60 ਏਕੜ ਦੀ ਖੇਤੀ ਕਰਨ ਵਾਲੇ ਕਿਸਾਨ ਜਗਮੋਹਣ ਸਿੰਘ ਨੇ ਪਿਛਲੇ 15 ਸਾਲਾਂ ਤੋਂ ਨਹੀਂ ਜਲਾਈ ਪਰਾਲੀ


ਮੋਗਾ, 14 ਅਕਤੂਬਰ:

ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੇ ਜਿੱਥੇ ਮਨੁੱਖੀ ਸਿਹਤ ਨੂੰ ਕਈ ਬਿਮਾਰੀਆਂ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਉੱਥੇ ਹੀ ਇਸਦਾ ਮਾੜਾ ਪ੍ਰਭਾਵ ਵਾਤਾਵਰਨ ਅਤੇ ਖੇਤ ਦੀ ਮਿੱਟੀ ਉੱਪਰ ਵੀ ਪੈਂਦਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਖੇਤੀਬਾੜੀ ਟੈਕਨੋਲਾਜੀ ਮੈਨੇਜਮੈਂਟ ਏਜੰਸੀ (ਆਤਮਾ), ਜ਼ਿਲ੍ਹਾ ਮੋਗਾ ਦੀ ਸਹਾਇਤਾ ਨਾਲ ਪਿੰਡ ਜੈ ਸਿੰਘ ਵਾਲਾ ਦਾ ਕਿਸਾਨ ਜਗਮੋਹਣ ਸਿੰਘ ਪਿਛਲੇ 15 ਸਾਲਾਂ ਤੋਂ 60 ਏਕੜ (33 ਏਕੜ ਮਾਲਕੀ ਅਤੇ 27 ਏਕੜ ਠੇਕੇ ਤੇ) ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਅਤੇ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਕਰਨ ਕਰਕੇ ਹੋਰਨਾਂ ਕਿਸਾਨਾਂ ਲਈ ਮਿਸਾਲ ਬਣਿਆ ਹੋਇਆ ਹੈ।
ਜਗਮੋਹਣ ਸਿੰਘ ਦਾ ਕਹਿਣਾ ਹੈ ਕਿ ਉਸਨੇ ਵਾਤਾਵਰਨ ਦੀ ਸ਼ੁੱਧਤਾ ਦੀ ਅਹਿਮੀਅਤ ਨੂੰ ਸਮਝਦਿਆਂ 15 ਸਾਲ ਪਹਿਲਾਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣੀ ਬਿਲਕੁਲ ਬੰਦ ਕਰ ਦਿੱਤੀ ਸੀ। ਉਸਤੋਂ ਬਾਅਦ ਹਰ ਸਾਲ ਉਹ ਝੋਨੇ ਦੀ ਕੰਬਾਈਨ ਨਾਲ ਕਟਾਈ ਕਰਨ ਮਗਰੋਂ ਖੁੱਲ੍ਹੀ ਪਈ ਪਰਾਲੀ ਅਤੇ ਖੜ੍ਹੇ ਕਰਚਿਆਂ ਵਿੱਚ ਮਲਚਰ ਮਾਰ ਕੇ ਆਲੂਆਂ ਦੀ ਬਿਜਾਈ ਕਰਦਾ ਹੈ। ਉਸਨੇ ਦੱਸਿਆ ਕਿ ਉਹ ਝੋਨੇ ਦੀ ਵੀ ਸਿੱਧੀ ਬਿਜਾਈ ਕਰ ਰਿਹਾ ਹੈ। ਉਸਦਾ ਕਹਿਣਾ ਹੈ ਕਿ ਖਾਦਾਂ ਦੀ ਮਾਤਰਾ ਹਰ ਸਾਲ ਘਟ ਰਹੀ ਹੈ ਅਤੇ ਕਾਸ਼ਤਕਾਰੀ ਖਰਚੇ ਘਟੇ ਹਨ। ਪਰਾਲੀ ਦੇ ਜ਼ਮੀਨ ਦੀ ਸਤ੍ਹਾ ਤੇ ਰੱਖਣ ਦੇ ਬਹੁਤ ਸਾਰੇ ਫਾਇਦੇ ਹਨ ਜਿਵੇਂ ਕਿ ਮਿੱਟੀ ਦੀ ਨਮੀ ਬਰਕਰਾਰ ਰਹਿੰਦੀ ਹੈ ਅਤੇ ਮਿੱਟੀ ਦੀ ਪਾਣੀ ਸੰਭਾਲਣ ਦੀ ਸਮਰੱਥਾ ਵੀ 5 ਤੋਂ 10 ਫੀਸਦੀ ਵਧ ਜਾਂਦੀ ਹੈ। ਕੰਬਾਈਨ ਨਾਲ ਪਰਾਲੀ ਖਿਲਾਰਨ ਵਾਲੇ ਯੰਤਰ ਸੁਪਰ ਐਸ.ਐਮ.ਐਸ. ਦੇ ਲਗਾਏ ਜਾਣ ਨਾਲ ਮੁਢ ਕਟਣ ਅਤੇ ਖਿਲਾਰਨ ਵਾਲੀ ਮਸ਼ੀਨ ਪੀ.ਏ.ਯੂ. ਸਟਰਾਅ ਕਰਟਰ-ਕਮ-ਸਪਰੈਡਰ ਦੇ ਆਉਣ ਨਾਲ ਇਹ ਕੰਮ ਹੋਰ ਵੀ ਆਸਾਨ ਹੋ ਗਿਆ ਹੈ। ਉਸਨੇ ਇਹ ਵੀ ਦੱਸਿਆ ਕਿ ਉਹ ਆਲੂਆਂ ਦੀ ਫਸਲ ਵਿੱਚੋਂ ਕਣਕ ਦੀ ਫਸਲ ਨਾਲੋਂ ਜਿਆਦਾ ਕਮਾਈ ਕਰ ਰਿਹੈ ਹੈ ਕਿਉਂਕਿ ਉਸਨੂੰ ਕਣਕ ਦੇ ਇੱਕ ਸੀਜਨ ਨਾਲੋਂ ਆਲੂਆਂ ਦੀ ਤਿੰਨ ਵਾਰ ਫਸਲ ਮਿਲ ਜਾਂਦੀ ਹੈ।
ਕਿਸਾਨ ਜਗਮੋਹਣ ਸਿੰਘ ਨੇ ਕਿਹਾ ਕਿ ਸਮੂਹ ਕਿਸਾਨਾਂ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਵਾਤਾਵਰਨ ਮੁਹੱਈਆ ਕਰਵਾਉਣ ਲਈ ਪਰਾਲੀ ਸਾੜਨੀ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਅਗਲੀ ਫਸਲ ਦੀ ਬਿਜਾਈ ਵਿੱਚ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆਉਂਦੀ ਕਿਉਂਕਿ ਹੁਣ ਤਾਂ ਖੇਤੀਬਾੜੀ ਵਿਭਾਗ ਵੱਲੋਂ ਵਾਤਾਵਰਨ ਪੱਖੀ ਖੇਤੀਬਾੜੀ ਸੰਦ ਹੀ ਕਿਸਾਨਾਂ ਤੱਕ ਪਹੁੰਚਾ ਦਿੱਤੇ ਹਨ, ਇਸ ਤੋਂ ਝੋਨੇ ਦੀ ਪਰਾਲੀ ਦੇ ਨਿਪਟਾਰੇ ਲਈ ਗੱਠਾਂ ਬਣਾਉਣ ਵਰਗੇ ਹੋਰ ਪ੍ਰਬੰਧ ਵੀ ਕੀਤੇ ਜਾ ਸਕਦੇ ਹਨ ਜਿਹਨਾਂ ਨਾਲ ਪਰਾਲੀ ਕਮਾਈ ਦਾ ਸਾਧਨ ਬਣ ਰਹੀ ਹੈ।
ਕਿਸਾਨ ਜਗਮੋਹਣ ਸਿੰਘ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸੂਬੇ ਨੂੰ ਜ਼ੀਰੋ ਸਟਬਲ ਬਰਨਿੰਗ ਸੂਬਾ ਬਣਾਉਣ ਵਿੱਚ ਯੋਗਦਾਨ ਪਾਉਣ।

[wpadcenter_ad id='4448' align='none']