Hukamnama Sri Harmandir Sahib Ji
ਸੋਰਠਿ ਮਹਲਾ ੪ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਆਪੇ ਆਪਿ ਵਰਤਦਾ ਪਿਆਰਾ ਆਪੇ ਆਪਿ ਅਪਾਹੁ ॥ ਵਣਜਾਰਾ ਜਗੁ ਆਪਿ ਹੈ ਪਿਆਰਾ ਆਪੇ ਸਾਚਾ ਸਾਹੁ ॥ ਆਪੇ ਵਣਜੁ ਵਾਪਾਰੀਆ ਪਿਆਰਾ ਆਪੇ ਸਚੁ ਵੇਸਾਹੁ ॥੧॥ ਜਪਿ ਮਨ ਹਰਿ ਹਰਿ ਨਾਮੁ ਸਲਾਹ ॥ ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤੁ ਅਗਮ ਅਥਾਹ ॥ ਰਹਾਉ ॥ ਆਪੇ ਸੁਣਿ ਸਭ ਵੇਖਦਾ ਪਿਆਰਾ ਮੁਖਿ ਬੋਲੇ ਆਪਿ ਮੁਹਾਹੁ ॥ ਆਪੇ ਉਝੜਿ ਪਾਇਦਾ ਪਿਆਰਾ ਆਪਿ ਵਿਖਾਲੇ ਰਾਹੁ ॥ ਆਪੇ ਹੀ ਸਭੁ ਆਪਿ ਹੈ ਪਿਆਰਾ ਆਪੇ ਵੇਪਰਵਾਹੁ ॥੨॥ ਆਪੇ ਆਪਿ ਉਪਾਇਦਾ ਪਿਆਰਾ ਸਿਰਿ ਆਪੇ ਧੰਧੜੈ ਲਾਹੁ ॥ ਆਪਿ ਕਰਾਏ ਸਾਖਤੀ ਪਿਆਰਾ ਆਪਿ ਮਾਰੇ ਮਰਿ ਜਾਹੁ ॥ ਆਪੇ ਪਤਣੁ ਪਾਤਣੀ ਪਿਆਰਾ ਆਪੇ ਪਾਰਿ ਲੰਘਾਹੁ ॥੩॥ ਆਪੇ ਸਾਗਰੁ ਬੋਹਿਥਾ ਪਿਆਰਾ ਗੁਰੁ ਖੇਵਟੁ ਆਪਿ ਚਲਾਹੁ ॥ ਆਪੇ ਹੀ ਚੜਿ ਲੰਘਦਾ ਪਿਆਰਾ ਕਰਿ ਚੋਜ ਵੇਖੈ ਪਾਤਿਸਾਹੁ ॥ ਆਪੇ ਆਪਿ ਦਇਆਲੁ ਹੈ ਪਿਆਰਾ ਜਨ ਨਾਨਕ ਬਖਸਿ ਮਿਲਾਹੁ ॥੪॥੧॥
ਅਰਥ:- ਹੇ (ਮੇਰੇ) ਮਨ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਸਿਫ਼ਤਿ-ਸਾਲਾਹ ਕਰਿਆ ਕਰ। (ਹੇ ਭਾਈ!) ਗੁਰੂ ਦੀ ਮੇਹਰ ਨਾਲ ਹੀ ਉਹ ਪਿਆਰਾ ਪ੍ਰਭੂ ਮਿਲ ਸਕਦਾ ਹੈ, ਜੋ ਆਤਮਕ ਜੀਵਨ ਦੇਣ ਵਾਲਾ ਹੈ, ਜੋ ਅਪਹੁੰਚ ਹੈ, ਤੇ, ਜੋ ਬਹੁਤ ਡੂੰਘਾ ਹੈ। ਰਹਾਉ। ਹੇ ਭਾਈ! ਪ੍ਰਭੂ ਆਪ ਹੀ ਹਰ ਥਾਂ ਮੌਜੂਦ ਹੈ (ਵਿਆਪਕ ਹੁੰਦਿਆਂ ਭੀ) ਪ੍ਰਭੂ ਆਪ ਹੀ ਨਿਰਲੇਪ (ਭੀ) ਹੈ। ਜਗਤ-ਵਣਜਾਰਾ ਪ੍ਰਭੂ ਆਪ ਹੀ ਹੈ (ਜਗਤ-ਵਣਜਾਰੇ ਨੂੰ ਰਾਸਿ-ਪੂੰਜੀ ਦੇਣ ਵਾਲਾ ਭੀ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ ਸ਼ਾਹੂਕਾਰ ਹੈ। ਪ੍ਰਭੂ ਆਪ ਹੀ ਵਣਜ ਹੈ, ਆਪ ਹੀ ਵਪਾਰ ਕਰਨ ਵਾਲਾ ਹੈ, ਆਪ ਸਦਾ-ਥਿਰ ਰਹਿਣ ਵਾਲਾ ਸਰਮਾਇਆ ਹੈ।1। ਹੇ ਭਾਈ! ਪ੍ਰਭੂ ਆਪ ਹੀ (ਜੀਵਾਂ ਦੀਆਂ ਅਰਦਾਸਾਂ) ਸੁਣ ਕੇ ਸਭ ਦੀ ਸੰਭਾਲ ਕਰਦਾ ਹੈ, ਆਪ ਹੀ ਮੂੰਹੋਂ (ਜੀਵਾਂ ਨੂੰ ਢਾਰਸ ਦੇਣ ਲਈ) ਮਿੱਠਾ ਬੋਲ ਬੋਲਦਾ ਹੈ। ਪਿਆਰਾ ਪ੍ਰਭੂ ਆਪ ਹੀ (ਜੀਵਾਂ ਨੂੰ) ਕੁਰਾਹੇ ਪਾ ਦੇਂਦਾ ਹੈ, ਆਪ ਹੀ (ਜ਼ਿੰਦਗੀ ਦਾ ਸਹੀ) ਰਸਤਾ ਵਿਖਾਂਦਾ ਹੈ। ਹੇ ਭਾਈ! ਹਰ ਥਾਂ ਪ੍ਰਭੂ ਆਪ ਹੀ ਆਪ ਹੈ, (ਇਤਨੇ ਖਲਜਗਨ ਦਾ ਮਾਲਕ ਹੁੰਦਾ ਹੋਇਆ) ਪ੍ਰਭੂ ਬੇ-ਪਰਵਾਹ ਰਹਿੰਦਾ ਹੈ।2। ਹੇ ਭਾਈ! ਪ੍ਰਭੂ ਆਪ ਹੀ (ਸਭ ਜੀਵਾਂ ਨੂੰ) ਪੈਦਾ ਕਰਦਾ ਹੈ, ਆਪ ਹੀ ਹਰੇਕ ਜੀਵ ਨੂੰ ਮਾਇਆ ਦੇ ਆਹਰ ਵਿਚ ਲਾਈ ਰੱਖਦਾ ਹੈ, ਪ੍ਰਭੂ ਆਪ ਹੀ (ਜੀਵਾਂ ਦੀ) ਬਣਤਰ ਬਣਾਂਦਾ ਹੈ, ਆਪ ਹੀ ਮਾਰਦਾ ਹੈ, (ਤਾਂ ਉਸ ਦਾ ਪੈਦਾ ਕੀਤਾ ਜੀਵ) ਮਰ ਜਾਂਦਾ ਹੈ। ਪ੍ਰਭੂ ਆਪ ਹੀ (ਸੰਸਾਰ-ਨਦੀ ਉਤੇ) ਪੱਤਣ ਹੈ, ਆਪ ਹੀ ਮਲਾਹ ਹੈ, ਆਪ ਹੀ (ਜੀਵਾਂ ਨੂੰ) ਪਾਰ ਲੰਘਾਂਦਾ ਹੈ।3। ਹੇ ਭਾਈ! ਪ੍ਰਭੂ ਆਪ ਹੀ (ਸੰਸਾਰ-) ਸਮੁੰਦਰ ਹੈ, ਆਪ ਹੀ ਜਹਾਜ਼ ਹੈ, ਆਪ ਹੀ ਗੁਰੂ-ਮਲਾਹ ਹੋ ਕੇ ਜਹਾਜ਼ ਨੂੰ ਚਲਾਂਦਾ ਹੈ। ਪ੍ਰਭੂ ਆਪ ਹੀ (ਜਹਾਜ਼ ਵਿਚ) ਚੜ੍ਹ ਕੇ ਪਾਰ ਲੰਘਦਾ ਹੈ। ਪ੍ਰਭੂ-ਪਾਤਿਸ਼ਾਹ ਕੌਤਕ-ਤਮਾਸ਼ੇ ਕਰ ਕੇ ਆਪ ਹੀ (ਇਤਨਾ ਤਮਾਸ਼ਿਆਂ ਨੂੰ) ਵੇਖ ਰਿਹਾ ਹੈ। ਗੁਰੂ ਨਾਨਕ ਜੀ ਕਹਿੰਦੇ ਹਨ, ਹੇ ਨਾਨਕ! (ਆਖ—) ਪ੍ਰਭੂ ਆਪ ਹੀ (ਸਦਾ) ਦਇਆ ਦਾ ਸੋਮਾ ਹੈ, ਆਪ ਹੀ ਬਖ਼ਸ਼ਸ਼ ਕਰ ਕੇ (ਆਪਣੇ ਪੈਦਾ ਕੀਤੇ ਜੀਵਾਂ ਨੂੰ ਆਪਣੇ ਨਾਲ) ਮਿਲਾ ਲੈਂਦਾ ਹੈ।4।1।
Hukamnama Sri Harmandir Sahib Ji