Want a job?ਸਬਜ਼ੀ ਵੇਚਣ ਦਾ ਕੰਮ ਕਰੋਗੇ :- ਨਹੀਂ
ਫੱਲ ਫਰੂਟ ਦਾ ਕੰਮ ਕਰੋਗੇ :- ਨਹੀਂ
ਦੁਕਾਨ ਤੇ ਕੰਮ ਕਰੋਗੇ :- ਨਹੀਂ
ਡੋਰ ਟੂ ਡੋਰ ਮਾਰਕਟਿੰਗ :- ਨਹੀਂ
ਗੱਡੀ ਡਰਾਈਵਿੰਗ ਦਾ ਕੰਮ ਕਰੋਗੇ :- ਨਹੀਂ
ਅਖਬਾਰ ਜ਼ਾ ਇਸ਼ਤਿਹਾਰ ਦਾ ਕੰਮ :- ਨਹੀਂ
ਸਿੱਧੀ ਗੱਲ…
ਟਰੱਕ ਜ਼ਾ ਬੱਸ ਚਲਾਉਣੀ ਜਾਣਦੇ ਹੋ? :- ਨਹੀਂ
ਬਿਜਲੀ ਦਾ ਕੰਮ ਆਉਂਦਾ ਹੈ :- ਨਹੀਂ
ਬਾਇਕ ਜ਼ਾ ਕਾਰ ਰਿਪੇਅਰ ਦਾ ਕੰਮ ਆਉਂਦਾ ਹੈ :- ਨਹੀਂ
ਨਾਈ ਦਾ ਕੰਮ ਜਾਣਦੇ ਹੋ :- ਨਹੀਂ
ਫਿਰ ਤੈਨੂੰ ਆਉਂਦਾ ਕਿ ਹੈ ?
Want a job? ਮੈਂ B.A ਕੀਤੀ ਆ… ਹੁਣ ਨੌਕਰੀ ਨਹੀਂ ਮਿਲ ਰਹੀ.. ਨੌਕਰੀ ਦੀ ਤਲਾਸ਼ ਹੈ,,,
ਉਹ ਤਾਂ ਚੱਲ ਠੀਕ ਆ,, ਪਰ ਤੈਨੂੰ ਆਉਂਦਾ ਕਿ ਹੈ?
ਕੋਈ ਜਵਾਬ ਨਹੀਂ…🤔
ਸਿਰਫ਼ BA, BCom, BSc, BTech, MBA ਆਦਿ ਕਰਨ ਨਾਲ ਕੰਮ ਨਹੀਂ ਚੱਲਣਾ, ਜੇ ਨੌਕਰੀ ਨਹੀਂ ਮਿਲਦੀ ਤਾਂ ਕੁਝ ਕੰਮ ਵਾਲੇ ਹੁਨਰ ਵੀ ਸਿੱਖਣੇ ਜਰੂਰ ਚਾਹੀਦੇ ਨੇ,, ਹੱਥਾਂ ਚ ਗੁਣ ਹੋਣਾ ਬਹੁਤ ਜਰੂਰੀ ਏ…
ਨੌਕਰੀ ਨਹੀਂ ਮਿਲ ਰਹੀ, ਤਾਂ ਨੌਕਰੀ ਕਰਨ ਨਾਲੋਂ ਨੌਕਰੀਆਂ ਦੇਣ ਵਾਲੇ ਬਣ ਜਾਓ… Want a job?
ਪਰ ਇਸ ਦਾ ਇਕ ਪੱਖ ਇਹ ਵੀ ਹੈ ਕਿ ਇਹ ਨਾ ਸੋਚੋ ਕ ਅਸੀਂ ਪੜਨਾ ਹੀ ਨਹੀਂ
ਇਹ ਨਾ ਸੋਚੋ ਕਿ ਬੀ ਏ ਐਮ ਏ ਜਾਂ ਉਚੇਰੀ ਪੜਾਈ ਕਰਕੇ ਕੀ ਫ਼ਾਇਦਾ, ਨੌਕਰੀ ਤਾਂ ਮਿਲਣੀ ਨੀ, ਇੱਕ ਪੜੇ ਲਿਖੇ ਤੇ ਅਨਪੜ ਚ ਬਹੁਤ ਫਰਕ ਹੁੰਦਾ, ਰਹਿਣੀ ਬਹਿਣੀ ਸੋਚਣੀ ਦਾ, ਜਿੰਦਗੀ ਨੂੰ ਜਿਉਣ ਦੇ ਢੰਗ ਦਾ, ਲੋਕਾਂ ਚ ਵਿਚਰਣ ਦਾ, ਜਿੰਦਗੀ ਨੂੰ ਵੱਖਰੇ ਦਰਿਸ਼ਟੀਕੋਣ ਤੋਂ ਦੇਖਣ ਦਾ, ਜੇ ਥੋਡੇ ਪਿੰਡ ਚ ਪੰਜਾਹ ਗੱਭਰੂ ਆ, ਪੰਜਾਹ ਚੋਂ ਜੇ ਦਸ ਪੰਦਰਾਂ ਵੀ ਬੀਏ ਐਮ ਏ ਕਰਗੇ ਤਾਂ ਬਹੁਤ ਵੱਡੀ ਗੱਲ ਆ, ਬਾਕੀ ਓਹਨਾਂ ਨੂੰ ਦੇਖਕੇ ਝੇਪ ਮੰਨਣਗੇ, ਸ਼ਾਇਦ ਏਹ ਮੇਰੇ ਪਿੰਡ ਦੀ ਹਾਲਤ ਆ, ਸ਼ਾਇਦ ਇਹ ਸਾਰੇ ਪੰਜਾਬ ਦੀ ਹਾਲਤ ਆ,
ਪੜ ਲਿਖ ਕੇ ਡਿਗਰੀ ਕਰਕੇ, ਆਪਣੀ ਸੋਚ ਨੂੰ ਪਿੰਡ ਦੀ ਹੱਦ ਟੱਪਣ ਦਿਉ, ਜ਼ਮੀਨੀ ਗੇੜ ਫਸਲੀ ਗੇੜ ਚੋਂ ਨਿੱਕਲੋ, ਇੱਕ ਦਰੀ ਤੇ ਖੇਸ ਲੈਲੋ, ਤਿੰਨ ਪੰਜ ਹਜਾਰ ਦੀ ਜਿਹੜੀ ਨੌਕਰੀ ਮਿਲਦੀ ਆ ਕਰੋ, ਤੁਸੀਂ ਸ਼ੁਕਰਗੁਜਾਰ ਹੋਵੋ ਓਸ ਕੰਪਨੀ ਦੇ ਮਾਲਕ ਦੇ ਕਿ ਓਹਨੇ ਥੋਡੇ ਅਰਗੇ ਨੂੰ ਆਪਣੀ ਫੈਕਟਰੀ ਦੇ ਅੰਦਰ ਵੜਨ ਦਿੱਤਾ, ਫੈਕਟਰੀ ਦਾ ਸਾਰਾ ਪਰੋਸੈਸ, ਅਸੈਂਬਲੀ ਲਾਈਨ ਥੋਡੇ ਮੂਹਰੇ ਆ, ਸਾਰੇ ਸੰਦ ਗੇਜਾਂ ਮਸ਼ੀਨਾਂ ਥੋਡੇ ਕੋਲੇ ਆ, ਉੱਤੋਂ ਥੋਨੂੰ ਸਿੱਖਣ ਦੇ ਨਾਲ ਨਾਲ ਓਹ ਮਹੀਨੇ ਦੇ ਕੁਝ ਪੈਸੇ ਵੀ ਦੇ ਰਿਹੈ, ਹੋਰ ਕੀ ਚਾਹੀਦੈ, ਡੇਢ ਦੋ ਸਾਲ ਤਾਂ ਥੋਨੂੰ ਇਹ ਸਭ ਕੁਝ ਸਿੱਖਣ ਤੇ ਜਾਨਣ ਵਿੱਚ ਲੱਗ ਜਾਣਗੇ, ਨਾਲ ਨਾਲ ਕੁਛ ਹੋਰ ਪੜੋ, ਕੋਈ ਸੌਫਟਵੇਅਰ ਸਿੱਖੋ, ਕੋਈ ਨਵੀਂ ਟੈਕਨੌਲਜੀ ਸਿੱਖੋ, ਕਾਲਜੋਂ ਨਿਕਲਦਿਆਂ ਈ ਕੁਰਸੀ ਨਾ ਲੱਭੋ, ਮੈਂ ਆਪਣੇ ਹਿਸਾਬ ਨਾਲ ਗੱਲ ਕਰ ਰਿਹਾ ਸੀ ਜੇ ਤੁਸੀ ਇੰਜੀਨੀਅਰਿੰਗ ਪੜੀ ਹੈ,
ਜੇ ਬੀਏ ਐਮ ਐ ਆਲੇ ਜਾਂ ਦਸਮੀ ਬਾਹਰਵੀਂ ਆਲੇ ਓਂ, ਪਿੰਡ ਆਲੀ ਲਾਇਬਰੇਰੀ ਚ ਜਾਓ, ਕਿਤਾਬਾਂ ਪੜੋ, ਜੀਵਨੀਆਂ ਸਵੈ ਜੀਵਨੀਆਂ ਪੜੋ, ਰੂਸ ਦਾ ਇਤਿਹਾਸ ਪੜੋ, ਖਾਲਸੇ ਦੀ ਹਿਸਟਰੀ ਪੜੋ, ਚਾਦਰ ਦੇਖ ਕੇ ਪੈਰ ਪਸਾਰੋ, ਮੈ ਥੋਨੂੰ ਮੇਰੇ ਪਿੰਡੋਂ ਮੇਰੇ ਬਹੁਤ ਨੇੜਲੇ ਛੋਟੇ ਕਿਸਾਨਾਂ ਦੀ ਉਦਹਾਰਣ ਦੇ ਸਕਦਾਂ ਜਿਹੜੇ ਸੰਞਮ ਨਾਲ ਚਲਦੇ ਨੇ ਤੇ ਖੁਸ਼ ਨੇ l ਜ਼ਮੀਨ ਥੋੜੀ ਹੈ ਤਾਂ ਨਾਲ ਲਾਹੇਵੰਦ ਧੰਦੇ ਅਪਣਾਉੁ। ਕੋਈ ਹੁਨਰ ਸਿੱਖੋ ਤੇ ਆਪਣਾ ਬਿਜਨਸ ਕਰੋ । ਆਮਦਨੀ ਦੇ ਜ਼ਰੀਏ ਵਧਾਉ ।
also read: ਪੰਜਾਬੀ ਗਾਇਕ ਕਾਕਾ ਨੇ ਆਪਣੇ ਪਿੰਡ ਚੰਦੂਮਾਜਰਾ ਵਿੱਚ ਬਣਵਾਈ ਲਾਇਬ੍ਰੇਰੀ
ਪੰਜਾਬੀ ਗਾਣੇ ਤੇ ਫਿਲਮਾਂ ਦੇਖ ਕੇ ਦੋ ਚਾਰ ਮਿੰਟ ਸਕੂਨ ਮਿਲ ਸਕਦਾ, ਪਰ ਜੇ ਕਿਤਾਬਾਂ ਪੜੋਂਗੇ ਜਿੰਦਗੀ ਚ ਬਦਲਾਅ ਆਵੇਗਾ, ਸਬਜੀਆਂ ਬੀਜੋ, ਪਰਵਾਸੀ ਮਜਦੂਰਾਂ ਵਾਂਗੂ ਮੰਡੀ ਵੇਚਣ ਜਾਓ, ਧੌਣ ਚੋਂ ਜੱਟ ਜ਼ਿਮੀਦਾਰ ਪੰਜਾਬੀ ਆਲਾ ਸਰੀਆ ਕੱਢੋ, ਪਰਵਾਸੀ ਨਿੱਤ ਹਰੀ ਸਬਜੀ ਨੂੰ ਤੜਕਾ ਲਾਕੇ ਖਾਂਦੇ ਆ, ਓਹਨਾਂ ਕੋਲੇ ਕਿਹੜੇ ਕਿੱਲੇ ਨੇ, ਤੇ ਅਸੀਂ ਕੀ ਖਾਨੇ ਆਂ l
ਕਰਜ਼ਾ ਲੈਣ ਤੋਂ ਪਹਿਲਾਂ ਕਿਸੇ ਪੜੇ ਲਿਖੇ ਤੋਂ ਓਹਦੀ ਬੈਲੈਂਸ ਸ਼ੀਟ ਬਣਵਾਓ ਕਿ ਮੇਰੀ ਆਮਦਨ ਏਨੀ ਆ ਬੱਚਤ ਏਨੀ ਆ ਕੀ ਮੈਂ ਏਨਾ ਕਰਜ਼ ਲੈਕੇ ਮੋੜ ਸਕਦਾਂ, ਜੇ ਨਹੀਂ ਤਾਂ ਕਰਜ਼ਾ ਨਾ ਚੁੱਕੋ l ਅੱਡੀਆਂ ਚੁੱਕ ਕੇ ਫਾਹਾ ਨਾ ਲਉ , ਆਪਣੇ ਖ਼ਰਚੇ ਕੰਟਰੋਲ ਕਰੋ … ਕਰਜ਼ੇ ਤੋਂ ਬਚੋ । ਚਾਦਰ ਦੇਖ ਕੇ ਪੈਰ ਪਸਾਰੋ । ਜੇ ਜ਼ਿਆਦਾ ਹੀ ਜਨੂੰਨ ਹੈ ਪੈਰ ਪਸਾਰਨ ਦਾ ਤੇ ਮਿਹਨਤ ਨਾਲ ਆਪਣੀ ਚਾਦਰ ਦਾ ਦਾਇਰਾ ਵਧਾਉ ।
“ਨੌਕਰ ਕੀ ਤੇ ਨਖਰਾ ਕੀ”
ਬੜਾ ਮਸ਼ਹੂਰ ਅਖਾਣ ਹੈ ਕਿ “ਨੌਕਰ ਕੀ ਅਤੇ ਨਖਰਾ ਕੀ”। ਨੌਕਰੀ ਕੋਈ ਵੀ ਹੋਵੇ ਕਦੇ ਆਸਾਨ ਨਹੀਂ ਹੁੰਦੀਂ। ਕਿਉਂਕਿ ਤੁਹਾਡੇ ਉੱਪਰ ਵਾਲੇ ਅਹੁਦੇ ਤੇ ਕੋਈ ਨਾ ਕੋਈ ਜ਼ਰੂਰ ਹੁੰਦਾ ਹੈ ਜਿਸਦੇ ਤੁਸੀਂ ਨੌਕਰ ਬਣਦੇ ਹੋ ਅਤੇ ਉਸਦੇ ਨਿਰਦੇਸ਼ਾਂ ਅਨੁਸਾਰ ਕੱਮ ਕਰਦੇ ਹੋ। ਬੇਸ਼ਕ ਇਹ ਜ਼ਿੰਦਗੀ ਨੂੰ ਚਲਾਉਣ ਦੀ ਮਜਬੂਰੀ ਹੁੰਦੀਂ ਹੈ ਨਹੀਂ ਤਾਂ ਨੌਕਰ ਕੌਣ ਬਣਨਾ ਚਾਹੁੰਦਾ ਹੈ। ਜ਼ਿੰਦਗੀ ਦੇ ਖਰਚੇ ਚਲਾਉਣ ਲਈ ਅਸੀਂ ਆਪਣਾ ਵਕਤ ਵੇਚ ਦਿੰਦੇ ਹਾਂ ਜੋ ਖਰੀਦਣ ਵਾਲੇ ਦਾ ਹੋ ਜਾਂਦਾ ਹੈ ਅਤੇ ਉਹ ਉਸ ਵਕਤ ਵਿੱਚ ਸਾਡੇ ਤੋਂ ਆਪਣੇ ਕੱਮ ਕਰਵਾਉਂਦਾ ਹੈ।