ਐੱਸ ਏ ਐੱਸ ਨਗਰ, 07 ਨਵੰਬਰ,2024:
ਮੋਹਾਲੀ ਵਿਖੇ ਪਿਛਲੇ ਲਗਪਗ 2 ਸਾਲਾਂ ਤੋਂ ਵਧੇਰੇ ਸਮੇਂ ਤੋਂ ਮੁੱਖ ਸੜਕਾਂ ਦੀ ਸਾਫ਼-ਸਫ਼ਾਈ ਮਕੈਨੀਕਲ ਮਸ਼ੀਨਾਂ ਨਾਲ ਨਾ ਹੋਣ ਕਾਰਨ ਸ਼ਹਿਰ ਵਿੱਚ ਸਾਫ਼-ਸਫ਼ਾਈ ਦੇ ਕੰਮ ਵਿੱਚ ਲਗਾਤਾਰ ਆ ਰਹੀ ਗਿਰਾਵਟ ਦੇ ਮੱਦੇਨਜ਼ਰ ਸ. ਕੁਲਵੰਤ ਸਿੰਘ, ਹਲਕਾ ਵਿਧਾਇਕ ਐਸ.ਏ.ਐਸ. ਨਗਰ ਵੱਲੋਂ ਸ਼ਹਿਰ ਵਿੱਚ ਸਫ਼ਾਈ ਦੇ ਕੰਮਾਂ ਵਿੱਚ ਸੁਧਾਰ ਲਿਆਉਣ ਲਈ ਕੁਝ ਮਹੀਨੇ ਪਹਿਲਾ ਗਮਾਡਾ ਨਾਲ ਤਾਲਮੇਲ ਕਰਕੇ 2 ਮਕੈਨੀਕਲ ਸਵੀਪਿੰਗ ਮਸ਼ੀਨਾਂ ਖ਼ਰੀਦਣ ਲਈ ਨਗਰ ਨਿਗਮ ਐਸ.ਏ.ਐਸ. ਨਗਰ ਨੂੰ 10 ਕਰੋੜ ਰੁਪਏ ਜ਼ਾਰੀ ਕਰਵਾਏ ਗਏ ਸਨ, ਜਿਸ ਨਾਲ ਨਗਰ ਨਿਗਮ ਵੱਲੋਂ 2 ਮਕੈਨੀਕਲ ਸਵੀਪਿੰਗ ਮਸ਼ੀਨਾਂ ਖ਼ਰੀਦ ਕੇ ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਏ ਕੈਟਾਗਰੀ ਦੀਆਂ ਸੜਕਾਂ ਦੀ ਸਫ਼ਾਈ ਇਨ੍ਹਾਂ ਮਸ਼ੀਨਾਂ ਨਾਲ ਕੀਤੀ ਜਾ ਰਹੀ ਹੈ। ਇਨ੍ਹਾਂ ਮਸ਼ੀਨਾਂ ਨੂੰ ਅਗਸਤ 2024 ਵਿੱਚ ਹਰੀ ਝੰਡੀ ਦਿਖਾਉਣ ਸਮੇਂ ਹਲਕਾ ਵਿਧਾਇਕ ਵੱਲੋਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹਨ, ਜਿਸ ਦੇ ਤਹਿਤ ਮੋਹਾਲੀ ਸ਼ਹਿਰ ਨੂੰ ਜਲਦ ਹੀ 2 ਹੋਰ ਮਕੈਨੀਕਲ ਸਵੀਪਿੰਗ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਆਪਣੇ ਉਕਤ ਵਾਅਦੇ ਅਨੁਸਾਰ ਹਲਕਾ ਵਿਧਾਇਕ ਵੱਲੋਂ ਅੱਜ 2 ਹੋਰ ਮਕੈਨੀਕਲ ਸਵੀਪਿੰਗ ਮਸ਼ੀਨਾਂ ਸ਼ਹਿਰ ਵਾਸੀਆਂ ਦੀ ਸੇਵਾ ਵਿੱਚ ਲਗਾਉਣ ਦੇ ਕੰਮ ਨੂੰ ਹਰੀ ਝੰਡੀ ਦਿਖਾਈ ਗਈ।
ਇਸ ਮੌਕੇ ਤੇ ਬੋਲਦੇ ਹੋਏ ਹਲਕਾ ਵਿਧਾਇਕ ਵੱਲੋਂ ਕਿਹਾ ਗਿਆ ਕਿ ਹੁਣ ਨਗਰ ਨਿਗਮ ਕੋਲ ਆਪਣੀਆਂ 4 ਮਕੈਨੀਕਲ ਸਵੀਪਿੰਗ ਮਸ਼ੀਨਾਂ ਹੋ ਗਈਆਂ ਹਨ, ਜਿਸ ਨਾਲ ਸ਼ਹਿਰ ਦੀਆਂ ਸਾਰੀਆਂ ਏ ਅਤੇ ਬੀ ਸੜਕਾਂ ਦੀ ਸਫ਼ਾਈ ਮਕੈਨੀਕਲ ਮਸ਼ੀਨਾਂ ਰਾਹੀਂ ਹੋਵੇਗੀ। ਇਸ ਦੇ ਨਾਲ ਹੀ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕੁਲਵੰਤ ਸਿੰਘ ਵੱਲੋਂ ਦੱਸਿਆ ਗਿਆ ਕਿ ਉਹ ਸ਼ਹਿਰ ਵਿੱਚ ‘ਸੀ’ ਟਾਈਪ ਸੜਕਾਂ ਦੀ ਸਫ਼ਾਈ ਵੀ ਮਕੈਨੀਕਲ ਤਰੀਕੇ ਨਾਲ ਕਰਨ ਲਈ ਵੀ ਕੋਈ ਨਾ ਕੋਈ ਛੋਟੀਆਂ ਮਸ਼ੀਨਾਂ ਦਾ ਪ੍ਰਬੰਧ ਕਰਵਾਉਣ ਦੀ ਕੋਸ਼ਿਸ਼ ਕਰਨਗੇ ਅਤੇ ਸ਼ਹਿਰ ਦੀ ਸਫ਼ਾਈ ਨੂੰ ਵਿਸ਼ਵ ਪੱਧਰੀ ਬਣਾਉਣ ਦੇ ਲਈ ਫ਼ੰਡ ਆਦਿ ਉਪਲੱਬਧ ਕਰਵਾਉਣ ਲਈ ਮੁੱਖ ਮੰਤਰੀ ਪੰਜਾਬ ਨੂੰ ਵੀ ਲੋੜ ਪੈਣ ਤੇ ਬੇਨਤੀ ਕਰਨਗੇ। ਸ਼ਹਿਰ ਵਿੱਚੋਂ ਕੂੜੇ ਨੂੰ ਚੁੱਕਣ ਵਿੱਚ ਆ ਰਹੀ ਦਿੱਕਤ ਲਈ ਨਗਰ ਨਿਗਮ ਦੀ ਸੱਤਾ ਤੇ ਕਾਬਜ਼ ਧਿਰ ਵੱਲੋਂ ਪੰਜਾਬ ਸਰਕਾਰ ਨੂੰ ਜ਼ਿੰਮੇਦਾਰ ਠਹਿਰਾਉਣ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਹਲਕਾ ਵਿਧਾਇਕ ਵੱਲੋਂ ਕਿਹਾ ਗਿਆ ਕਿ ਸ਼ਹਿਰ ਦੀ ਸਾਫ਼ ਸਫ਼ਾਈ ਦਾ ਜ਼ਿੰਮਾ ਨਗਰ ਨਿਗਮ ਤੇ ਹੈ, ਜਿਸ ਕਾਰਨ ਸ਼ਹਿਰ ਵਿੱਚ ਲੱਗੇ ਕੂੜੇ ਦੇ ਢੇਰਾਂ ਲਈ ਨਗਰ ਨਿਗਮ ਦੇ ਅਹੁਦੇਦਾਰ ਜ਼ਿੰਮੇਵਾਰ ਹਨ ਅਤੇ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਉਹ ਕੂੜ ਪ੍ਰਚਾਰ ਕਰ ਰਹੇ ਹਨ ਪ੍ਰੰਤੂ ਮੋਹਾਲੀ ਦੇ ਲੋਕ ਜਾਣਦੇ ਹਨ ਕਿ ਇਸ ਤਰ੍ਹਾਂ ਨਗਰ ਨਿਗਮ ਦੇ ਮੌਜ਼ੂਦਾ ਅਹੁਦੇਦਾਰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਨਾਕਾਮ ਰਹੇ ਹਨ।
ਵਿਧਾਇਕ ਵੱਲੋਂ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਮੋਹਾਲੀ ਪੰਜਾਬ ਦਾ ਇੱਕੋ ਇੱਕ ਸ਼ਹਿਰ ਹੈ ਜਿਸ ਕੋਲ ਇਹ ਮਕੈਨੀਕਲ ਸਵੀਪਿੰਗ ਮਸ਼ੀਨਾਂ ਹਨ। ਨਾਲ ਹੀ ਵਿਧਾਇਕ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਸ਼ਹਿਰ ਵਾਸੀ ਵੀ ਸ਼ਾਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਆਪਣਾ ਯੋਗਦਾਨ ਦੇਣ ਅਤੇ ਆਪਣੇ ਘਰਾਂ ਦਾ ਕੂੜਾ ਸੜਕਾਂ, ਪਾਰਕਾਂ ਅਤੇ ਹੋਰ ਖੁੱਲ੍ਹੀਆਂ ਥਾਵਾਂ ਤੇ ਨਾ ਸੁੱਟਣ।
ਇਸ ਮੌਕੇ ਟੀ. ਬੈਨਿਥ ,ਕਮਿਸ਼ਨਰ ਨਗਰ ਨਿਗਮ , ਸ੍ਰੀ ਦੀਪਾਂਕਰ ਗਰਗ ਸੰਯੁਕਤ ਕਮਿਸ਼ਨਰ ਨਗਰ ਨਿਗਮ, ਸ੍ਰੀ ਨਰੇਸ਼ ਕੁਮਾਰ ਬੱਤਾ ਚੀਫ਼ ਇੰਜੀਨੀਅਰ ਸ੍ਰੀਮਤੀ ਗੁਰਪ੍ਰੀਤ ਕੌਰ ਐਮ.ਸੀ., ਸ੍ਰੀਮਤੀ ਰਮਨਪ੍ਰੀਤ ਕੌਰ ਐਮ.ਸੀ., ਸ੍ਰੀ ਸੁਖਦੇਵ ਸਿੰਘ ਪਟਵਾਰੀ ਐਮ.ਸੀ., ਸ੍ਰੀ ਕੁਲਦੀਪ ਸਿੰਘ ਸਮਾਣਾ, ਸ੍ਰੀ ਪਰਮਜੀਤ ਸਿੰਘ, ਸ੍ਰੀ ਆਰ.ਪੀ. ਸ਼ਰਮਾ, ਡਾ. ਕੁਲਦੀਪ ਸਿੰਘ, ਹਰਪਾਲ ਸਿੰਘ ਚੰਨਾ, ਅਕਬਿੰਦਰ ਸਿੰਘ ਗੋਸਲ, ਸੁਖਮਿੰਦਰ ਸਿੰਘ ਬਰਨਾਲਾ, ਰਜੀਵ ਵਸ਼ਿਸ਼ਟ, ਹਰਮੇਸ਼ ਸਿੰਘ, ਅਵਤਾਰ ਸਿੰਘ ਮੌਲੀ, ਗੁਰਮੁੱਖ ਸਿੰਘ ਸੋਹਲ, ਧੀਰਜ ਕੁਮਾਰ, ਹਰਪਾਲ ਸਿੰਘ, ਅਮਰਜੀਤ ਸਿੰਘ, ਗੁਰਪਾਲ ਸਿੰਘ ਗਰੇਵਾਲ, ਹਰਪਾਲ ਸਿੰਘ ਬਰਾੜ, ਬਚਨ ਸਿੰਘ ਬੋਪਾਰਾਏ, ਗੁਰਦਿਆਲ ਸਿੰਘ ਸੈਣੀ, ਸ੍ਰੀਮਤੀ ਸਤਵਿੰਦਰ ਕੌਰ, ਸ੍ਰੀਮਤੀ ਚਰਨਜੀਤ ਕੌਰ, ਸ੍ਰੀਮਤੀ ਸਵਿਤਾ ਪ੍ਰਿੰਜਾ, ਸ੍ਰੀਮਤੀ ਜਸਬੀਰ ਕੌਰ ਅਤਲੀ, ਸੁਖਚੈਨ ਸਿੰਘ, ਗਗਨਦੀਪ ਸਿੰਘ, ਗੱਜਣ ਸਿੰਘ, ਅਵਤਾਰ ਸਿੰਘ ਝਾਮਪੁਰ, ਅਰੁਣ ਗੋਇਲ, ਸੁਰਿੰਦਰ ਸਿੰਘ ਰੋਡਾ, ਬੰਤ ਸਿੰਘ ਸੋਹਾਣਾ, ਤਰੁਨਜੀਤ ਸਿੰਘ ਅਤੇ ਹੋਰ ਸ਼ਹਿਰ ਵਾਸੀ ਮੌਜ਼ੂਦ ਸਨ।