ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਮਵੀਰ ਸਿੰਘ ਨੇ ਪਰਾਲੀ ਪ੍ਰਬੰਧਨ ਦੇ ਕੰਮਾਂ ਦਾ ਲਿਆ ਜਾਇਜ਼ਾ

ਪੱਟੀ, 20 ਅਕਤੂਬਰ :

ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀ ਪਾਲਨਾ ਹਿੱਤ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਮਵੀਰ ਸਿੰਘ ਆਈਏਐਸ ਦੀ ਅਗਵਾਈ ਹੇਠ ਐਸ. ਐਸ. ਪੀ. ਤਰਨ ਤਾਰਨ ਸ੍ਰੀ ਗੌਰਵ ਤੂਰਾ, ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਡਾ ਹਰਪਾਲ ਸਿੰਘ ਪੰਨੂ, ਬਲਾਕ ਖੇਤੀਬਾੜੀ ਅਫਸਰ ਪੱਟੀ ਡਾ. ਭੁਪਿੰਦਰ ਸਿੰਘ ਨੇ ਹੋਟ ਸਪੋਟ ਪਿੰਡਾਂ ਦਾ ਦੌਰਾ ਕੀਤਾ।

ਇਸ ਦੌਰਾਨ ਠੱਠੀਆਂ ਮਹੰਤਾਂ, ਪੱਟੀ, ਬੋਪਾਰਾਏ ਅਤੇ ਘਰਿਆਲਾ ਵਿਖੇ ਕੀਤੇ ਜਾ ਰਹੇ ਪਰਾਲੀ ਪ੍ਰਬੰਧਨ ਕੰਮਾਂ ਸਬੰਧੀ ਜਾਇਜ਼ਾ ਲੈਣ ਦੌਰਾਨ ਉਹਨਾ ਕਿਹਾ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਦੇਣ ਨਾਲ ਜਿੱਥੇ ਜਮੀਨ ਦੀ ਉਪਜਾਊ ਸ਼ਕਤੀ ਖਰਾਬ ਹੁੰਦੀ ਹੈ, ਉਥੇ ਵਾਤਾਵਰਨ ਵਿੱਚ ਪੈਦਾ ਹੋਈਆਂ ਜ਼ਹਰੀਲੀਆਂ ਗੈਸਾਂ ਮਨੁੱਖ ਅਤੇ ਦੂਜੇ ਜੀਵ ਜੰਤੂਆਂ ਲਈ ਘਾਤਕ ਸਿੱਧ ਹੁੰਦੀਆਂ ਹਨ। ਇਸ ਲਈ ਸਮੂਹ ਕਿਸਾਨ ਵੀਰ ਪ੍ਰਸ਼ਾਸਨ ਦੇ ਨਾਲ ਤਾਲਮੇਲ ਕਰਕੇ ਪਰਾਲੀ ਪ੍ਰਬੰਧਨ ਲਈ ਸਹਿਯੋਗ ਦੇਣ।

ਇਸ ਮੌਕੇ ਇਲਾਕੇ ਦੇ ਕਿਸਾਨਾਂ ਸੰਦੀਪ ਸਿੰਘ, ਗੁਰਸਾਹਿਬ ਸਿੰਘ, ਚਾਨਨ ਸਿੰਘ, ਸ਼ੇਰ ਸਿੰਘ, ਗੁਰਚਰਨ ਸਿੰਘ ਨੇ ਆਪਣੀਆਂ ਮੁਸ਼ਕਿਲਾਂ ਅਤੇ ਪਰਾਲੀ ਪ੍ਰਬੰਧਨ ਸਬੰਧੀ ਦੱਸਦਿਆਂ ਕਿਹਾ ਕਿ ਪਿਛਲੇ ਸਮੇਂ ਵਿੱਚ ਪਰਾਲੀ ਪ੍ਰਬੰਧਨ ਕਰਨ ਦੇ ਸਾਨੂੰ ਚੰਗੇ ਨਤੀਜੇ ਮਿਲੇ ਹਨ, ਇਸ ਲਈ ਅਸੀਂ ਪ੍ਰਸ਼ਾਸਨ ਦਾ ਸਹਿਯੋਗ ਕਰਾਂਗੇ। ਇਸ ਮੌਕੇ ਉਦਮੀ ਕਿਸਾਨ ਨਵਦੀਪ ਸਿੰਘ ਨੇ ਬਾਇਓ ਫਿਊਲ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਵੱਲੋਂ 18 ਦੇ ਲਗਭਗ ਬੇਲਰਾਂ ਦਾ ਕੱਲ ਉਦਘਾਟਨ ਸ਼ਾਮ 4 ਵਜੇ ਕੀਤਾ ਜਾਵੇਗਾ। ਜਿਸ ਉਪਰੰਤ ਇਲਾਕੇ ਦੇ ਕਿਸਾਨਾਂ ਦੀ ਵੱਡੀ ਸਮੱਸਿਆ ਦਾ ਹੱਲ ਸੰਭਵ ਹੋ ਸਕੇਗਾ।

ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਡਾ. ਹਰਪਾਲ ਸਿੰਘ ਪੰਨੂ ਨੇ ਕਿਹਾ ਕਿ ਜਿਨਾਂ ਖੇਤਾਂ ਵਿੱਚ ਗੱਠਾਂ ਬਣ ਰਹੀਆਂ ਹਨ ਉਹ ਜ਼ੀਰੋ ਡਰਿੱਲ ਦੇ ਨਾਲ ਕਣਕ ਦੀ ਸਿੱਧੀ ਬਿਜਾਈ ਕਰਕੇ ਖਰਚਾ ਘਟਾ ਸਕਦੇ ਹਨ । ਜਦ ਕਿ ਦੂਜੇ ਕਿਸਾਨ ਝੋਨੇ, ਬਾਸਮਤੀ ਦੀ ਕਟਾਈ ਸੁਪਰ ਐਸਐਮਐਸ ਤਕਨੀਕ ਯੁਗਤ ਕੰਬਾਈਨ ਨਾਲ ਕਰਾਉਣ ਨੂੰ ਤਰਜੀਹ ਦੇਣ। ਇਸ ਤਰ੍ਹਾਂ ਐਸਐਮਐਸ ਤਕਨੀਕ ਨਾਲ ਪਰਾਲੀ ਦਾ ਫਲੂਸ ਇੱਕਸਾਰ ਖੇਤ ਵਿੱਚ ਖਿਲਰ ਜਾਂਦਾ ਹੈ । ਜਿਸ ਨੂੰ ਖੇਤ ਵਿੱਚ ਹੈਪੀ ਸੀਡਰ, ਸੁਪਰ ਸੀਡਰ , ਸਮਾਰਟ ਸੀਡਰ ਆਦਿ ਤਕਨੀਕਾਂ ਨਾਲ ਸੰਭਾਲਣਾ ਬਹੁਤ ਆਸਾਨ ਹੋ ਜਾਂਦਾ ਹੈ। ਇਸ ਦੌਰਾਨ ਪ੍ਰਭਸਿਮਰਨ ਸਿੰਘ ਏਡੀਓ ਇਨਫੋਰਸਮੈਂਟ, ਸਰਕਲ ਅਧਿਕਾਰੀ ਰਜਿੰਦਰ ਕੁਮਾਰ ਏਈਓ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ|

————–

[wpadcenter_ad id='4448' align='none']