵਿੱਚ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਹੁਣ ਤੱਕ ਮੰਡੀਆਂ ਵਿੱਚ 224260 ਮੀਟਰੀਕ ਟਨ ਬਾਸਮਤੀ ਅਤੇ 9570 ਮੀਟਰੀਕ ਟਨ ਝੋਨਾ ਪਹੁੰਚ ਚੁਕਿਆ ਹੈ। ਇਹ ਪ੍ਰਗਟਾਵਾ ਅੱਜ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਵਲੋਂ ਜਿਲ੍ਹਾ ਮੰਡੀ ਅਫ਼ਸਰ ਸ: ਅਮਨਦੀਪ ਸਿੰਘ, ਜਿਲ੍ਹਾ ਖੁਰਾਕ ਤੇ ਸਪਲਾਈ ਅਫ਼ਸਰ ਸ: ਸਰਤਾਜ ਸਿੰਘ, ਜਿਲ੍ਹਾ ਮੈਨੇਜਰ ਵੇਅਰ ਹਾਊਸ ਗਗਨਦੀਪ ਸਿੰਘ ਰੰਧਾਵਾ, ਜਿਲਾ ਮੈਨੇਜਰ ਪਨਸਪ ਸੁਖਵਿੰਦਰਜੀਤ ਸਿੰਘ ਅਤੇ ਜਿਲ੍ਹਾ ਮੈਨੇਜਰ ਸ: ਮਨਿੰਦਰ ਸਿੰਘ ਨਾਲ ਮੀਟਿੰਗ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਜਿਲ੍ਹੇ ਵਿੱਚ ਕਿਸੇ ਆੜਤੀਏ ਜਾਂ ਕਿਸਾਨ ਨੁੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਸਵੇਰੇ 9:30 ਤੋਂ 10:00 ਵਜੇ ਤੱਕ ਨਿੱਜੀ ਤੌਰ ਤੇ ਦਫ਼ਤਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਿਖੇ ਆ ਕੇ ਮਿਲ ਸਕਦੇ ਹਨ ਜਾਂ ਆਪਣੇ ਮੋਬਾਇਲ ਫੋਨ ਰਾਹੀਂ ਹੀ ਦਿੱਤੇ ਗਏ ਲਿੰਕ https://us06web.zoom.us/j/84607130576?pwd=DqjsDRlsG3aRby1izPTWpp98N3O94A.1 ਤੇ ਜਾ ਕੇ ਮੀਟਿੰਗ ਸਬੰਧੀ ਦਿੱਤੇ ਗਏ ਆਈ ਡੀ ਕੋਡ 846 0713 0576 ਅਤੇ ਪਾਸਕੋਡ 498268 ਭਰ ਕੇ ਆਪਣੀ ਮੁਸ਼ਕਿਲਾਂ ਦੱਸ ਸਕਦੇ ਹਨ। ਉਨਾਂ ਦੱਸਿਆ ਕਿ ਮੰਡੀਆਂ ਵਿੱਚ ਬਾਰਦਾਨੇ ਦੀ ਕੋਈ ਕਮੀ ਨਹੀਂ ਹੈ ਅਤੇ ਹਰੇਕ ਮੰਡੀ ਵਿੱਚ ਕਿਸਾਨਾਂ ਦੀ ਸਹੂਲਤ ਲਈ ਅਧਿਕਾਰੀ ਤਾਇਨਾਤ ਕੀਤੇ ਹੋਏ ਹਨ। ਉਨਾਂ ਦਸਿਆ ਕਿ ਜਿਲ੍ਹੇ ਵਿੱਚ ਹੁਣ ਤੱਕ 224260 ਮੀਟਰੀਕ ਟਨ ਬਾਸਮਤੀ ਦੀ ਆਮਦ ਹੋਈ ਹੈ ਅਤੇ ਸਬੰਧਤ ਪ੍ਰਾਈਵੇਟ ਏਜੰਸੀਆਂ ਵਲੋਂ ਪੂਰੀ ਦੀ ਪੂਰੀ ਬਾਸਮਤੀ ਦੀ ਖਰੀਦ ਕਰ ਲਈ ਗਈ ਹੈ। ਉਨਾਂ ਅੱਗੇ ਦੱਸਿਆ ਕਿ ਮੰਡੀਆਂ ਵਿੱਚ 9570 ਮੀਟਰੀਕ ਟਨ ਝੋਨਾ ਆਇਆ ਹੈ। ਜਿਸ ਵਿਚੋਂ ਪ੍ਰਾਈਵੇਟ ਅਤੇ ਸਰਕਾਰੀ ਏਜੰਸੀਆਂ ਵਲੋਂ 8185 ਮੀਟਰੀਕ ਟਨ ਝੋਨੇ ਦੀ ਖਰੀਦ ਕਰ ਲਈ ਗਈ ਹੈ ਅਤੇ ਇਹ ਯਕੀਨੀ ਬਣਾਇਆ ਗਿਆ ਹੈ ਕਿ ਕੀਤੀ ਗਈ ਝੋਨੇ ਦੇ ਖਰੀਦ ਦੀ ਅਦਾਇਗੀ 24 ਘੰਟਿਆਂ ਦੇ ਅੰਦਰ ਅੰਦਰ ਕਿਸਾਨਾਂ ਨੂੰ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰੀ ਖਰੀਦ ਲਈ ਜਰੂਰੀ ਹੈ ਕਿ ਕਿਸਾਨ 17 ਫੀਸਦੀ ਤੋਂ ਵੱਧ ਨਮੀ ਵਾਲਾ ਝੋਨਾ ਮੰਡੀ ਵਿੱਚ ਨਾ ਲੈ ਕੇ ਆਉਣ। ਡਿਪਟੀ ਕਮਿਸ਼ਨਰ ਸ੍ਰੀਮਤੀ ਸ਼ਾਕਸ਼ੀ ਸਾਹਨੀ ਨੇ ਇਹ ਪ੍ਰਗਟਾਵਾ ਕਰਦੇ ਦੱਸਿਆ ਕਿ ਸਾਡੇ ਵੱਲੋਂ ਝੋਨੇ ਦੀ ਖਰੀਦ ਲਈ ਸਾਰੀਆਂ ਏਜੰਸੀਆਂ ਦੇ ਪ੍ਰਬੰਧ ਕਰ ਲਏ ਗਏ ਹਨ ਅਤੇ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ ਪਰ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਨਾ ਲੱਗਣ ਇਸ ਲਈ ਜਰੂਰੀ ਹੈ ਕਿ ਕਿਸਾਨ ਸੁੱਕੀ ਫਸਲ ਮੰਡੀ ਵਿੱਚ ਲੈ ਕੇ ਆਵੇ। ਉਹਨਾਂ ਨੇ ਮੰਡੀ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਮੰਡੀਆਂ ਦੇ ਗੇਟ ਉੱਤੇ ਹੀ ਝੋਨੇ ਦੀ ਜਾਂਚ ਕਰਨ ਅਤੇ ਜੇਕਰ ਝੋਨਾ 17 ਫੀਸਦੀ ਤੋਂ ਵੱਧ ਨਮੀ ਵਾਲਾ ਆਉਂਦਾ ਹੈ ਤਾਂ ਉਸ ਨੂੰ ਮੰਡੀ ਵਿੱਚ ਦਾਖਲ ਨਾ ਹੋਣ ਦਿੱਤਾ ਜਾਵੇ। ਉਨਾਂ ਦੱਸਿਆ ਕਿ ਕੰਬਾਇਨ ਮਾਲਕਾਂ ਦੇ ਮਸ਼ਵਰੇ ਉੱਤੇ ਹੁਣ ਕੰਬਾਇਨਾਂ ਸਵੇਰੇ 10:00 ਵਜੇ ਤੋਂ ਸ਼ਾਮ 7:00 ਵਜੇ ਤੱਕ ਝੋਨੇ ਦੀ ਕਟਾਈ ਕਰ ਸਕਣਗੀਆਂ।
ਇਸ ਮੌਕੇ ਜਿਲਾ ਮੰਡੀ ਅਫਸਰ ਸਰਦਾਰ ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਵਾਰ ਜਿਲੇ ਵਿੱਚ 50 ਖਰੀਦ ਕੇਂਦਰ ਬਣਾਏ ਗਏ ਹਨ ਜਿੱਥੇ ਸਰਕਾਰੀ ਖਰੀਦ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਝੋਨੇ ਦੇ ਸਰਕਾਰੀ ਰੇਟ 2320 ਰੁਪਏ ਪ੍ਰਤੀ ਕੁਇੰਟਲ ਏ ਸ਼੍ਰੇਣੀ ਦੇ ਝੋਨੇ ਲਈ ਤੈਅ ਕੀਤੇ ਗਏ ਹਨ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਗਿੱਲਾ ਝੋਨਾ ਮੰਡੀ ਵਿੱਚ ਨਾ ਲੈ ਕੇ ਆਉਣ। ਇਸ ਲਈ ਜਰੂਰੀ ਹੈ ਕਿ ਕੰਬਾਈਨਾਂ ਸਵੇਰੇ ਤੜਕੇ ਜਾਂ ਸ਼ਾਮ ਨੂੰ ਦੇਰ ਤੱਕ ਨਾ ਚਲਾਈਆਂ ਜਾਣ ਅਤੇ ਸੁੱਕਾ ਝੋਨਾ ਹੀ ਵੱਢਿਆ ਜਾਵੇ।