Guru Nanak Dav ji
ਪੰਜਾਬ ਨੂੰ ਗੁਰੂਆਂ ਤੇ ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ। ਇਥੇ ਇੱਕ ਪਵਿੱਤਰ ਸਥਾਨ ਹੈ ਸੁਲਤਾਨਪੁਰ ਲੋਧੀ, ਜਿਥੇ ਸਿੱਖਾਂ ਦੇ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 14 ਸਾਲ 9 ਮਹੀਨੇ ਬਤੀਤ ਕੀਤੇ।ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਭੈਣ ਮਾਤਾ ਨਾਨਕੀ ਅਤੇ ਭਾਈਆ ਜੈ ਰਾਮ ਜੀ ਨਾਲ ਰਹਿੰਦੇ ਸਨ। ਗੁਰੂ ਸਾਹਿਬ ਜੀ ਜਿਥੇ ਆਪਣੀ ਭੈਣ ਤੇ ਭਾਇਆ ਜੀ ਨਾਲ ਰਹਿੰਦੇ ਸਨ, ਉਸ ਸਥਾਨ ਦੇ ਨੇੜੇ ਹੀ ਗੁਰਦੁਆਰਾ ਸ੍ਰੀ ਹੱਟ ਸਾਹਿਬ ਮੌਜੂਦ ਹੈ।
ਗੁਰਦੁਆਰਾ ਸ੍ਰੀ ਹੱਟ ਸਾਹਿਬ ਉਹ ਸਥਾਨ ਹੈ ਜਿਥੇ ਨਵਾਬ ਦੌਲਤ ਖਾਨ ਦਾ ਮੋਦੀਖਾਨਾ ਮੌਜੂਦ ਸੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਮੋਦੀਖਾਨੇ ‘ਚ ਬਤੌਰ ਮੋਦੀ ਨੌਕਰੀ ਕਰਦੇ ਹੁੰਦੇ ਸਨ। ਇਥੇ ਹੀ ਗੁਰੂ ਸਾਹਿਬ ਲੋੜਵੰਦਾਂ ਨੂੰ ਅਨਾਜ ਦੇ ਕੇ ਉਨ੍ਹਾਂ ਦੀਆਂ ਝੋਲੀਆਂ ਭਰਦੇ ਸਨ। ਇਸੇ ਸਥਾਨ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗਰੀਬਾਂ ਤੇ ਲੋੜਵੰਦਾਂ ਦੀ ਮਦਦ ਕਰਨੀ ਆਰੰਭ ਕੀਤੀ। ਜਦੋਂ ਵੀ ਕੋਈ ਗ਼ਰੀਬ ਜਾਂ ਲੋੜਵੰਦ ਮੋਦੀਖਾਨੇ ਵਿੱਚ ਕੁੱਝ ਲੈਣ ਆਉਂਦਾ ਤਾਂ ਗੁਰੂ ਜੀ 13-13 ਦਾ ਜਾਪ ਕਰਦੇ ਹੋਏ ਉਸ ਵਿਅਕਤੀ ਨੂੰ ਉਸ ਦੀ ਲੋੜ ਮੁਤਾਬਕ ਅਨਾਜ ਤੇ ਹੋਰਨਾਂ ਸਮਾਨ ਦੇ ਦਿੰਦੇ ਸਨ।
ਮੋਦੀਖਾਨੇ ‘ਚ ਗੁਰੂ ਨਾਨਕ ਦੇਵ ਜੀ ਨੂੰ ਅਨਾਜ ਵੇਚਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇਸ ਦੇ ਲਈ ਉਨ੍ਹਾਂ ਨੂੰ ਅਨਾਜ ਤੌਲਣ ਲਈ ਵੱਟੇ ਦਿੱਤੇ ਗਏ ਸਨ। ਲੋੜਵੰਦਾਂ ਦੀ ਮਦਦ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਦੇ ਤੇਰਾ ਤੇਰਾ ਉਚਾਰਣ ਕਰਦੇ ਹੋਏ ਵਾਹਿਗੁਰੂ ਦਾ ਜਾਪ ਕਰਦੇ ਸਨ, ਉਹ ਕਹਿੰਦੇ ਸਨ, ਵਾਹਿਗੁਰੂ ਉਹ ਵੀ ਤੇਰਾ ਹੈ , ਜੋ ਮੋਦੀ ਖਾਨੇ ਵਿੱਚੋਂ ਦੇ ਰਿਹਾ ਹੈ ਉਹ ਵੀ ਤੇਰਾ ਹੈ ਅਤੇ ਜੋ ਵਸਤੂ ਮੋਦੀ ਖਾਨੇ ਵਿੱਚੋਂ ਦਿੱਤੀ ਜਾ ਰਹੀ ਹੈ ਉਹ ਵੀ ਤੇਰੀ ਹੈ।
Read Also : ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (15 ਨਵੰਬਰ 2024)
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀ ਹੈਡ ਗ੍ਰੰਥੀ ਭਾਈ ਸੁਰਜੀਤ ਸਿੰਘ ਨੇ ਦੱਸਿਆ ਕਿ ਨਵਾਬ ਦੌਲਤ ਖਾਂ ਦੇ ਮੋਦੀਖਾਨੇ ‘ਚ ਨੌਕਰੀ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਕਿਰਤ ਤੇ ਕਰਮ ਕਰਦੇ ਹੋਏ ਵੀ ਪਰਮਾਤਮਾ ਨਾਲ ਜੁੜੇ ਰਹਿਣਾ ਸਿਖਾਇਆ। ਗੁਰੂ ਜੀ ਨੇ ਮੋਦੀਖਾਨੇ ‘ਚ ਪੂਰੀ ਤਨਦੇਹੀ, ਇਮਾਨਦਾਰੀ ਤੇ ਲਗਨ ਨਾਲ ਕੰਮ ਕੀਤਾ।
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਗੁਰਦੁਆਰਾ ਸ੍ਰੀ ਹੱਟ ਸਾਹਿਬ ਵਿਖੇ ਵੀ ਮੁਕੰਮਲ ਹੋ ਰਹੀਆਂ ਹਨ। ਗੁਰੂ ਘਰ ਨੂੰ ਰੰਗ-ਬਿਰੰਗੇ ਫੁੱਲਾਂ ਤੇ ਲਾਈਟਾਂ ਨਾਲ ਸਜਾਇਆ ਗਿਆ ਹੈ। ਦੂਰ-ਦੁਰਾਡਿਓਂ ਸੰਗਤਾਂ ਗੁਰੂ ਘਰ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ।
Guru Nanak Dav ji