ਆਫ਼ਤ ਮੌਕੇ ਤਣਾਅ ਮੁਕਤ ਹੁੰਦਿਆਂ ਸਹਿਜਤਾ ਨਾਲ ਨਜਿੱਠਣ ’ਤੇ ਮਿਲਦੀ ਹੈ ਜਿੱਤ-ਇੰਸਪੈਕਟਰ ਸੰਦੀਪ ਕੁਮਾਰ

ਮਾਨਸਾ, 16 ਅਕਤੂਬਰ :
ਸਕੂਲ ਸੇਫ਼ਟੀ ਪ੍ਰੋਗਰਾਮ ਤਹਿਤ ਇੰਸਪੈਕਟਰ ਸ਼੍ਰੀ ਸੰਦੀਪ ਕੁਮਾਰ ਦੀ ਅਗਵਾਈ ਵਿੱਚ ਬਠਿੰਡਾ ਤੋਂ ਐਨ.ਡੀ.ਆਰ.ਐਫ. ਦੀ ਟੀਮ ਵੱਲੋਂ ਸਥਾਨਕ ਸਰਕਾਰੀ ਕੋ-ਐਜੂ. ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਨਸਾ ਵਿਖੇ ਆਫ਼ਤ ਪ੍ਰਬੰਧਨ ਦੀ ਸਿਖਲਾਈ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਐਨ.ਡੀ.ਆਰ.ਐਫ. ਦੀ ਟੀਮ ਦੇ ਮਾਹਿਰਾਂ ਵੱਲੋਂ ਸਕੂਲੀ ਵਿਦਿਆਰਥੀਆਂ ਨਾਲ ਆਫ਼ਤ ਪ੍ਰਬੰਧਨ ਦੇ ਨੁਕਤੇ ਸਾਂਝੇ ਕੀਤੇ ਗਏ। ਇਸ ਮੌਕੇ ਉਨ੍ਹਾਂ ਨਾਲ ਸਬ-ਇੰਸਪੈਕਟਰ ਰਾਜਿੰਦਰ ਸਿੰਘ ਵੀ ਮੌਜੂਦ ਸਨ।
ਇੰਸਪੈਕਟਰ ਸ਼੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਸਿਖਲਾਈ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਦੇਸ਼ ਦੀਆਂ ਵੱਖ-ਵੱਖ ਥਾਵਾਂ ’ਚ ਵੱਖ-ਵੱਖ ਸਮੇਂ ਦੌਰਾਨ ਆਈਆਂ ਕੁਦਰਤੀ ਆਫ਼ਤਾਂ ਅਤੇ ਉਨ੍ਹਾਂ ਨਾਲ ਨਜਿੱਠਣ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਕਿਹੜੀਆਂ ਸਥਿਤੀਆਂ ਅਤੇ ਹਾਲਾਤਾਂ ਵਿੱਚ ਕਿਹੜੇ ਸਾਧਨਾਂ ਜਾਂ ਉਪਕਰਣਾਂ ਦੀ ਸਹਾਇਤਾ ਨਾਲ ਖੁਦ ਦੀ ਅਤੇ ਆਪਣੇ ਆਸ-ਪਾਸ ਦੇ ਲੋਕਾਂ ਦੀ ਮਦਦ ਕੀਤੀ ਜਾ ਸਕਦੀ ਹੈ।
ਆਫ਼ਤ ਆਉਣ ਸਮੇਂ ਕਈ ਵਾਰ ਤਣਾਅ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਅਤੇ ਸਾਨੂੰ ਕਿਸ ਤਰ੍ਹਾਂ ਤਣਾਅ ਮੁਕਤ ਹੁੰਦੇ ਹੋਏ ਪੂਰੀ ਸਹਿਜਤਾ ਨਾਲ ਇਨ੍ਹਾਂ ਸਥਿਤੀਆਂ ਦਾ ਸਾਹਮਣਾ ਕਰਕੇ ਉਨ੍ਹਾਂ ਨਾਲ ਨਜਿੱਠਣਾ ਚਾਹੀਦਾ ਹੈ, ਬਾਰੇ ਵੀ ਐਨ.ਡੀ.ਆਰ.ਐਫ. ਦੀ ਟੀਮ ਵੱਲੋਂ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਵਿਦਿਆਰਥੀਆਂ ਨੂੰ ਕੁਦਰਤੀ ਆਫ਼ਤਾਂ ਤੋਂ ਨਜਿੱਠਣ ਸਬੰਧੀ ਡੈਮੋ ਵੀ ਕਰ ਕੇ ਵਿਖਾਏ, ਤਾਂ ਜੋ ਵਿਦਿਆਰਥੀ ਇਸ ਨੂੰ ਦੇਖ ਕੇ ਆਸਾਨੀ ਨਾਲ ਆਫ਼ਤ ਪ੍ਰਬੰਧਨ ਸਬੰਧੀ ਸਿਖਲਾਈ ਪ੍ਰਾਪਤ ਕਰ ਸਕਣ।
ਇਸ ਮੌਕੇ ਐਨ.ਡੀ.ਆਰ.ਐਫ. ਦੇ ਟੀਮ ਮੈਂਬਰ, ਅਧਿਆਪਕ ਅਤੇ ਵੱਡੀ ਗਿਣਤੀ ਵਿੱਚ ਸਕੂਲੀ ਵਿਦਿਆਰਥੀ ਮੌਜੂਦ ਸਨ।  

[wpadcenter_ad id='4448' align='none']