ਜਲਾਲਾਬਾਦ ਵਿਚ ਪੰਚਾਇਤ ਚੋਣਾਂ ਦੀ ਪ੍ਰਕ੍ਰਿਆ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਨਿਯਮਾਂ ਅਨੁਸਾਰ ਚੱਲ ਰਹੀ ਹੈ-ਐਸਡੀਐਮ

ਜਲਾਲਾਬਾਦ, 7 ਅਕਤੂਬਰ
ਜਲਾਲਾਬਾਦ ਦੇ ਈਆਰਓ ਕਮ ਐਸਡੀਐਮ ਸ੍ਰੀ ਕੰਵਰਜੀਤ ਸਿੰਘ ਮਾਨ ਪੀਸੀਐਸ ਨੇ ਆਖਿਆ ਹੈ ਕਿ ਜਲਾਲਾਬਾਦ ਉਪਮੰਡਲ ਵਿਚ ਪੰਚਾਇਤ ਚੋਣਾਂ ਦਾ ਕੰਮ ਚੋਣ ਕਮਿਸ਼ਨ ਦੀਆਂ   ਹਦਾਇਤਾਂ   ਤੇ ਸਰਕਾਰੀ ਨਿਯਮਾਂ ਅਨੁਸਾਰ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਚੋਣਾਂ ਪੂਰੀ ਤਰਾਂ ਪਾਰਦਰਸ਼ੀ ਅਤੇ ਨਿਰਪੱਖ ਤਰੀਕੇ ਨਾਲ ਕਰਵਾਈਆਂ ਜਾਣਗੀਆਂ ਅਤੇ ਇਸ ਲਈ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ।
ਹੋਰ ਜਾਣਕਾਰੀ ਦਿੰਦਿਆਂ ਐਸਡੀਐਮ ਸ੍ਰੀ ਕੰਵਰਜੀਤ ਸਿੰਘ ਮਾਨ ਨੇ ਦੱਸਿਆ ਕਿ ਜਲਾਲਾਬਾਦ ਬਲਾਕ ਵਿਚ 155 ਪੰਚਾਇਤਾਂ ਪੈਂਦੀਆਂ ਹਨ। ਇਸ ਲਈ 4 ਅਕਤੂਬਰ ਤੱਕ ਸਰਪੰਚ ਦੇ ਅਹੁਦੇ ਲਈ 875 ਅਤੇ ਪੰਚ ਦੇ ਅਹੁਦੇ ਲਈ 2183 ਨਾਮਜਦਗੀਆਂ ਵੱਖ ਵੱਖ ਰਿਟਰਨਿੰਗ ਅਫ਼ਸਰਾਂ ਕੋਲ ਪ੍ਰਾਪਤ ਹੋਈਆਂ ਸਨ। ਨਾਮਜਦਗੀਆਂ ਪੱਤਰਾਂ ਦੀ ਪੜਤਾਲ ਉਪਰੰਤ ਜੋ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੀਤੀ ਜਾਣ ਵਾਲੀ ਪ੍ਰਕ੍ਰਿਆ ਹੈ ਜਲਾਲਾਬਾਦ ਬਲਾਕ ਵਿਚ ਸਰਪੰਚੀ ਦੇ ਉਮੀਦਵਾਰਾਂ ਦੀਆਂ ਸਿਰਫ 22 ਅਤੇ ਪੰਚੀ ਦੇ ਉਮੀਦਵਾਰਾਂ ਦੀਆਂ ਸਿਰਫ 60 ਨਾਮਜਦਗੀਆਂ, ਕਾਗਜਾਂ ਵਿਚ ਕਮੀ ਹੋਣ ਕਾਰਨ ਰੱਦ ਹੋਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਹਲਕੇ ਵਿਚ ਪੰਚ ਸਰਪੰਚ ਮਿਲਾ ਕੇ ਕੁੱਲ 3058 ਨਾਮਜਦਗੀਆਂ ਪ੍ਰਾਪਤ ਹੋਈਆਂ ਸਨ ਅਤੇ ਦੋਹਾਂ ਦੀਆਂ ਕੁੱਲ 82 ਨਾਮਜਦਗੀਆਂ ਰੱਦ ਹੋਈਆਂ ਹਨ ਜੋ ਕਿ ਕੁੱਲ ਨਾਮਜਦਗੀਆਂ ਦਾ ਮਹਿਜ 2.68 ਫੀਸਦੀ ਬਣਦਾ ਹੈ।
ਨਾਮਜਦਗੀ ਪਰਚਿਆਂ ਦੀ ਪੜਤਾਲ ਤੋਂ ਬਾਅਦ ਜਲਾਲਾਬਾਦ ਬਲਾਕ ਵਿਚ ਸਰਪੰਚੀ ਲਈ 853 ਅਤੇ ਪੰਚੀ ਲਈ 2123 ਉਮੀਦਵਾਰ ਮੈਦਾਨ ਵਿਚ ਹਨ। ਅੱਜ ਨਾਮਜਦਗੀ ਪਰਚਿਆਂ ਨੂੰ ਵਾਪਿਸ ਲੈਣ ਦਾ ਦਿਨ ਹੈ ਜਿਸ ਉਪਰੰਤ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ।
ਉਨ੍ਹਾਂ ਨੇ ਮੁੜ ਦੁਹਰਾਇਆ ਕਿ ਚੋਣਾਂ ਪੂਰੀ ਤਰਾਂ ਨਿਰਪੱਖ ਤੇ ਸਾਂਤਮਈ ਤਰੀਕੇ ਨਾਲ ਕਰਵਾਈਆਂ ਜਾਣਗੀਆਂ ਅਤੇ ਸੁਰੱਖਿਆ ਦੇ ਪੁਖ਼ਤਾ ਇੰਤਜਾਮ ਕੀਤੇ ਜਾ ਰਹੇ ਹਨ।

[wpadcenter_ad id='4448' align='none']