ਫਿਰੋਜ਼ਪੁਰ, 8 ਜਨਵਰੀ 2024.
ਜ਼ਿਲ੍ਹੇ ਵਿੱਚ ਜਨੇਪੇ ਦੌਰਾਨ ਹੋਈਆਂ ਮੌਤਾਂ ਸਬੰਧੀ ਐਮ.ਡੀ.ਆਰ. ਕਮੇਟੀ ਦੀ ਮੀਟਿੰਗ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦਾ ਉਦੇਸ਼ ਗਰਭ ਦੌਰਾਨ, ਜਣੇਪੇ ਜਾਂ ਜਣੇਪੇ ਦੇ 42 ਦਿਨਾਂ ਦੇ ਅੰਦਰ ਹੋਣ ਵਾਲੀਆਂ ਔਰਤਾਂ ਦੀ ਮੌਤ ਦੇ ਕਾਰਨ ਲੱਭਣਾਂ ਅਤੇ ਮੌਤਾਂ ਨੂੰ ਰੋਕਣ ਦੀ ਰਣਨੀਤੀ ਤਿਆਰ ਕਰਨਾ ਸੀ।
ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਣੇਪੇ ਦੌਰਾਨ ਹੋਈਆਂ ਮੌਤਾਂ ਨੂੰ ਰੋਕਣ ਦੇ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਪਰ ਲੋੜ ਉਨਾਂ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਨ ਦੀ ਹੈ। ਉਨਾਂ ਕਿਹਾ ਕਿ ਗਰਭ ਅਵਸਥਾ ਅਤੇ ਜਣੇਪੇ ਦੌਰਾਨ ਕਿਸੇ ਵੀ ਔਰਤ ਨੂੰ ਸਿਹਤ ਸਬੰਧੀ ਮੁਸ਼ਕਿਲ ਆ ਸਕਦੀ ਹੈ ਪਰ ਜੇਕਰ ਸਮੇਂ ਸਿਰ ਉਸ ਨੂੰ ਹਸਪਤਾਲ ਪਹੁੰਚਾਇਆ ਜਾਵੇ ਤਾਂ ਜਲਦ ਇਲਾਜ ਸ਼ੁਰੂ ਕਰ ਸਮੱਸਿਆ ਨੂੰ ਗੰਭੀਰ ਰੂਪ ਧਾਰਨ ਕਰਨ ਤੋਂ ਰੋਕਿਆ ਜਾ ਸਕਦਾ ਹੈ। ਉਨ੍ਹਾ ਕਿਹਾ ਕਿ ਹਰ ਮਹੀਨੇ ਦੀ 9 ਤਰੀਕ ਨੂੰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਦੇ ਤਹਿਤ ਲੱਗਣ ਵਾਲੇ ਕੈਂਪਾਂ ਦੌਰਾਨ ਹਰੇਕ ਗਰਭਵਤੀ ਔਰਤ ਦੀ ਜਾਂਚ ਮਾਹਿਰ ਡਾਕਟਰ ਦੁਆਰਾ ਕੀਤੀ ਜਾਂਦੀ ਹੈ।
ਮੀਟਿੰਗ ਦੌਰਾਨ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਮਨਦੀਪ ਕੌਰ ਨੇ ਕਿਹਾ ਕਿ ਮਾਇਗ੍ਰੇਟਰੀ ਜਾਂ ਹਾਈ ਰਿਸਕ ਇਲਾਕਿਆਂ ਵਿੱਚ ਰਹਿਣ ਵਾਲੀਆਂ ਗਰਭਵਤੀ ਔਰਤਾਂ ਦਾ ਜਲਦ ਤੋਂ ਜਲਦ ਰਜਿਸਟ੍ਰੇਸ਼ਨ ਕਰਕੇ ਉਨਾਂ ਦੀ ਡਾਕਟਰੀ ਜਾਂਚ ਕਰਵਾਈ ਜਾਵੇ ਅਤੇ ਅਜਿਹਾ ਕਰ ਕੇ ਉਨਾਂ ਨੂੰ ਜਣੇਪੇ ਦੌਰਾਨ ਹੋਣ ਵਾਲੀਆਂ ਮੁਸ਼ਕਲਾਂ ਅਤੇ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਜੱਚਾ ਅਤੇ ਬੱਚਾ ਦੀ ਦੇਖਭਾਲ ਲਈ ਚੱਲ ਰਹੀਆਂ ਵੱਖ-ਵੱਖ ਯੋਜਨਾਵਾਂ ਨੂੰ ਘਰ-ਘਰ ਅਤੇ ਹਰ ਤਬਕੇ ਦੇ ਲੋਕਾਂ ਤੱਕ ਪਹੁੰਚਾਇਆ ਜਾਣਾ ਜ਼ਰੂਰੀ ਹੈ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਸੁਸ਼ਮਾ ਠੱਕਰ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਮਨਦੀਪ ਕੌਰ, ਗਾਇਨੀ ਡਾ. ਪੂਜਾ, ਡਾ. ਜਤਿੰਦਰ ਮੈਡੀਕਲ ਸਪੇਸ਼ਲਿਸਟ, ਡਾ. ਵਿਸ਼ਾਲ ਅਨੈਸਥੀਸੀਆ ਅਤੇ ਕੇਸਾਂ ਨਾਲ ਸਬੰਧਤ ਵੱਖ-ਵੱਖ ਹਸਪਤਾਲਾਂ ਦੇ ਨੁਮਾਇਂਦੇ ਅਤੇ ਸਬੰਧਤ ਸਟਾਫ ਹਾਜਰ ਸੀ।