ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਮੰਗਲਵਾਰ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦਿਹਾਂਤ ਹੋ ਗਿਆ। ਉਹ ਪਿਛਲੇ ਲੰਮੇ ਸਮੇਂ ਤੋਂ ਬੀਮਾਰ ਸਨ ਤੇ ਕਈ ਦਿਨਾਂ ਤੋਂ ਜ਼ੇਰੇ ਇਲਾਜ ਸਨ। ਉਨ੍ਹਾਂ ਦੇ ਦਿਹਾਂਤ ‘ਤੇ ਦੇਸ਼ ਦੇ ਵੱਡਾ ਨੇਤਾਵਾਂ ਨੇ ਦੁੱਖ਼ ਦਾ ਪ੍ਰਗਟਾਵਾ ਕੀਤਾ। ਪ੍ਰਕਾਸ਼ ਸਿੰਘ ਬਾਦਲ ਭਾਰਤ ਦੀ ਸਿਆਸਤ ਦੇ ਵੱਡੇ ਕੱਦ ਵਾਲੇ ਖੇਤਰੀ ਆਗੂਆਂ ਵਿੱਚ ਸ਼ੁਮਾਰ ਹਨ। ਉਹ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਅਤੇ 1996 ਤੋਂ 2008 ਤੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਕੰਮ ਕਰਦੇ ਰਹੇ। ਦੱਸ ਦੇਈਏ ਕਿ ਪ੍ਰਕਾਸ਼ ਸਿੰਘ ਬਾਦਲ 43 ਸਾਲਾਂ ਦੀ ਉਮਰ ‘ਚ 1970 ਵਿਚ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣਨ ਵਾਲੇ ਸਭ ਤੋਂ ਛੋਟੀ ਉਮਰ ਦੇ ਆਗੂ ਸਨ ਤੇ ਜਦੋਂ 2017 ਵਿੱਚ ਉਨ੍ਹਾਂ ਦਾ 5ਵਾਂ ਕਾਰਜਕਾਲ ਪੂਰਾ ਹੋਇਆ ਤਾਂ ਉਹ ਸਭ ਤੋਂ ਵਡੇਰੀ ਉਮਰ ਦੇ ਮੁੱਖ ਮੰਤਰੀ ਸਨ। 1970 ਤੋਂ 1980 ਤੱਕ ਉਹ ਕੇਂਦਰ ਵਿੱਚ ਚੌਧਰੀ ਚਰਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿੱਚ ਖੇਤੀ ਮੰਤਰੀ ਬਣੇ ਸਨ ਪਰ ਉਨ੍ਹਾਂ ਮੁੜ ਕੇ ਕਦੇ ਵੀ ਕੇਂਦਰੀ ਵੱਲ ਨਹੀਂ ਵੇਖਿਆ ਤੇ ਪੂਰਾ ਧਿਆਨ ਸੂਬਾਈ ਸਿਆਸਤ ‘ਚ ਲਗਾਇਆ।Early life of Parkash Singh Badal
ਪ੍ਰਕਾਸ਼ ਸਿੰਘ ਬਾਦਲ ਦਾ ਮੁੱਢਲਾ ਜੀਵਨ
ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8 ਦਸੰਬਰ 1927 ਨੂੰ ਬਠਿੰਡਾ ਦੇ ਪਿੰਡ ਅਬੁਲ-ਖੁਰਾਣਾ ‘ਚ ਹੋਇਆ। ਉਨ੍ਹਾਂ ਦੀ ਮਾਤਾ ਦਾ ਨਾਂ ਸੁੰਦਰੀ ਕੌਰ ਅਤੇ ਪਿਤਾ ਦਾ ਨਾਂ ਰਘੂਰਾਜ ਸਿੰਘ ਸੀ। ਉਨ੍ਹਾਂ ਆਪਣੀ ਮੁੱਢਲੀ ਸਿੱਖਿਆ ਇਕ ਸਥਾਨਕ ਅਧਿਆਪਕ ਤੋਂ ਲਈ ਅਤੇ ਫਿਰ ਲੰਬੀ ਦੇ ਸਕੂਲ ‘ਚ ਪੜ੍ਹਾਈ ਕਰਨ ਲੱਗੇ, ਜਿੱਥੇ ਉਹ ਬਾਦਲ ਪਿੰਡ ਤੋਂ ਘੋੜੀ ‘ਤੇ ਪੜ੍ਹਣ ਜਾਇਆ ਕਰਦੇ ਸਨ। ਅਗਲੇਰੀ ਪੜ੍ਹਾਈ ਲਈ ਉਹ ਫਿਰੋਜ਼ਪੁਰ ਦੇ ਮਨੋਹਰ ਲਾਲ ਮੈਮੋਰੀਅਲ ਹਾਈ ਸਕੂਲ ਗਏ। ਉਚੇਰੀ ਸਿੱਖਿਆ ਲਈ ਉਨ੍ਹਾਂ ਸਿੱਖ ਕਾਲਜ ਲਾਹੌਰ ‘ਚ ਦਾਖ਼ਲਾ ਲਿਆ ਪਰ ਮਾਈਗ੍ਰੇਸ਼ਨ ਲੈ ਕੇ ਉਹ ਫੋਰਮਨ ਕ੍ਰਿਸ਼ਚੀਅਨ ਕਾਲਜ ਆ ਗਏ ਅਤੇ ਉੱਥੋਂ ਉਨ੍ਹਾਂ ਨੇ ਆਪਣੀ ਗਰੈਜ਼ੂਏਸ਼ਨ ਦੀ ਡਿਗਰੀ ਹਾਸਲ ਕੀਤੀ। ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਪੀ. ਸੀ. ਐੱਸ ਅਫ਼ਸਰ ਬਣਨਾ ਚਾਹੁੰਦੇ ਸਨ ਪਰ ਅਕਾਲੀ ਆਗੂ ਗਿਆਨੀ ਕਰਤਾਰ ਸਿੰਘ ਦੇ ਪ੍ਰਭਾਵ ਹੇਠ ਉਹ ਸਿਆਸਤ ਵਿੱਚ ਆ ਗਏ।
ਮੋਰਚੇ ਅਤੇ ਸੰਘਰਸ਼ ਦੀ ਗੁੜ੍ਹਤੀ
ਅਕਾਲੀ ਦਲ ਦਾ ਸੰਘਰਸ਼ ਨਾਲ ਮੁੱਢ ਤੋਂ ਹੀ ਵਾਸਤਾ ਰਿਹਾ ਹੈ। ਭਾਵੇਂ ਉਹ ਭਾਰਤ ਦੀ ਆਜ਼ਾਦੀ ਦੀ ਲੜਾਈ ਹੋਵੇ ਚਾਹੇ ਗੁਰਦੁਆਰਾ ਸੁਧਾਰ ਲਹਿਰ ਜਾਂ ਆਜ਼ਾਦੀ ਤੋਂ ਬਾਅਦ ਪੰਥਕ ਤੇ ਪੰਜਾਬੀਆਂ ਮਸਲੇ, ਅਕਾਲੀ ਦਲ ਹਮੇਸ਼ਾ ਤੋਂ ਸੰਘਰਸ਼ ਕਰਦੀ ਆਈ ਹੈ। ਮਾਸਟਰ ਤਾਰਾ ਸਿੰਘ ਅਤੇ ਹੋਰ ਟਕਸਾਲੀ ਪੰਥਕ ਆਗੂਆਂ ਦੀ ਸੰਗਤ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਪਾਰਟੀ ਦਾ ਜ਼ਾਬਤੇਬੱਧ ਤੇ ਵਫ਼ਾਦਾਰ ਕਾਡਰ ਬਣਾਇਆ। ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਮੁਤਾਬਕ 1983 ਵਿੱਚ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਫ਼ੈਸਲਾ ਕੀਤਾ ਸੀ ਕਿ ਸੰਵਿਧਾਨ ਦੀ ਧਾਰਾ 25 ਵਿੱਚ ਸੋਧ ਦੀ ਮੰਗ ਤਹਿਤ ਪ੍ਰਕਾਸ਼ ਸਿੰਘ ਬਾਦਲ ਸੰਵਿਧਾਨ ਦੀਆਂ ਕਾਪੀਆਂ ਪਾੜ੍ਹਨਗੇ। ਜਿਸ ਤੋਂ ਬਾਅਦ ਗਿਆਨੀ ਜ਼ੈਲ ਸਿੰਘ ਨੇ ਤਰਲੋਚਨ ਸਿੰਘ ਦੀ ਡਿਊਟੀ ਲਗਾਈ ਕਿ ਉਹ ਅਕਾਲੀ ਆਗੂਆਂ ਨੂੰ ਰੋਕਣ। ਜਿਸ ਤੋਂ ਬਾਅਦ ਤਰਲੋਚਨ ਸਿੰਘ ਨੇ ਫੋਨ ‘ਤੇ ਦੋਹਾਂ ਦੀ ਗੱਲ ਕਰਵਾਈ ਪਰ ਪ੍ਰਕਾਸ਼ ਸਿੰਘ ਬਾਦਲ ਨਹੀਂ ਮੰਨੇ ਤੇ ਕਿਹਾ ਕਿ ਉਹ ਸੰਤ ਲੌਂਗੋਵਾਲ ਦੇ ਹੁਕਮਾਂ ਤੋਂ ਬਿਨਾਂ ਨਹੀਂ ਰੁਕ ਸਕਦੇ।Early life of Parkash Singh Badal
… ਜਦੋਂ PM ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਨੈਲਸਨ ਮੰਡੇਲਾ ਕਿਹਾ
2015 ਵਿੱਚ ਜੈ ਪ੍ਰਕਾਸ਼ ਨਰਾਇਣ ਦੀ 113ਵੀਂ ਬਰਸੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਉਨ੍ਹਾਂ ਨੂੰ ਭਾਰਤ ਦੇ ਨੈਸਲਨ ਮੰਡੇਲਾ ਕਹਿ ਕੇ ਸੰਬੋਧਨ ਕੀਤਾ ਸੀ। ਇਕ ਨਿੱਜੀ ਚੈਨਲ ਦੀ ਰਿਪੋਰਟ ਦੇ ਮੁਤਾਬਕ ਮੋਦੀ ਨੇ ਕਿਹਾ ਸੀ ਕਿ ਬਾਦਲ ਸਾਹਿਬ ਇੱਥੇ ਬੈਠੇ ਹਨ, ਇਹ ਭਾਰਤ ਦੇ ਨੈਲਸਨ ਮੰਡੇਲਾ ਹਨ। ਬਾਦਲ ਸਾਹਿਬ ਵਰਗੇ ਲੋਕਾਂ ਦਾ ਇੱਕੋਂ ਅਪਰਾਧ ਸੀ ਕਿ ਇਹ ਸੱਤਾਧਾਰੀਆਂ ਨਾਲੋਂ ਵੱਖਰੀ ਸੋਚ ਰੱਖਦੇ ਸਨ।
ਇਕਲੌਤੀ ਕੁੜੀ ਦੇ ਵਿਆਹ ‘ਤੇ ਵੀ ਜੇਲ੍ਹ ‘ਚ ਰਹੇ ਪ੍ਰਕਾਸ਼ ਸਿੰਘ ਬਾਦਲ
ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਵਾਰ-ਵਾਰ ਜੇਲ੍ਹ ਜਾਣਾ ਪਿਆ। ਪੰਜਾਹ ਅਤੇ ਸੂਬੇ ਤੋਂ ਬਾਹਰ ਕਈ ਸਾਰੀਆਂ ਵੱਡੀਆਂ ਜੇਲ੍ਹ ‘ਚ ਬਾਦਲ ਨੇ ਕਰੀਬ 16 ਸਾਲ ਤੱਕ ਦੀ ਕੈਦ ਕੱਟੀ ਹੈ। ਇਕਲੌਤੀ ਕੁੜੀ ਪਰਨੀਤ ਕੌਰ ਦੇ ਵਿਆਹ ਤੈਅ ਹੋਣ ਤੋਂ ਬਾਅਦ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਜੇਲ੍ਹ ਜਾਣਾ ਪਿਆ ਸੀ। ਉਸ ਵੇਲੇ ਉਹ ਕੁੜੀ ਦੇ ਵਿਆਹ ਦੀ ਦਲੀਲ ਪੇਸ਼ ਕਰਕੇ ਪਰੋਲ ‘ਤੇ ਰਿਹਾਅ ਹੋ ਸਕਦੇ ਸੀ ਪਰ ਉਹ ਜੇਲ੍ਹ ‘ਚ ਹੀ ਰਹੇ। ਪ੍ਰਕਾਸ਼ ਸਿੰਘ ਬਾਦਲ ਦੀ ਪਤਨੀ ਸੁਰਿੰਦਰ ਕੌਰ ਨੂੰ ਇਕੱਲਿਆਂ ਹੀ ਕੁੜੀ ਨੂੰ ਵਿਦਾ ਕਰਨਾ ਪਿਆ ਸੀ। ਆਖਰੀ ਸਾਹ ਤੱਕ ਪ੍ਰਕਾਸ਼ ਸਿੰਘ ਬਾਦਲ ਖ਼ੁਦ ਨੂੰ ਪਾਰਟੀ ਦਾ ਸਿਪਾਹੀ ਕਰਾਰ ਦਿੰਦੇ ਰਹੇ। ਫਰਵਰੀ 2022 ‘ਚ ਚੋਣਾਂ ਲੜਣ ‘ਤੇ ਉਨ੍ਹਾਂ ਕਿਹਾ ਸੀ ਕਿ ਪਾਰਟੀ ਦਾ ਹੁਕਮ ਮੇਰੇ ਲਈ ਸੁਪਰੀਮ ਹੈ ਤੇ ਪਾਰਟੀ ਦੇ ਹਰ ਹੁਕਮ ਦੀ ਪਾਲਣਾ ਮੈਂ ਆਖਰੀ ਸਾਹ ਤੱਕ ਕਰਨੀ ਹੈ।
ਪੰਜਾਬ ‘ਚ ਕਮਾਨ ਸੰਭਾਲਣ ਲਈ ਬਰਨਾਲਾ ਨੂੰ ਬਣਵਾਇਆ ਕੇਂਦਰੀ ਮੰਤਰੀ
ਪੰਜਾਬ ਦੀ ਸਿਆਸਤ ‘ਚ ਸਭ ਤੋਂ ਵੱਡਾ ਮੁਕਾਮ ਹਾਸਲ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਵੱਡੇ ਫ਼ੈਸਲੇ ਲੈਣ ਤੋਂ ਕਦੇ ਨਹੀਂ ਝਿੱਜਕੇ। 1977 ‘ਚ ਕੇਂਦ ‘ਚ ਮੋਰਾਰਜੀ ਦੇਸਾਈ ਸਰਕਾਰ ‘ਚ ਉਹ ਖੇਤੀ ਮੰਤਰੀ ਬਣੇ। ਉਸੇ ਸਾਲ ਪੰਜਾਬ ‘ਚ ਵਿਧਾਨ ਸਭਾ ਚੋਣਾਂ ਹੋਣ ‘ਤੇ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਆਪਣੀ ਥਾਂ ਸੁਰਜੀਤ ਸਿੰਘ ਬਰਨਾਲਾ ਨੂੰ ਖੇਤੀ ਮੰਤਰੀ ਬਣਵਾਇਆ। ਉਨ੍ਹਾਂ ਦੀ ਸਾਦਗੀ ਅਤੇ ਪਿਆਰ ਭਰੇ ਸੰਬੋਧਨ ‘ਤੇ ਵਿਰੋਧੀ ਵੀ ਕਾਇਲ ਸਨ। ਉਹ ਸੋਸ਼ਲ ਮੀਡੀਆ ਤੋਂ ਹਮੇਸ਼ਾ ਦੂਰ ਰਹੇ ਅਤੇ ਕਰੀਬੀਆਂ ਨਾਲ ਨਿੱਜੀ ਤੌਰ ‘ਤੇ ਮਿਲਣ ਤੇ ਫੋਨ ‘ਤੇ ਗੱਲ ਕਰਨ ‘ਚ ਯਕੀਨ ਰੱਖਦੇ ਸਨ। ਸਧਾਰਨ ਜੀਵਨ ਅਤੇ ਖਾਣ-ਪੀਣ ਉਨ੍ਹਾਂ ਦੀ ਜੀਵਨ ਸ਼ੈਲੀ ਸੀ। ਉਨ੍ਹਾਂ ਨੇ 1996 ਤੋਂ 2008 ਤੱਕ ਅਕਾਲੀ ਦਲ ਦੀ ਕਮਾਨ ਸੰਭਾਲੀ ਤੇ ਭਾਰਤੀ ਜਨਤਾ ਪਾਰਟੀ ਦੇ ਨਾਲ 24 ਸਾਲ ਤੱਕ ਗੱਠਜੋੜ ਨੂੰ ਵੀ ਬਾਖੂਬੀ ਨਿਭਾਇਆ।Early life of Parkash Singh Badal
ALSO READ :- ਸਿੱਧੂ ਵੱਲੋਂ ਭਗਵੰਤ ਮਾਨ ਦੀ ਤਰੀਫ, ਕਿਹਾ-ਚੰਗੇ ਕੰਮ ਆਪੇ ਬੋਲਦੇ ਹਨ…
ਪੰਥਕ ਸਿਆਸਤ ਤੇ ਬਾਦਲ
ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥਕ ਸਿਆਸਤ ਦਾ ਧੁਰਾ ਮੰਨਿਆ ਜਾਂਦਾ ਹੈ। ਅਕਾਲੀ ਦਲ ਦਾ ਗਠਨ ਸਿੱਖ ਕੌਮ ਦੀ ਸਿਆਸੀ ਨੁਮਾਇੰਦਗੀ ਲਈ ਕੀਤਾ ਗਿਆ ਸੀ ਪਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਨੂੰ ਪੰਜਾਬੀ ਪਾਰਟੀ ਵਜੋਂ ਹੋਰ ਮੋਕਲਾ ਕੀਤਾ। ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਤੋਂ ਪੰਥ ਰਤਨ ਫਖਰ-ਏ-ਕੌਮ ਦਾ ਸਨਮਾਨ ਦਿੱਤਾ ਗਿਆ। ਸਰਦਾਰ ਬਾਦਲ ਉੱਤੇ ਕਈ ਪੰਥਕ ਆਗੂ ਸਿੱਖੀ ਰਵਾਇਤਾਂ ਨੂੰ ਢਾਅ ਲਾਉਣ, ਆਪਣੇ ਨਿੱਜੀ ਹਿੱਤਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਨੂੰ ਵਰਤਣ ਦੇ ਦੋਸ਼ ਲਗਾਉਂਦੇ ਰਹੇ ਪਰ ਉਨ੍ਹਾਂ ਨੇ ਪੰਥਕ ਸਿਆਸਤ ਵਿਚ ਕਦੇ ਵੀ ਮਾਰ ਨਹੀਂ ਖਾਧੀ। 2012-2017 ਦੇ ਮੁੱਖ ਮੰਤਰੀ ਵਜੋਂ ਕਾਰਜਕਾਲ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਂਡ ਦੀਆਂ ਘਟਨਾਵਾਂ ਨੇ ਪੰਥਕ ਹਲਕਿਆਂ ਵਿਚ ਬਾਦਲ ਪਰਿਵਾਰ ਖ਼ਿਲਾਫ਼ ਰੋਸ ਨੂੰ ਸਿਖ਼ਰਾਂ ਉੱਤੇ ਪਹੁੰਚਾ ਦਿੱਤਾ। ਪ੍ਰਕਾਸ਼ ਸਿੰਘ ਬਾਦਲ ਆਪਣੇ ਮੰਤਰੀਆਂ ਅਤੇ ਲੀਡਰਸ਼ਿਪ ਨਾਲ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਭੁੱਲਾਂ ਵੀ ਬਖਸ਼ਾ ਕੇ ਆਏ ਪਰ ਇਸ ਦਾ ਕੋਈ ਖਾਸਾ ਅਸਰ ਨਹੀਂ ਹੋਇਆ, ਜਿਸ ਕਾਰਣ ਅਕਾਲੀ ਦਲ ਨੂੰ 2017 ਅਤੇ ਫਿਰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ।