ਕੇਂਦਰ ਦੀ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਖਰੀਦ ਵਿੱਚ ਜਾਣ ਬੁਝ ਕੇ ਖੱਜਲ ਕੀਤਾ- ਧਾਲੀਵਾਲ

ਅਜਨਾਲਾ, 25 ਅਕਤੂਬਰ 2024–

 ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਹਲਕੇ ਦੀਆਂ ਅਨਾਜ ਮੰਡੀਆਂ ਵਿੱਚ ਝੋਨੇ ਦੀ ਖਰੀਦ ਦਾ ਜਾਇਜ਼ਾ ਲੈਂਦੇ ਹੋਏ ਕੇਂਦਰ ਸਰਕਾਰ ਉਤੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਗੁਦਾਮ ਅਤੇ ਸ਼ੈਲਰ ਸਮੇਂ ਸਿਰ ਖਾਲੀ ਨਾ ਕਰਕੇ ਪੰਜਾਬ ਦੇ ਕਿਸਾਨ ਨੂੰ ਝੋਨੇ ਦੀ ਖਰੀਦ ਵਿੱਚ ਜਾਣ ਬੁੱਝ ਕੇ ਖੱਜਲ ਕੀਤਾ ਹੈ।  ਉਹਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ, ਚੀਫ ਸੈਕਟਰੀ, ਫੂਡ ਸਪਲਾਈ ਮੰਤਰੀ ਅਤੇ ਉਹਨਾਂ ਦੇ ਸਕੱਤਰ ਲਗਾਤਾਰ ਪਿਛਲੇ ਚਾਰ ਮਹੀਨਿਆਂ ਤੋਂ ਕੇਂਦਰ ਸਰਕਾਰ ਨਾਲ ਝੋਨੇ ਦੀ ਸਟੋਰੇਜ ਲਈ ਪ੍ਰਬੰਧ ਕਰਨ ਦਾ ਰੌਲਾ ਪਾ ਰਹੇ ਸਨ ਪਰ ਕੇਂਦਰ ਸਰਕਾਰ ਨੇ ਜਾਣ ਬੁੱਝ ਕੇ ਉਹਨਾਂ ਦੀ ਗੱਲ ਨਹੀਂ ਸੁਣੀ ਅਤੇ ਅੱਜ ਝੋਨੇ ਦੀ ਲਿਫਟਿੰਗ ਵਿੱਚ ਵੱਡੀ ਸਮੱਸਿਆ ਆ ਰਹੀ ਹੈ।

ਉਹਨਾਂ ਅਜਨਾਲਾ ਦੀ ਗੱਲ ਕਰਦੇ ਕਿਹਾ ਕਿ ਅਜਨਾਲਾ ਵਿੱਚ ਜਿਆਦਾਤਰ ਕਿਸਾਨ ਬਾਸਮਤੀ ਦੀ ਕਾਸ਼ਤ ਕਰਦੇ ਹਨ ਅਤੇ ਬਾਸਮਤੀ ਨਿੱਜੀ ਵਪਾਰੀਆਂ ਵੱਲੋਂ ਖਰੀਦ ਲਈ ਜਾਂਦੀ ਹੈ, ਇਸ ਲਈ ਇੱਥੇ ਝੋਨੇ ਦੀ ਖਰੀਦ ਜੋ ਕਿ ਬਹੁਤ ਥੋੜੀ ਹੁੰਦੀ ਹੈ ਵਿੱਚ ਕੋਈ ਜਿਆਦਾ ਸਮੱਸਿਆ ਨਹੀਂ ਹੈ ਪਰ ਪੰਜਾਬ ਦੇ ਬਾਕੀ ਹਿੱਸਿਆਂ ਵਿੱਚ ਇਸ ਵੇਲੇ ਲਿਫਟਿੰਗ ਦੀ ਸਮੱਸਿਆ ਆ ਰਹੀ ਹੈ, ਜਿਸ ਨੂੰ ਦੂਰ ਕਰਨ ਲਈ ਮੁੱਖ ਮੰਤਰੀ ਦੀ ਅਗਵਾਈ ਹੇਠ ਲਗਾਤਾਰ ਟੀਮਾਂ ਕੰਮ ਕਰ ਰਹੀਆਂ ਹਨ।  ਉਹਨਾਂ ਕਿਹਾ ਕਿ ਅਸੀਂ ਕਿਸਾਨ, ਆੜਤੀਏ ਜਾਂ ਸੈਲਰ ਕਿਸੇ ਵੀ ਧਿਰ ਦੀ ਲੁੱਟ ਨਹੀਂ ਹੋਣ ਦਿਆਂਗੇ।

ਸ ਧਾਲੀਵਾਲ ਨੇ ਇਸ ਮੌਕੇ ਕਿਸਾਨਾਂ ਦੀ ਮੰਗ ਉੱਤੇ ਅਜਨਾਲਾ, ਅਵਾਣ ਅਤੇ ਚਮਿਆਰੀ ਦੀਆਂ ਮੰਡੀਆਂ ਵਿੱਚ ਪੰਜ ਨਵੇਂ ਸੈਡ ਲਗਾਉਣ ਦਾ ਐਲਾਨ ਵੀ ਕੀਤਾ। ਉਹਨਾਂ ਕਿਹਾ ਕਿ ਇਹ ਸ਼ੈਡ ਲੱਗਣ ਨਾਲ ਕਿਸਾਨਾਂ ਦੀ ਉਪਜ ਖਰਾਬ ਨਹੀਂ ਹੋਵੇਗੀ ਅਤੇ ਮੀਂਹ ਕਣੀ ਵਿੱਚ ਬਚਾਅ ਕਰਨਾ ਸੌਖਾ ਰਹੇਗਾ।

ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਚੇਅਰਮੈਨ ਮਾਰਕੀਟ ਕਮੇਟੀ ਬਲਦੇਵ ਸਿੰਘ, ਸਕੱਤਰ ਸਾਹਿਬ ਸਿੰਘ ਰੰਧਾਵਾ, ਏ.ਐਫ.ਐਸ.ਓ. ਸੰਦੀਪ ਸਿੰਘ, ਆੜ੍ਹਤੀ ਸੱਤਬੀਰ ਸਿੰਘ ਸੰਧੂ, ਹਰਿੰਦਰ ਸਿੰਘ ਸ਼ਾਹ, ਮਨਜੀਤ ਸਿੰਘ ਬਾਠ, ਵੇਅਰਹਾਉਸ ਇੰਸਪੈਕਟਰ ਹਰਦਵਿੰਦਰ ਸਿੰਘ ਵੀ ਹਾਜ਼ਰ ਸਨ।

[wpadcenter_ad id='4448' align='none']