ਅੰਮ੍ਰਿਤਸਰ 13 ਨਵੰਬਰ —
ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡਾਂ ਵਿੱਚ ਵਿਕਾਸ ਕੰਮਾਂ ਨੂੰ ਕਰਵਾਉਣ ਲਈ ਪੰਚਾਇਤ ਵਿਭਾਗ ਦੇ ਅਧਿਕਾਰੀਆਂ, ਜਿਨਾਂ ਵਿੱਚ ਡੀਡੀਪੀਓ , ਬੀਡੀਪੀਓ ਅਤੇ ਐਕਸੀਅਨ ਪੰਚਾਇਤੀ ਰਾਜ ਸ਼ਾਮਿਲ ਸਨ, ਨਾਲ ਮੀਟਿੰਗ ਕਰਦੇ ਕਿਹਾ ਕਿ ਪਿੰਡਾਂ ਵਿੱਚ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਦਾ ਕੰਮਾਂ ਨੂੰ ਲੈ ਕੇ ਬਹੁਤ ਉਤਸ਼ਾਹ ਹੈ ਅਤੇ ਤੁਹਾਡੇ ਕਰਮਚਾਰੀ ਪੰਚਾਇਤਾਂ ਨਾਲ ਸਲਾਹ ਮਸ਼ਵਰਾ ਕਰਕੇ ਪਿੰਡਾਂ ਦਾ ਕੰਮ ਕਰਵਾਉਣ। ਉਹਨਾਂ ਕਿਹਾ ਕਿ ਕਿਸੇ ਵੀ ਪਿੰਡ ਵਿੱਚ ਕੰਮ ਕਰਵਾਉਣ ਮੌਕੇ ਕਿਸੇ ਪਾਰਟੀ ਦਾ ਪੱਖਪਾਤ ਨਹੀਂ ਕੀਤਾ ਜਾਣਾ ਚਾਹੀਦਾ । ਸ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਪੰਜਾਬ ਦਾ ਚੌਮੁਖੀ ਵਿਕਾਸ ਕਰਨ ਲਈ ਕੰਮ ਕਰ ਰਹੀ ਹੈ ਅਤੇ ਪਿੰਡ ਇਸ ਦੀ ਬੁਨਿਆਦ ਹਨ। ਉਹਨਾਂ ਕਿਹਾ ਕਿ ਹਰੇਕ ਪਿੰਡ ਦੀ ਵੱਖਰੀ ਲੋੜ ਹੈ ਤੇ ਉਸ ਲੋੜ ਨੂੰ ਸਮਝਦੇ ਹੋਏ ਹੀ ਕੰਮਾਂ ਦੀ ਤਰਤੀਬ ਤਿਆਰ ਕੀਤੀ ਜਾਵੇ ਅਤੇ ਉਸ ਅਨੁਸਾਰ ਵਧੀਆ ਗੁਣਵੱਤਾ ਨਾਲ ਕੰਮ ਕਰਵਾਏ ਜਾਣ ।੍ਰ
ਉਨਾਂ ਇਸ ਮੌਕੇ ਕਸਬਾ ਰਮਦਾਸ ਵਿੱਚ ਬਿਜਲੀ ਲਾਈਨਾਂ ਵਿੱਚ ਸੁਧਾਰ ਨੂੰ ਲੈ ਕੇ ਵੀ ਵਿਚਾਰਾਂ ਕੀਤੀਆਂ ਅਤੇ ਅਧਿਕਾਰੀਆਂ ਨੂੰ ਪੁਰਾਣੀਆਂ ਲਾਈਨਾਂ ਬਦਲਣ ਅਤੇ ਨੀਵੀਆਂ ਹੋ ਚੁੱਕੀਆਂ ਬਿਜਲੀ ਲਾਈਨਾਂ ਨੂੰ ਉੱਚਾ ਕਰਨ ਦੀ ਹਦਾਇਤ ਕੀਤੀ।
ਸ ਧਾਲੀਵਾਲ ਨੇ ਕਿਹਾ ਕਿ ਮੇਰਾ ਸੁਪਨਾ ਅਜਨਾਲਾ ਹਲਕੇ ਨੂੰ ਵਿਕਾਸ ਪੱਖੋਂ ਪੰਜਾਬ ਦਾ ਮੋਹਰੀ ਹਲਕਾ ਬਣਾਉਣਾ ਹੈ ਅਤੇ ਮੈਂ ਇਸ ਲਈ ਦਿਨ ਰਾਤ ਕੰਮ ਕਰ ਰਿਹਾ ਹਾਂ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਵੀ ਹਰੇਕ ਤਰ੍ਹਾਂ ਦਾ ਸਾਥ ਅਜਨਾਲਾ ਹਲਕੇ ਲਈ ਮਿਲਿਆ ਹੈ ਅਤੇ ਹੁਣ ਕੰਮ ਕਰਵਾਉਣ ਲਈ ਇੱਕ ਟੀਮ ਵਜੋਂ ਤੁਹਾਡੇ ਸਾਰਿਆਂ ਦੇ ਸਾਥੀ ਲੋੜ ਹੈ।