ਲਾਲੜੂ (ਐਸ ਏ ਐਸ ਨਗਰ), 8 ਅਕਤੂਬਰ:
ਐਮ ਐਲ ਏ ਕੁਲਜੀਤ ਸਿੰਘ ਰੰਧਾਵਾ ਵੱਲੋਂ ਮੰਗਲਵਾਰ ਨੂੰ ਡੇਰਾਬੱਸੀ ਇਲਾਕੇ ਦੀਆਂ ਵੱਖ-ਵੱਖ ਦਾਣਾ ਮੰਡੀਆਂ ਦਾ ਦੌਰਾ ਕੀਤਾ ਗਿਆ ਅਤੇ ਖਰੀਦ ਕਾਰਜਾਂ ਦਾ ਜਾਇਜ਼ਾ ਲਿਆ ਗਿਆ।
ਲਾਲੜੂ, ਧਨੌਨੀ, ਜੜੌਤ, ਤਸਿੰਬਲੀ ਅਤੇ ਸਮਗੌਲੀ ’ਚ ਝੋਨੇ ਦੀ ਖਰੀਦ ਾ ਜਾਇਜ਼ਾ ਲੈਣ ਬਾਅਦ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਝੋਨੇ ਦੇ ਖਰੀਦ ਸੀਜ਼ਨ ’ਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖਰੀਦ ’ਚ ਦੇਰੀ ਦਾ ਕਾਰਨ ਅਨਾਜ ਭੰਡਾਰਾਂ ’ਚੋਂ ਸਟਾਕ ਕੇਂਦਰੀ ਏਜੰਸੀਆਂ ਦੁਆਰਾ ਸਮੇਂ ਸਿਰ ਨਾ ਚੁੱਕਣਾ ਬਣਿਆ ਹੈ, ਜਿਸ ਨੂੰ ਸਰਕਾਰ ਵੱਲੋਂ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਸਮੇਂ ਸਿਰ ਗੋਦਾਮ ਖਾਲੀ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਖਰੀਦ ਸੀਜ਼ਨ ਦੌਰਾਨ ਕਿਸੇ ਵੀ ਤਰ੍ਹਾਂ ਦੀਆਂ ਦਿੱਕਤਾਂ ਨਹੀਂ ਆਉਣ ਦਿੱਤੀਆਂ ਜਾਣਗੀਆਂ ਅਤੇ ਉਹ ਪ੍ਰਸ਼ਾਸਨਿਕ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਲਗਾਤਾਰ ਤਾਲਮੇਲ ’ਚ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਦੀ ਪਹਿਲ ਹਮੇਸ਼ਾਂ ਕਿਸਾਨ-ਮਜ਼ਦੂਰ ਰਹੇ ਹਨ, ਇਸ ਲਈ ਕਿਸੇ ਨੂੰ ਵੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ, ਆੜ੍ਹਤੀਆਂ ਅਤੇ ਰਾਈਸ ਮਿਲਰਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਦੇ ਹਿੱਤਾਂ ਦੀ ਪੂਰਣ ਰਾਖੀ ਦਾ ਭਰੋਸਾ ਦਿੱਤਾ ਗਿਆ ਹੈ, ਜਿਸ ਨੂੰ ਪੂਰੀ ਵਚਨਬੱਧਤਾ ਨਾਲ ਨਿਭਾਇਆ ਜਾਵੇਗਾ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੀਰੀ ਸਾਂਭਣ ਦੇ ਕਾਰਜ ਦੌਰਾਨ ਖੇਤਾਂ ’ਚ ਬਚੇ ਵੱਢ (ਪਰਾਲੀ) ਨੂੰ ਅੱਗ ਨਾ ਲਾਈ ਜਾਵੇ ਅਤੇ ਇਸ ਨੂੰ ਮਸ਼ੀਨਰੀ ਰਾਹੀਂ ਸੰਭਾਲ ਕੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਯਤਨਾਂ ’ਚ ਸਹਿਯੋਗ ਕੀਤਾ ਜਾਵੇ ਤਾਂ ਜੋ ਵਾਤਾਵਰਣ ਅਤੇ ਜ਼ਮੀਨ ਦੀ ਸਿਹਤ ਨੂੰ ਬਰਕਰਾਰ ਰੱਖਿਆ ਜਾ ਸਕੇ।
ਐਮ ਐਲ ਏ ਕੁਲਜੀਤ ਸਿੰਘ ਰੰਧਾਵਾ ਵੱਲੋਂ ਵੱਖ-ਵੱਖ ਡੇਰਾਬੱਸੀ ਦੀਆਂ ਮੰਡੀਆਂ ਦਾ ਦੌਰਾ
Date: