ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮਿਡ-ਡੇ-ਮੀਲ ਵਰਕਰਾਂ ਲਈ ਮੁਫ਼ਤ ਬੀਮੇ ਦਾ ਐਲਾਨ

Oplus_131072

ਚੰਡੀਗੜ੍ਹ, 28 ਅਕਤੂਬਰ

ਪੰਜਾਬ ਦੇ ਵਿੱਤ, ਯੋਜਨਾ ਅਤੇ ਆਬਕਾਰੀ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਮਿਡ ਡੇ ਮੀਲ ਸੋਸਾਇਟੀ ਨੇ ਕੇਨਰਾ ਬੈਂਕ ਨਾਲ ਸਮਝੌਤਾ ਕੀਤਾ ਹੈ, ਜਿਸ ਤਹਿਤ ਮਿਡ-ਡੇ-ਮੀਲ ਕੁੱਕ ਅਤੇ ਹੈਲਪਰਾਂ ਦਾ ਮੁਫਤ ਬੀਮਾ ਕੀਤਾ ਜਾਵੇਗਾ। ਵਿੱਤ ਮੰਤਰੀ ਚੀਮਾ ਨੇ ਖੁਲਾਸਾ ਕੀਤਾ ਕਿ ਕੈਬਨਿਟ ਸਬ-ਕਮੇਟੀ ਨੇ ਮਿਡ-ਡੇ-ਮੀਲ ਕੁੱਕਾਂ ਦੀ ਤਨਖਾਹ 600 ਰੁਪਏ ਤੋਂ ਵਧਾ ਕੇ 2000 ਰੁਪਏ ਕਰਨ ਦੀ ਸਿਫਾਰਿਸ਼ ਕਰਦਿਆਂ ਕੇਂਦਰ ਸਰਕਾਰ ਨੂੰ ਇੱਕ ਅਰਧ-ਸਰਕਾਰੀ ਪੱਤਰ ਵੀ ਲਿਖਿਆ ਹੈ।

ਮਿਡ-ਡੇ-ਮੀਲ ਕੁੱਕਜ਼ ਯੂਨੀਅਨ ਪੰਜਾਬ (ਬੀ.ਐੱਮ.ਐੱਸ.) ਨਾਲ ਇਥੇ ਉਨ੍ਹਾਂ ਦੇ ਦਫ਼ਤਰ ਵਿਖੇ ਹੋਈ ਮੀਟਿੰਗ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਯੂਨੀਅਨ ਆਗੂਆਂ ਨੂੰ ਭਰੋਸਾ ਦਿੱਤਾ ਕਿ ਕੇਨਰਾ ਬੈਂਕ ਵਿੱਚ ਜ਼ੀਰੋ ਬੈਲੇਂਸ ਖਾਤਾ ਖੋਲ੍ਹਣ ਵਾਲੇ ਸਾਰੇ ਮਿਡ-ਡੇ-ਮੀਲ ਕੁੱਕ ਅਤੇ ਹੈਲਪਰਾਂ ਨੂੰ ਇਸ ਬੀਮਾ ਯੋਜਨਾ ਅਧੀਨ ਲਿਆਂਦਾ ਜਾਵੇਗਾ। ਇਸ ਯੋਜਨਾ ਵਿੱਚ ਦੁਰਘਟਨਾ ਵਿੱਚ ਮੌਤ ਦੇ ਮਾਮਲੇ ਵਿੱਚ 16 ਲੱਖ ਰੁਪਏ, ਕੁਦਰਤੀ ਮੌਤ ਦੇ ਮਾਮਲੇ ਵਿੱਚ 1 ਲੱਖ ਰੁਪਏ ਅਤੇ ਇੱਕ ਦੁਰਘਟਨਾ ਵਿੱਚ ਜੀਵਨ ਸਾਥੀ ਦੀ ਮੌਤ ਦੇ ਮਾਮਲੇ ਵਿੱਚ 2 ਲੱਖ ਰੁਪਏ ਦੀ ਬੀਮਾ ਕਵਰੇਜ ਸ਼ਾਮਲ ਹੈ।

ਯੂਨੀਅਨ ਆਗੂਆਂ ਵੱਲੋਂ ਤਨਖ਼ਾਹ ਬਾਰੇ ਉਠਾਏ ਗਏ ਮੁੱਦੇ ਬਾਰੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਉਨ੍ਹਾਂ ਨੂੰ ਦੱਸਿਆ ਕਿ ਕੈਬਨਿਟ ਸਬ-ਕਮੇਟੀ ਵੱਲੋਂ ਕੇਂਦਰ ਸਰਕਾਰ ਨੂੰ ਲਿਖੇ ਗਏ ਸਿਫਾਰਿਸ਼ ਪੱਤਰ ਤੋਂ ਇਲਾਵਾ ਸਿੱਖਿਆ ਮੰਤਰੀ ਅਤੇ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਬੰਧਤ ਕੇਂਦਰੀ ਮੰਤਰਾਲੇ ਨਾਲ ਇਸ ਮਾਮਲੇ ਦੀ ਪੈਰਵੀ ਕੀਤੀ ਜਾਵੇਗੀ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਕੇਂਦਰ ਸਰਕਾਰ ਨੂੰ ਲਿਖੇ ਪੱਤਰ ਵਿੱਚ ਹਰੇਕ 50 ਵਿਦਿਆਰਥੀਆਂ ਲਈ ਇੱਕ ਕੁੱਕ ਦੀ ਵਿਵਸਥਾ ਕਰਨ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ, ਜਦਕਿ ਮੌਜੂਦਾ ਵਿਵਸਥਾ ਅਨੁਸਾਰ 1 ਤੋਂ 25 ਵਿਦਿਆਰਥੀਆਂ ਲਈ ਇੱਕ ਮਿਡ-ਡੇ-ਮੀਲ ਕੁੱਕ, 25 ਤੋਂ 100 ਵਿਦਿਆਰਥੀਆਂ ਲਈ ਦੋ ਮਿਡ-ਡੇ-ਮੀਲ ਕੁੱਕ ਅਤੇ 100 ਤੋਂ ਉੱਪਰ ਹਰੇਕ 100 ਵਿਦਿਆਰਥੀਆਂ ਪਿੱਛੇ ਇੱਕ ਕੁੱਕ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੁੱਕ ਦੀ ਗਿਣਤੀ ਵਧਣ ਨਾਲ ਮਿਡ-ਡੇ-ਮੀਲ ਤਿਆਰ ਕਰਨ ਵਿੱਚ ਦਰਪੇਸ਼ ਚੁਣੌਤੀਆਂ ਨੂੰ ਵੀ ਦੂਰ ਕੀਤਾ ਜਾ ਸਕੇਗਾ।

ਮੀਟਿੰਗ ਦੌਰਾਨ ਵਿੱਤ ਮੰਤਰੀ ਨੇ ਸਕੱਤਰ, ਸਕੂਲ ਸਿੱਖਿਆ, ਕੇ.ਕੇ. ਯਾਦਵ ਨੂੰ ਬਲਾਕ ਪੱਧਰ ‘ਤੇ ਮਿਡ-ਡੇਅ ਕੁੱਕ ਦੀਆਂ ਵਾਧੂ ਅਸਾਮੀਆਂ ਪੈਦਾ ਕਰਨ ‘ਤੇ ਵਿਚਾਰ ਕਰਨ ਲਈ ਵੀ ਕਿਹਾ ਤਾਂ ਜੋ ਕਰਮਚਾਰੀਆਂ ਨੂੰ ਛੁੱਟੀ ਦੀ ਲੋੜ ਪੈਣ ‘ਤੇ ਬਦਲਵੇਂ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਮਿਡ-ਡੇ-ਮੀਲ ਸੋਸਾਇਟੀ ਦੇ ਮੈਨੇਜਿੰਗ ਡਾਇਰੈਕਟਰ ਵਰਿੰਦਰ ਸਿੰਘ ਬਰਾੜ ਨੂੰ ਵੀ ਹਦਾਇਤ ਕੀਤੀ ਕਿ ਉਹ ਮਿਡ-ਡੇ-ਮੀਲ ਵਰਕਰਾਂ ਨੂੰ ਲੋੜੀਂਦੇ ਕੱਪੜੇ ਜਿਵੇਂ ਕਿ ਐਪਰਨ, ਟੋਪੀਆਂ ਅਤੇ ਦਸਤਾਨੇ ਜਲਦੀ ਤੋਂ ਜਲਦੀ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮਿਡ-ਡੇ-ਮੀਲ ਵਰਕਰਾਂ ਦੇ ਕੰਮਕਾਜ ਦੀਆਂ ਸਥਿਤੀਆਂ ਅਤੇ ਵਿੱਤੀ ਸੁਰੱਖਿਆ ਨੂੰ ਬਿਹਤਰ ਬਣਾਉਣ, ਉਨ੍ਹਾਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਅਤੇ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਸੇਵਾਵਾਂ ਦੀ ਗੁਣਵੱਤਾ ਨੂੰ ਵਧਾਉਣ ਲਈ ਵਚਨਬੱਧਤਾ ਨੂੰ ਦੁਹਰਾਇਆ।

ਮੀਟਿੰਗ ਵਿੱਚ ਮਿਡ-ਡੇ-ਮੀਲ ਕੁੱਕਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਕਰਮਚੰਦ ਚਿੰਦਾਲੀਆ, ਜਨਰਲ ਸਕੱਤਰ ਮੁਮਤਾਜ਼ ਬੇਗਮ, ਮੀਤ ਪ੍ਰਧਾਨ ਰਿੰਕੀ ਨਵਾਂ ਸ਼ਹਿਰ ਵੀ ਹਾਜ਼ਰ ਸਨ।

[wpadcenter_ad id='4448' align='none']